ਦੱਸਿਆ ਜਾ ਰਿਹਾ ਹੈ ਕਿ ਇਸ ਕੰਸਰਟ ਵਿੱਚ 70 ਹਜ਼ਾਰ ਤੋਂ ਵੱਧ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਇਸੇ ਕਾਰਨ ਪ੍ਰਸ਼ਾਸਨ ਵੱਲੋਂ ਭੀੜ ਦੀ ਸੁਰੱਖਿਆ ਅਤੇ ਐਮਰਜੈਂਸੀ ਪ੍ਰਬੰਧਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਪ੍ਰਬੰਧਕਾਂ ਨੇ ਸਮਾਗਮ ਲਈ ਫਾਇਰ ਐਨਓਸੀ ਵਾਸਤੇ ਅਰਜ਼ੀ ਦਿੱਤੀ ਸੀ, ਜਿਸ ਤੋਂ ਬਾਅਦ ਅਹਿਮਦਾਬਾਦ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਦੀ ਟੀਮ ਨੇ ਸਟੇਡੀਅਮ ਦਾ ਨਿਰੀਖਣ ਕੀਤਾ।
44 ਬੰਦ ਐਗਜ਼ਿਟ ਗੇਟਾਂ ‘ਤੇ ਫਾਇਰ ਵਿਭਾਗ ਦਾ ਇਤਰਾਜ਼
ਸ਼ੁਰੂਆਤੀ ਜਾਂਚ ਦੌਰਾਨ ਫਾਇਰ ਵਿਭਾਗ ਨੇ ਸਟੇਡੀਅਮ ਦੇ 44 ਬੰਦ ਐਗਜ਼ਿਟ ਪੁਆਇੰਟਾਂ ਨੂੰ ਲੈ ਕੇ ਸਖ਼ਤ ਇਤਰਾਜ਼ ਜਤਾਇਆ ਹੈ। ਅਧਿਕਾਰੀਆਂ ਨੇ ਪ੍ਰਬੰਧਕਾਂ ਤੋਂ ਸਪੱਸ਼ਟੀਕਰਨ ਮੰਗਿਆ ਹੈ ਕਿ ਇਨ੍ਹਾਂ ਗੇਟਾਂ ਦੀਆਂ ਚਾਬੀਆਂ ਕਿਸ ਕੋਲ ਰਹਿਣਗੀਆਂ ਅਤੇ ਐਮਰਜੈਂਸੀ ਦੀ ਸਥਿਤੀ ਵਿੱਚ ਇਨ੍ਹਾਂ ਨੂੰ ਖੋਲ੍ਹਣ ਲਈ ਕਿਹੜੇ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਜਾਣਗੇ।
ਵਿਭਾਗ ਦਾ ਕਹਿਣਾ ਹੈ ਕਿ ਜੇਕਰ ਕੰਸਰਟ ਦੌਰਾਨ ਕੋਈ ਹੰਗਾਮੀ ਸਥਿਤੀ ਪੈਦਾ ਹੁੰਦੀ ਹੈ ਤਾਂ ਲੋਕਾਂ ਨੂੰ ਸੁਰੱਖਿਅਤ ਢੰਗ ਨਾਲ ਬਾਹਰ ਕੱਢਣ ਲਈ ਸਾਰੇ ਐਗਜ਼ਿਟ ਪੁਆਇੰਟਾਂ ਦਾ ਸਹੀ ਪ੍ਰਬੰਧ ਹੋਣਾ ਜ਼ਰੂਰੀ ਹੈ।
300 ਤੋਂ ਵੱਧ ਅੱਗ ਬੁਝਾਊ ਯੰਤਰ ਅਤੇ 50 ਫਾਇਰ ਮਾਰਸ਼ਲ ਹੋਣਗੇ ਤਾਇਨਾਤ
ਦੂਜੇ ਪਾਸੇ, ਪ੍ਰਬੰਧਕਾਂ ਨੇ ਸੁਰੱਖਿਆ ਪ੍ਰਬੰਧਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੰਸਰਟ ਦੌਰਾਨ 300 ਤੋਂ ਵੱਧ ਪੋਰਟੇਬਲ ਅੱਗ ਬੁਝਾਊ ਯੰਤਰ ਅਤੇ 50 ਸਿਖਲਾਈ ਪ੍ਰਾਪਤ ਫਾਇਰ ਮਾਰਸ਼ਲ ਤਾਇਨਾਤ ਕਰਨ ਦੀ ਯੋਜਨਾ ਹੈ।
ਇਸ ਤੋਂ ਇਲਾਵਾ ਫਾਇਰ ਵਿਭਾਗ ਵੱਲੋਂ ਵੀ ਕਰੀਬ 50 ਕਰਮਚਾਰੀਆਂ ਦੀ ਟੀਮ ਨਾਲ ਪੰਜ ਐਮਰਜੈਂਸੀ ਵਾਹਨ ਤਾਇਨਾਤ ਕੀਤੇ ਜਾਣਗੇ। ਇਨ੍ਹਾਂ ਵਿੱਚ ਦੋ ਮਿੰਨੀ ਫਾਇਰ ਫਾਈਟਰ, ਦੋ ਪਾਣੀ ਦੇ ਟੈਂਕਰ ਅਤੇ ਇੱਕ ਐਮਰਜੈਂਸੀ ਰੈਸਕਿਊ ਟੈਂਡਰ ਸ਼ਾਮਲ ਹੋਣਗੇ।
19 ਜਾਂ 20 ਨਵੰਬਰ ਨੂੰ ਹੋਵੇਗੀ ਅੰਤਿਮ ਜਾਂਚ
ਫਾਇਰ ਵਿਭਾਗ ਦੇ ਅਧਿਕਾਰੀਆਂ ਮੁਤਾਬਕ, ਸਟੇਜ ਦੀ ਉਸਾਰੀ ਅਜੇ ਜਾਰੀ ਹੈ ਅਤੇ ਇਸ ਨੂੰ ਅੰਤਿਮ ਮਨਜ਼ੂਰੀ ਮਿਲਣੀ ਬਾਕੀ ਹੈ। ਅਧਿਕਾਰਤ ਫਾਇਰ ਐਨਓਸੀ ਜਾਰੀ ਕਰਨ ਤੋਂ ਪਹਿਲਾਂ ਸਟੇਡੀਅਮ ਦਾ ਮੁੜ ਨਿਰੀਖਣ ਕੀਤਾ ਜਾਵੇਗਾ ਅਤੇ ਮੌਕ ਡ੍ਰਿਲ ਵੀ ਕਰਵਾਈ ਜਾਵੇਗੀ।
ਇਹ ਪ੍ਰਕਿਰਿਆ 19 ਜਾਂ 20 ਨਵੰਬਰ ਨੂੰ ਪੂਰੀ ਹੋਣ ਦੀ ਉਮੀਦ ਹੈ। ਇਸ ਤੋਂ ਬਾਅਦ ਹੀ ਫਾਇਰ ਵਿਭਾਗ ਵੱਲੋਂ ਐਨਓਸੀ ਜਾਰੀ ਕਰਨ ਬਾਰੇ ਫੈਸਲਾ ਲਿਆ ਜਾਵੇਗਾ।
ਹੁਣ ਸਭ ਦੀਆਂ ਨਜ਼ਰਾਂ ਫਾਇਰ ਵਿਭਾਗ ਦੀ ਅੰਤਿਮ ਜਾਂਚ ‘ਤੇ ਟਿਕੀਆਂ ਹੋਈਆਂ ਹਨ। ਦੇਖਣਾ ਹੋਵੇਗਾ ਕਿ ਸੁਰੱਖਿਆ ਪ੍ਰਬੰਧਾਂ ਵਿੱਚ ਲੋੜੀਂਦੇ ਸੁਧਾਰਾਂ ਤੋਂ ਬਾਅਦ ਦਿਲਜੀਤ ਦੋਸਾਂਝ ਦੇ ਅਹਿਮਦਾਬਾਦ ਕੰਸਰਟ ਨੂੰ ਹਰੀ ਝੰਡੀ ਮਿਲਦੀ ਹੈ ਜਾਂ ਨਹੀਂ।
