ਦਿਲਜੀਤ ਨੇ ਮੰਗਲਵਾਰ ਨੂੰ ਇੰਸਟਾਗ੍ਰਾਮ ‘ਤੇ ਲਾਈਵ ਹੋ ਕੇ ਪ੍ਰਸ਼ੰਸਕਾਂ ਨਾਲ ਗੱਲਬਾਤ ਕੀਤੀ ਅਤੇ ਕੰਸਰਟ ਰੱਦ ਹੋਣ ਦੀਆਂ ਖ਼ਬਰਾਂ ਨੂੰ ਗਲਤ ਦੱਸਿਆ। ਆਪਣੇ ਖ਼ਾਸ ਮਜ਼ਾਕੀਆ ਅੰਦਾਜ਼ ਵਿੱਚ ਉਨ੍ਹਾਂ ਨੇ ਕੁਝ ਨਿਊਜ਼ ਚੈਨਲਾਂ ‘ਤੇ ਵੀ ਤਨਜ਼ ਕੱਸਿਆ ਅਤੇ ਕਿਹਾ ਕਿ ਖ਼ਬਰਾਂ ਨੂੰ ਸਨਸਨੀਖੇਜ਼ ਬਣਾਉਣ ਲਈ ਉਨ੍ਹਾਂ ਵਿੱਚ ਆਪਣਾ ਮਸਾਲਾ ਜੋੜ ਦਿੱਤਾ ਗਿਆ ਹੈ।
ਦਿਲਜੀਤ ਨੇ ਕਿਹਾ- 15 ਨਵੰਬਰ ਨੂੰ 101 ਫੀਸਦੀ ਆਵਾਂਗਾ
ਇੰਸਟਾਗ੍ਰਾਮ ਲਾਈਵ ਦੌਰਾਨ ਦਿਲਜੀਤ ਦੋਸਾਂਝ ਨੇ ਆਪਣੇ ਪ੍ਰਸ਼ੰਸਕਾਂ ਨੂੰ ਭਰੋਸਾ ਦਿਵਾਇਆ ਕਿ ਇੰਦੌਰ ਦਾ ਕੰਸਰਟ ਤੈਅ ਪ੍ਰੋਗਰਾਮ ਅਨੁਸਾਰ ਹੀ ਹੋਵੇਗਾ।ਉਨ੍ਹਾਂ ਨੇ ਕਿਹਾ, “15 ਤਾਰੀਖ਼ ਕੋ ਇੰਦੌਰ ਆ ਰਹੇ ਹੈਂ, 101 ਪਰਸੈਂਟ ਆ ਰਹੇ ਹੈਂ! ਸਬਸੇ ਪਹਿਲੇ ਆਕਰ ਪੋਹਾ ਖਾਏਂਗੇ, ਫਿਰ ਐਨਰਜੀ ਲੇਕਰ ਫਿਰ ਚੱਕ ਦੇ ਫੱਟੇ।”ਦਿਲਜੀਤ ਨੇ ਅੱਗੇ ਕਿਹਾ ਕਿ ਕੋਈ ਕੁਝ ਵੀ ਕਹੇ, ਉਹ 15 ਨਵੰਬਰ ਨੂੰ ਇੰਦੌਰ ਵਿੱਚ ਆਪਣੇ ਪ੍ਰਸ਼ੰਸਕਾਂ ਨੂੰ ਜ਼ਰੂਰ ਮਿਲਣਗੇ। ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੀ ਗੱਲ ‘ਤੇ ਵਿਸ਼ਵਾਸ ਰੱਖਣ।
ਨਸ਼ੇ ਅਤੇ ਸ਼ਰਾਬ ਵਾਲੇ ਗੀਤਾਂ ਨੂੰ ਲੈ ਕੇ ਵੀ ਵਿਵਾਦ
ਦਿਲਜੀਤ ਦੋਸਾਂਝ ਦਾ ਇੰਦੌਰ ਕੰਸਰਟ ਸਿਰਫ਼ ਰੱਦ ਹੋਣ ਦੀਆਂ ਅਫ਼ਵਾਹਾਂ ਕਰਕੇ ਹੀ ਨਹੀਂ, ਸਗੋਂ ਗੀਤਾਂ ਨੂੰ ਲੈ ਕੇ ਵੀ ਚਰਚਾ ਵਿੱਚ ਹੈ।ਰਿਪੋਰਟਾਂ ਮੁਤਾਬਕ, ਸਮਾਗਮ ਦੇ ਪ੍ਰਬੰਧਕਾਂ ਅਤੇ ਸਥਾਨ ਦੇ ਅਧਿਕਾਰੀਆਂ ਨੂੰ ਅਜਿਹੇ ਗੀਤ ਨਾ ਗਾਉਣ ਸਬੰਧੀ ਹਦਾਇਤਾਂ ਦਿੱਤੀਆਂ ਗਈਆਂ ਹਨ, ਜੋ ਨਸ਼ਿਆਂ, ਸ਼ਰਾਬ ਜਾਂ ਹਥਿਆਰਾਂ ਨੂੰ ਉਤਸ਼ਾਹਿਤ ਕਰਦੇ ਹੋਣ।
ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਜ਼ਿਲ੍ਹਾ ਅਧਿਕਾਰੀ ਰਜਨੀਸ਼ ਸਿਨਹਾ ਨੇ ਦੱਸਿਆ ਕਿ ਉਨ੍ਹਾਂ ਨੂੰ ਚੰਡੀਗੜ੍ਹ ਤੋਂ ਇਸ ਸਬੰਧੀ ਇੱਕ ਪੱਤਰ ਮਿਲਿਆ ਸੀ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਪ੍ਰਬੰਧਕਾਂ ਨੂੰ ਅਜਿਹੇ ਗੀਤ ਨਾ ਗਾਉਣ ਲਈ ਲਿਖਤੀ ਤੌਰ ‘ਤੇ ਕਿਹਾ ਗਿਆ ਹੈ, ਜਿਨ੍ਹਾਂ ਦਾ ਬੱਚਿਆਂ ‘ਤੇ ਨਕਾਰਾਤਮਕ ਪ੍ਰਭਾਵ ਪੈ ਸਕਦਾ ਹੈ।
Aura Tour ਨਾਲ ਭਾਰਤ ਵਿੱਚ ਧਮਾਲ ਮਚਾ ਰਹੇ ਹਨ ਦਿਲਜੀਤ
ਜ਼ਿਕਰਯੋਗ ਹੈ ਕਿ ਦਿਲਜੀਤ ਦੋਸਾਂਝ ਨੇ 30 ਅਕਤੂਬਰ ਨੂੰ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਸ਼ਾਨਦਾਰ ਕੰਸਰਟ ਨਾਲ ਆਪਣੇ ‘Aura Tour’ ਦੇ ਭਾਰਤੀ ਦੌਰੇ ਦੀ ਸ਼ੁਰੂਆਤ ਕੀਤੀ ਸੀ।
ਇਸ ਸ਼ੋਅ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਪ੍ਰਸ਼ੰਸਕ ਪਹੁੰਚੇ ਸਨ। ਦਿਲਜੀਤ ਨੇ ਆਪਣੇ ਮਸ਼ਹੂਰ ਗੀਤਾਂ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ।ਉਨ੍ਹਾਂ ਨੇ ‘G.O.A.T.’, ‘ਇੱਕ ਕੁੜੀ’, ‘ਲਲਕਾਰਾ’, ‘ਇਸ਼ਕ ਦੀ ਬਾਜ਼ੀਆਂ’, ‘ਨੈਣਾ’, ‘ਕਿੰਨੀ ਕਿੰਨੀ’, ‘ਕੇਸ’, ‘ਪੰਜਤਾਰਾ’, ‘ਹੱਸ ਹੱਸ’ ਅਤੇ ‘ਵਾਟਰ’ ਵਰਗੇ ਗੀਤ ਪੇਸ਼ ਕੀਤੇ। ਇਸ ਤੋਂ ਇਲਾਵਾ ‘ਸਾਂਸੋਂ ਕੀ ਮਾਲਾ’ ਗੀਤ ਨੇ ਵੀ ਦਰਸ਼ਕਾਂ ਦਾ ਖਾਸ ਧਿਆਨ ਖਿੱਚਿਆ।
ਹੁਣ 15 ਨਵੰਬਰ ਨੂੰ ਇੰਦੌਰ ਵਿੱਚ ਹੋਵੇਗਾ ਕੰਸਰਟ
ਦਿਲਜੀਤ ਦੇ ਬਿਆਨ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਵਿੱਚ ਉਤਸ਼ਾਹ ਵਧ ਗਿਆ ਹੈ। ਗਾਇਕ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ 15 ਨਵੰਬਰ ਨੂੰ ਇੰਦੌਰ ਦੇ 21 ਬਿਜ਼ਨਸ ਪਾਰਕ ਵਿੱਚ ਆਪਣੇ ਪ੍ਰਸ਼ੰਸਕਾਂ ਦੇ ਰੂਬਰੂ ਹੋਣਗੇ।ਹੁਣ ਸਾਰਿਆਂ ਦੀਆਂ ਨਜ਼ਰਾਂ ਇਸ ਕੰਸਰਟ ‘ਤੇ ਟਿਕੀਆਂ ਹੋਈਆਂ ਹਨ ਕਿ ਦਿਲਜੀਤ ਆਪਣੇ Aura Tour ਦੌਰਾਨ ਇੰਦੌਰ ਵਿੱਚ ਕਿਹੋ ਜਿਹਾ ਧਮਾਕੇਦਾਰ ਪ੍ਰਦਰਸ਼ਨ ਕਰਦੇ ਹਨ।
