ਜਾਣਕਾਰੀ ਅਨੁਸਾਰ, ਮੰਗਲਵਾਰ ਨੂੰ ਸਪਾਈਸਜੈੱਟ ਰਾਹੀਂ ਸਫ਼ਰ ਕਰਨ ਵਾਲੇ ਯਾਤਰੀ ਸ਼ਾਮ ਕਰੀਬ 7 ਵਜੇ ਮੁੰਬਈ ਹਵਾਈ ਅੱਡੇ ਪਹੁੰਚੇ ਸਨ। ਪਰ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਫਲਾਈਟ ਰਵਾਨਾ ਹੋਣ ਦੀ ਉਡੀਕ ਕਰਨੀ ਪਈ। ਯਾਤਰੀਆਂ ਮੁਤਾਬਕ, ਉਨ੍ਹਾਂ ਦੀ ਫਲਾਈਟ ਆਖਰਕਾਰ ਬੁੱਧਵਾਰ ਸਵੇਰੇ ਕਰੀਬ 4 ਵਜੇ ਰਵਾਨਾ ਹੋਈ। ਇਸ ਤਰ੍ਹਾਂ ਯਾਤਰੀਆਂ ਨੂੰ ਲਗਭਗ 9 ਘੰਟੇ ਦੀ ਦੇਰੀ ਦਾ ਸਾਹਮਣਾ ਕਰਨਾ ਪਿਆ।
ਮੁੰਬਈ ਏਅਰਪੋਰਟ ਵੱਲੋਂ ਯਾਤਰੀਆਂ ਲਈ ਐਡਵਾਈਜ਼ਰੀ ਜਾਰੀ
ਸਪਾਈਸਜੈੱਟ ਦੀਆਂ ਉਡਾਣਾਂ ਵਿੱਚ ਆ ਰਹੀਆਂ ਦਿੱਕਤਾਂ ਨੂੰ ਦੇਖਦੇ ਹੋਏ ਮੁੰਬਈ ਹਵਾਈ ਅੱਡੇ ਵੱਲੋਂ ਯਾਤਰੀਆਂ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ। ਇਸ ਵਿੱਚ ਕਿਹਾ ਗਿਆ ਕਿ ਮੁੰਬਈ ਆਉਣ ਅਤੇ ਇੱਥੋਂ ਰਵਾਨਾ ਹੋਣ ਵਾਲੀਆਂ ਕੁਝ ਸਪਾਈਸਜੈੱਟ ਉਡਾਣਾਂ ਪ੍ਰਭਾਵਿਤ ਹੋ ਸਕਦੀਆਂ ਹਨ।
ਯਾਤਰੀਆਂ ਨੂੰ ਹਵਾਈ ਅੱਡੇ ਲਈ ਘਰੋਂ ਨਿਕਲਣ ਤੋਂ ਪਹਿਲਾਂ ਆਪਣੀ ਫਲਾਈਟ ਦਾ ਸਟੇਟਸ ਚੈੱਕ ਕਰਨ ਦੀ ਸਲਾਹ ਦਿੱਤੀ ਗਈ। ਇਸ ਦੇ ਨਾਲ ਹੀ ਨਵੇਂ ਅਪਡੇਟ ਲਈ ਏਅਰਲਾਈਨ ਨਾਲ ਸੰਪਰਕ ਕਰਨ ਲਈ ਵੀ ਕਿਹਾ ਗਿਆ।
ਯਾਤਰੀਆਂ ਨੇ ਕੀਤਾ ਹੰਗਾਮਾ, ਵੀਡੀਓ ਆਈ ਸਾਹਮਣੇ
ਸੋਮਵਾਰ ਨੂੰ ਵੀ ਸਪਾਈਸਜੈੱਟ ਦੇ ਯਾਤਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਆਪਣੀਆਂ ਨਿਰਧਾਰਤ ਉਡਾਣਾਂ ਲਈ ਹਵਾਈ ਅੱਡੇ ਪਹੁੰਚੇ ਯਾਤਰੀਆਂ ਨੂੰ ਟਰਮੀਨਲ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ। ਇਸ ਕਾਰਨ ਉਨ੍ਹਾਂ ਨੂੰ ਬਾਹਰ ਹੀ ਇੰਤਜ਼ਾਰ ਕਰਨਾ ਪਿਆ।
ਉੱਥੇ ਹੀ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਵੀਡੀਓਜ਼ ਵਿੱਚ ਸਪਾਈਸਜੈੱਟ ਦੇ ਕਾਊਂਟਰਾਂ ਨੇੜੇ ਯਾਤਰੀਆਂ ਦੀ ਵੱਡੀ ਭੀੜ ਦਿਖਾਈ ਦੇ ਰਹੀ ਹੈ। ਲੰਬੀ ਦੇਰੀ ਅਤੇ ਸਹੀ ਜਾਣਕਾਰੀ ਨਾ ਮਿਲਣ ਕਾਰਨ ਯਾਤਰੀਆਂ ਨੇ ਏਅਰਲਾਈਨ ਖ਼ਿਲਾਫ਼ ਆਪਣਾ ਗੁੱਸਾ ਜ਼ਾਹਰ ਕੀਤਾ ਅਤੇ ਨਾਅਰੇਬਾਜ਼ੀ ਵੀ ਕੀਤੀ।
ਯਾਤਰੀਆਂ ਨੇ ਸ਼ਿਕਾਇਤ ਕੀਤੀ ਕਿ ਏਅਰਲਾਈਨ ਵੱਲੋਂ ਨਾ ਤਾਂ ਦੇਰੀ ਦਾ ਸਪੱਸ਼ਟ ਕਾਰਨ ਦੱਸਿਆ ਗਿਆ ਅਤੇ ਨਾ ਹੀ ਉਡਾਣਾਂ ਦੇ ਨਵੇਂ ਸਮੇਂ ਬਾਰੇ ਜਾਣਕਾਰੀ ਦਿੱਤੀ ਗਈ। ਹਾਲਾਂਕਿ, ਯਾਤਰੀਆਂ ਨੂੰ ਰਿਫੰਡ ਦੇਣ ਦੀ ਪੇਸ਼ਕਸ਼ ਕੀਤੀ ਗਈ ਅਤੇ ਦੱਸਿਆ ਗਿਆ ਕਿ ਰਕਮ ਸੱਤ ਦਿਨਾਂ ਦੇ ਅੰਦਰ ਵਾਪਸ ਕਰ ਦਿੱਤੀ ਜਾਵੇਗੀ।
ਪਿਛਲੇ ਹਫ਼ਤੇ ਵੀ ਰੱਦ ਹੋਈਆਂ ਸਨ ਦੁਬਈ ਤੋਂ ਉਡਾਣਾਂ
ਜ਼ਿਕਰਯੋਗ ਹੈ ਕਿ ਸਪਾਈਸਜੈੱਟ ਨੂੰ ਪਿਛਲੇ ਹਫ਼ਤੇ ਵੀ ਸੰਚਾਲਨ ਸਬੰਧੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਦੁਬਈ ਵਿੱਚ ਏਅਰਲਾਈਨ ਦੀ ਗਰਾਊਂਡ ਹੈਂਡਲਿੰਗ ਕੰਪਨੀ ਡਨਾਟਾ (dnata) ਵੱਲੋਂ ਬਕਾਇਆ ਰਕਮ ਦਾ ਭੁਗਤਾਨ ਨਾ ਹੋਣ ਕਾਰਨ ਚੈੱਕ-ਇਨ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਸਨ।
ਰਿਪੋਰਟਾਂ ਮੁਤਾਬਕ, ਸਪਾਈਸਜੈੱਟ ਵੱਲੋਂ ਡਨਾਟਾ ਨੂੰ 14 ਮਿਲੀਅਨ UAE ਦਿਰਹਾਮ ਤੋਂ ਵੱਧ ਦੀ ਰਕਮ ਅਦਾ ਕੀਤੀ ਜਾਣੀ ਬਾਕੀ ਸੀ, ਜੋ ਭਾਰਤੀ ਕਰੰਸੀ ਵਿੱਚ ਲਗਭਗ 35.8 ਕਰੋੜ ਰੁਪਏ ਬਣਦੀ ਹੈ। ਇਸ ਕਾਰਨ ਦੁਬਈ ਤੋਂ ਚਾਰ ਉਡਾਣਾਂ ਰੱਦ ਕਰਨੀਆਂ ਪਈਆਂ ਸਨ। ਚੈੱਕ-ਇਨ ਸੇਵਾਵਾਂ ਦੀ ਮੁਅੱਤਲੀ 12 ਨਵੰਬਰ ਤੱਕ ਸੀਮਤ ਰਹੀ।
