ਕੈਨੇਡਾ ਦੇ ‘ਬੋਲੋ ਪ੍ਰੋਗਰਾਮ’ (BOLO Program) ਤਹਿਤ ਜਾਰੀ ਕੀਤੀ ਗਈ ਦੇਸ਼ ਦੇ 25 ਸਭ ਤੋਂ ਵੱਧ ਲੋੜੀਂਦੇ ਭਗੌੜਿਆਂ ਦੀ ਨਵੀਂ ਸੂਚੀ ਵਿੱਚ ਗੋਲਡੀ ਬਰਾੜ ਨੂੰ ਪਹਿਲੇ ਨੰਬਰ ‘ਤੇ ਰੱਖਿਆ ਗਿਆ ਹੈ। ਉਸ ਦਾ ਅਸਲੀ ਨਾਮ ਸਤਿੰਦਰਜੀਤ ਸਿੰਘ ਹੈ। ਉਹ ਕੈਨੇਡਾ ਦੇ ਵਿਨੀਪੈੱਗ ਸ਼ਹਿਰ ਵਿੱਚ ਸਾਲ 2023 ਦੌਰਾਨ ਹੋਏ ਇੱਕ ਕਤਲ ਦੇ ਮਾਮਲੇ ਵਿੱਚ ਪੁਲਿਸ ਨੂੰ ਲੋੜੀਂਦਾ ਹੈ।
ਵਿਨੀਪੈੱਗ ਕਤਲ ਮਾਮਲੇ ‘ਚ ਗੋਲਡੀ ਬਰਾੜ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ
ਵਿਨੀਪੈੱਗ ਪੁਲਿਸ ਅਨੁਸਾਰ 20 ਸਤੰਬਰ 2023 ਨੂੰ ਸ਼ਹਿਰ ਦੇ ਕੈਸਲਬਰੀ ਮੀਡੋਜ਼ ਇਲਾਕੇ ਵਿੱਚ ਗੋਲੀਬਾਰੀ ਹੋਈ ਸੀ। ਇਸ ਘਟਨਾ ਵਿੱਚ 39 ਸਾਲਾ ਸੁਖਦੂਲ ਸਿੰਘ ਗਿੱਲ ਦੀ ਮੌਤ ਹੋ ਗਈ ਸੀ। ਇਸ ਮਾਮਲੇ ਦੀ ਜਾਂਚ ਲਈ ਪੁਲਿਸ ਨੇ ‘ਪ੍ਰੋਜੈਕਟ ਕ੍ਰੇਟ’ ਸ਼ੁਰੂ ਕੀਤਾ ਸੀ।
ਜਾਂਚ ਤੋਂ ਬਾਅਦ ਗੋਲਡੀ ਬਰਾੜ ਅਤੇ ਉਸ ਦੇ ਕਥਿਤ ਸਾਥੀ 26 ਸਾਲਾ ਕਰਨਬੀਰ ਸਿੰਘ ਖ਼ਿਲਾਫ਼ ਪਹਿਲੇ ਦਰਜੇ ਦੇ ਕਤਲ ਅਤੇ ਕਤਲ ਦੀ ਸਾਜ਼ਿਸ਼ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਸਨ। ਦੋਵੇਂ ਮੁਲਜ਼ਮ ਅਜੇ ਵੀ ਫ਼ਰਾਰ ਹਨ।
ਗੋਲਡੀ ਬਰਾੜ ਨੂੰ ਦੱਸਿਆ ਬੇਹੱਦ ਖ਼ਤਰਨਾਕ
ਵਿਨੀਪੈੱਗ ਪੁਲਿਸ ਦੇ ਡਿਪਟੀ ਚੀਫ਼ ਕੈਮ ਮੈਕਕਿਡ ਨੇ ਗੋਲਡੀ ਬਰਾੜ ਨੂੰ ਬੇਹੱਦ ਖ਼ਤਰਨਾਕ ਵਿਅਕਤੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਉਸ ਨਾਲ ਜੁੜੇ ਕਥਿਤ ਅਪਰਾਧਾਂ ਦਾ ਪ੍ਰਭਾਵ ਕਿਸੇ ਇੱਕ ਸ਼ਹਿਰ ਜਾਂ ਦੇਸ਼ ਤੱਕ ਸੀਮਤ ਨਹੀਂ ਹੈ।
ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਗੋਲਡੀ ਬਰਾੜ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹ ਤੁਰੰਤ ਪੁਲਿਸ ਨਾਲ ਸੰਪਰਕ ਕਰਨ। ਇਸ ਦੇ ਨਾਲ ਹੀ ਲੋਕਾਂ ਨੂੰ ਉਸ ਨੂੰ ਖ਼ੁਦ ਫੜਨ ਦੀ ਕੋਸ਼ਿਸ਼ ਨਾ ਕਰਨ ਦੀ ਚਿਤਾਵਨੀ ਵੀ ਦਿੱਤੀ ਗਈ ਹੈ।
ਅਮਰੀਕਾ ਨੇ ਵੀ ਰੱਖਿਆ ਹੈ 10 ਲੱਖ ਡਾਲਰ ਦਾ ਇਨਾਮ
ਗੋਲਡੀ ਬਰਾੜ ਲਈ ਸਿਰਫ਼ ਕੈਨੇਡਾ ਹੀ ਨਹੀਂ, ਸਗੋਂ ਅਮਰੀਕਾ ਵਿੱਚ ਵੀ ਕਾਨੂੰਨੀ ਮੁਸ਼ਕਲਾਂ ਵਧੀਆਂ ਹੋਈਆਂ ਹਨ। ਅਮਰੀਕਾ ਦੀ ਸੰਘੀ ਜਾਂਚ ਏਜੰਸੀ FBI ਨੇ ਸਤੰਬਰ 2026 ਵਿੱਚ ਉਸ ਨੂੰ ਆਪਣੀ 10 ਸਭ ਤੋਂ ਵੱਧ ਲੋੜੀਂਦੇ ਭਗੌੜਿਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਸੀ।
ਅਮਰੀਕਾ ਵਿੱਚ ਉਸ ਖ਼ਿਲਾਫ਼ ਰੈਕਟੀਅਰਿੰਗ, ਜਬਰੀ ਵਸੂਲੀ ਅਤੇ ਨਸ਼ਿਆਂ ਦੀ ਤਸਕਰੀ ਨਾਲ ਸਬੰਧਤ ਦੋਸ਼ ਹਨ। ਉਸ ਦੀ ਗ੍ਰਿਫ਼ਤਾਰੀ ਵਿੱਚ ਮਦਦਗਾਰ ਜਾਣਕਾਰੀ ਦੇਣ ਵਾਲੇ ਲਈ 10 ਲੱਖ ਅਮਰੀਕੀ ਡਾਲਰ ਤੱਕ ਦਾ ਇਨਾਮ ਐਲਾਨਿਆ ਗਿਆ ਹੈ। ਭਾਰਤ ਵਿੱਚ ਵੀ ਉਹ ਕਈ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਹੈ।
ਕੈਨੇਡਾ ਦੀ ਮੋਸਟ ਵਾਂਟੇਡ ਸੂਚੀ ਵਿੱਚ ਹੋਰ ਪੰਜਾਬੀ ਨਾਮ ਵੀ ਸ਼ਾਮਲ
ਕੈਨੇਡਾ ਵੱਲੋਂ ਜਾਰੀ ਕੀਤੀ ਗਈ 25 ਸਭ ਤੋਂ ਵੱਧ ਲੋੜੀਂਦੇ ਭਗੌੜਿਆਂ ਦੀ ਸੂਚੀ ਵਿੱਚ ਗੋਲਡੀ ਬਰਾੜ ਤੋਂ ਇਲਾਵਾ ਦੋ ਹੋਰ ਪੰਜਾਬੀ ਨਾਮ ਵੀ ਸ਼ਾਮਲ ਹਨ। ਮਨਪ੍ਰੀਤ ਸਿੰਘ ਨੂੰ ਇਸ ਸੂਚੀ ਵਿੱਚ ਅੱਠਵਾਂ ਅਤੇ ਗੁਰਕੀਰਤ ਸਿੰਘ ਨੂੰ 23ਵਾਂ ਸਥਾਨ ਦਿੱਤਾ ਗਿਆ ਹੈ।
ਮਨਪ੍ਰੀਤ ਸਿੰਘ ਬਰੈਂਪਟਨ ਵਿੱਚ ਸਾਲ 2025 ਦੌਰਾਨ ਹੋਈ ਗੋਲੀਬਾਰੀ ਅਤੇ ਕਤਲ ਦੇ ਮਾਮਲੇ ਵਿੱਚ ਪੁਲਿਸ ਨੂੰ ਲੋੜੀਂਦਾ ਹੈ, ਜਦਕਿ ਗੁਰਕੀਰਤ ਸਿੰਘ ਬ੍ਰਿਟਿਸ਼ ਕੋਲੰਬੀਆ ਵਿੱਚ ਨਾਬਾਲਗ ਨਾਲ ਜਿਨਸੀ ਦਖ਼ਲਅੰਦਾਜ਼ੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ।
ਇਸ ਵਾਰ ਬੋਲੋ ਪ੍ਰੋਗਰਾਮ ਵੱਲੋਂ ਭਗੌੜਿਆਂ ਦੀ ਪਛਾਣ ਕਰਨ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਮਦਦ ਨਾਲ ਤਿਆਰ ਕੀਤੇ ਗਏ ਡਿਜੀਟਲ ਚਿਹਰੇ ਅਤੇ ਵੀਡੀਓ ਵੀ ਜਾਰੀ ਕੀਤੇ ਗਏ ਹਨ।
ਬੋਲੋ ਪ੍ਰੋਗਰਾਮ ਦੇ ਕਾਰਜਕਾਰੀ ਡਾਇਰੈਕਟਰ ਮੈਕਸ ਲੈਂਗਲੋਆ ਨੇ ਕਿਹਾ ਕਿ ਲੋਕਾਂ ਵਿੱਚ ਜਾਗਰੂਕਤਾ ਵਧਣ ਨਾਲ ਭਗੌੜਿਆਂ ਲਈ ਲੁਕ ਕੇ ਰਹਿਣਾ ਮੁਸ਼ਕਲ ਹੋ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਲੋੜੀਂਦੇ ਵਿਅਕਤੀ ਬਾਰੇ ਜਾਣਕਾਰੀ ਮਿਲਣ ‘ਤੇ ਪੁਲਿਸ ਨੂੰ ਸੂਚਿਤ ਕੀਤਾ ਜਾਵੇ।
ਹੁਣ ਗੋਲਡੀ ਬਰਾੜ ਦਾ ਨਾਮ ਭਾਰਤ, ਅਮਰੀਕਾ ਅਤੇ ਕੈਨੇਡਾ ਦੀਆਂ ਜਾਂਚ ਏਜੰਸੀਆਂ ਦੀਆਂ ਕਾਰਵਾਈਆਂ ਵਿੱਚ ਸਾਹਮਣੇ ਆਉਣ ਨਾਲ ਉਸ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਅੰਤਰਰਾਸ਼ਟਰੀ ਪੱਧਰ ‘ਤੇ ਚਰਚਾ ਤੇਜ਼ ਹੋ ਗਈ ਹੈ।
