ਤਕਨੀਕੀ ਖਰਾਬੀ ਕਾਰਨ ਜਹਾਜ਼ ਹੋਇਆ ਕ੍ਰੈਸ਼
ਰੂਸੀ ਸਰਕਾਰੀ ਸਮਾਚਾਰ ਏਜੰਸੀ RIA ਮੁਤਾਬਕ, ਮੁੱਢਲੀ ਜਾਂਚ ਵਿੱਚ ਹਾਦਸੇ ਦਾ ਕਾਰਨ ਤਕਨੀਕੀ ਖਰਾਬੀ ਦੱਸਿਆ ਜਾ ਰਿਹਾ ਹੈ। ਰੱਖਿਆ ਮੰਤਰਾਲੇ ਨੇ ਕਿਹਾ ਕਿ ਜਹਾਜ਼ ਇੱਕ ਸੁੰਨਸਾਨ ਇਲਾਕੇ ਵਿੱਚ ਜਾ ਡਿੱਗਿਆ।ਹਾਦਸੇ ਤੋਂ ਬਾਅਦ ਮੌਕੇ ‘ਤੇ ਅੱਗ ਲੱਗ ਗਈ ਸੀ, ਜਿਸ ਨੂੰ ਐਮਰਜੈਂਸੀ ਟੀਮਾਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਕਾਬੂ ਕਰ ਲਿਆ। ਕੇਮੇਰੋਵੋ ਖੇਤਰ ਦੇ ਗਵਰਨਰ ਇਲਿਆ ਸੇਰੇਡਯੁਕ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਜਾਂਚ ਵਿੱਚ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ।
ਯਾਗੁਨੋਵੋ ਪਿੰਡ ਨੇੜੇ ਵਾਪਰਿਆ ਹਾਦਸਾ
ਜਾਣਕਾਰੀ ਅਨੁਸਾਰ, ਇਹ ਹਾਦਸਾ ਯਾਗੁਨੋਵੋ ਪਿੰਡ ਦੇ ਨੇੜੇ ਵਾਪਰਿਆ। ਹਾਦਸੇ ਵਾਲੀ ਥਾਂ ਤੋਂ ਸਾਹਮਣੇ ਆਈ ਇੱਕ ਵੀਡੀਓ ਵਿੱਚ ਗਵਰਨਰ ਇਲਿਆ ਸੇਰੇਡਯੁਕ ਨੇ ਦੱਸਿਆ ਕਿ ਜਦੋਂ ਇਹ ਘਟਨਾ ਵਾਪਰੀ, ਉਸ ਸਮੇਂ ਜਹਾਜ਼ ਇਸ ਖੇਤਰ ਦੇ ਉੱਪਰੋਂ ਉੱਡ ਰਿਹਾ ਸੀ।ਹਾਦਸੇ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਫਿਲਹਾਲ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।
ਵਧਦੇ ਡਰੋਨ ਹਮਲਿਆਂ ਨਾਲ ਜੂਝ ਰਿਹਾ ਰੂਸ
ਇਹ ਹਾਦਸਾ ਅਜਿਹੇ ਸਮੇਂ ਵਾਪਰਿਆ ਹੈ, ਜਦੋਂ ਰੂਸ ਨੂੰ ਯੂਕਰੇਨ ਵੱਲੋਂ ਕੀਤੇ ਜਾ ਰਹੇ ਡਰੋਨ ਅਤੇ ਮਿਜ਼ਾਈਲ ਹਮਲਿਆਂ ਕਾਰਨ ਸੁਰੱਖਿਆ ਦੀਆਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਰੂਸੀ ਫੌਜੀ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਸਿਰਫ਼ 24 ਘੰਟਿਆਂ ਦੇ ਅੰਦਰ 1,441 ਯੂਕਰੇਨੀ ਡਰੋਨਾਂ ਨੂੰ ਰੋਕਿਆ ਹੈ। ਰੂਸੀ ਅਧਿਕਾਰੀਆਂ ਮੁਤਾਬਕ, ਫਰਵਰੀ 2022 ਵਿੱਚ ਜੰਗ ਸ਼ੁਰੂ ਹੋਣ ਤੋਂ ਬਾਅਦ ਇਹ ਇੱਕ ਦਿਨ ਵਿੱਚ ਰੋਕੇ ਗਏ ਡਰੋਨਾਂ ਦੀ ਸਭ ਤੋਂ ਵੱਡੀ ਗਿਣਤੀ ਹੈ।
ਰੂਸ ਦੀ ਹਵਾਈ ਰੱਖਿਆ ਪ੍ਰਣਾਲੀ ‘ਤੇ ਵਧਿਆ ਦਬਾਅ
ਯੂਕਰੇਨ ਦੇ ਲਗਾਤਾਰ ਡਰੋਨ ਹਮਲਿਆਂ ਕਾਰਨ ਰੂਸ ਦੀ ਹਵਾਈ ਰੱਖਿਆ ਪ੍ਰਣਾਲੀ ‘ਤੇ ਦਬਾਅ ਵਧ ਰਿਹਾ ਹੈ। ਇਨ੍ਹਾਂ ਹਮਲਿਆਂ ਵਿੱਚ ਤੇਲ ਰਿਫਾਇਨਰੀਆਂ, ਫੌਜੀ ਠਿਕਾਣਿਆਂ ਅਤੇ ਕਈ ਮਹੱਤਵਪੂਰਨ ਬੁਨਿਆਦੀ ਢਾਂਚਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਦੂਜੇ ਪਾਸੇ, ਰੂਸ ਵੱਲੋਂ ਵੀ ਯੂਕਰੇਨ ਦੇ ਊਰਜਾ ਬੁਨਿਆਦੀ ਢਾਂਚੇ ‘ਤੇ ਮਿਜ਼ਾਈਲ ਅਤੇ ਡਰੋਨ ਹਮਲੇ ਕੀਤੇ ਜਾ ਰਹੇ ਹਨ। ਇਸ ਕਾਰਨ ਆਉਣ ਵਾਲੀਆਂ ਸਰਦੀਆਂ ਵਿੱਚ ਬਿਜਲੀ ਅਤੇ ਹੀਟਿੰਗ ਸਪਲਾਈ ਨੂੰ ਲੈ ਕੇ ਚਿੰਤਾਵਾਂ ਵਧ ਗਈਆਂ ਹਨ।
ਰੂਸ ਕੋਲ S-300, S-400 ਅਤੇ S-500 ਵਰਗੀਆਂ ਆਧੁਨਿਕ ਹਵਾਈ ਰੱਖਿਆ ਪ੍ਰਣਾਲੀਆਂ ਹਨ, ਪਰ ਆਪਣੇ ਵਿਸ਼ਾਲ ਖੇਤਰ ਦੀ ਸੁਰੱਖਿਆ ਕਰਨਾ ਉਸ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ। ਮਾਹਰਾਂ ਮੁਤਾਬਕ, ਘੱਟ ਉਚਾਈ ‘ਤੇ ਉੱਡਣ ਵਾਲੇ ਡਰੋਨਾਂ ਨੂੰ ਰਡਾਰ ਰਾਹੀਂ ਪਛਾਣਨਾ ਅਤੇ ਰੋਕਣਾ ਕਾਫੀ ਮੁਸ਼ਕਲ ਹੁੰਦਾ ਹੈ।
