ਅਮਰੀਕਾ ਤੋਂ ਡਿਪੋਰਟ ਹੁੰਦੇ ਹੀ NIA ਨੇ ਦਬੋਚਿਆ
NIA ਦੇ ਅਧਿਕਾਰਤ ਬਿਆਨ ਮੁਤਾਬਕ ਸੁਰਿੰਦਰ ਸਿੰਘ ਨੂੰ ਪਹਿਲਾਂ ਅਮਰੀਕੀ ਅਧਿਕਾਰੀਆਂ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਸੀ। ਭਾਰਤ ਅਤੇ ਅਮਰੀਕਾ ਦੀਆਂ ਸਰਕਾਰਾਂ ਵਿਚਾਲੇ ਤਾਲਮੇਲ ਤੋਂ ਬਾਅਦ ਉਸ ਨੂੰ ਭਾਰਤ ਡਿਪੋਰਟ ਕੀਤਾ ਗਿਆ।
ਬੁੱਧਵਾਰ ਨੂੰ ਦਿੱਲੀ ਏਅਰਪੋਰਟ ‘ਤੇ ਪਹੁੰਚਦਿਆਂ ਹੀ NIA ਦੀ ਟੀਮ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਜਾਂਚ ਦੌਰਾਨ ਏਜੰਸੀ ਵੱਲੋਂ ਉਸ ਖ਼ਿਲਾਫ਼ ਪਹਿਲਾਂ ਹੀ ਲੁੱਕ ਆਊਟ ਸਰਕੂਲਰ (LOC) ਜਾਰੀ ਕੀਤਾ ਗਿਆ ਸੀ। ਇਸ ਤੋਂ ਇਲਾਵਾ ਮੁਲਜ਼ਮ ਖ਼ਿਲਾਫ਼ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ।
27 ਅਪ੍ਰੈਲ ਨੂੰ ਹੋਇਆ ਸੀ ਰਾਜਪੁਰਾ-ਸ਼ੰਭੂ ਰੇਲਵੇ ਟਰੈਕ ‘ਤੇ ਧਮਾਕਾ
ਦੱਸ ਦੇਈਏ ਕਿ ਇਹ ਮਾਮਲਾ 27 ਅਪ੍ਰੈਲ 2026 ਨੂੰ ਪੰਜਾਬ ਦੇ ਸ਼ੰਭੂ ਅਤੇ ਰਾਜਪੁਰਾ ਰੇਲਵੇ ਸਟੇਸ਼ਨਾਂ ਵਿਚਕਾਰ ਡੈਡੀਕੇਟਿਡ ਫਰੇਟ ਕੋਰੀਡੋਰ (DFCCIL) ਦੀ ਰੇਲਵੇ ਲਾਈਨ ‘ਤੇ ਹੋਏ ਧਮਾਕੇ ਨਾਲ ਜੁੜਿਆ ਹੋਇਆ ਹੈ।
ਜਾਂਚ ਏਜੰਸੀਆਂ ਦਾ ਦੋਸ਼ ਹੈ ਕਿ ਇਹ ਧਮਾਕਾ ਪਾਬੰਦੀਸ਼ੁਦਾ ਜਥੇਬੰਦੀ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ (KZF) ਨਾਲ ਜੁੜੇ ਕਾਰਕੁਨਾਂ ਵੱਲੋਂ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਵਿਗਾੜਨ ਅਤੇ ਫ਼ਿਰਕੂ ਸਦਭਾਵਨਾ ਨੂੰ ਨੁਕਸਾਨ ਪਹੁੰਚਾਉਣ ਦੀ ਸਾਜ਼ਿਸ਼ ਤਹਿਤ ਕੀਤਾ ਗਿਆ ਸੀ।
ਫੇਸਬੁੱਕ ‘ਤੇ ਧਮਾਕੇ ਦੀ ਵਡਿਆਈ ਕਰਨ ਦਾ ਇਲਜ਼ਾਮ
NIA ਦੀ ਜਾਂਚ ਵਿੱਚ ਸੁਰਿੰਦਰ ਸਿੰਘ ਖ਼ਿਲਾਫ਼ ਇੱਕ ਹੋਰ ਗੰਭੀਰ ਇਲਜ਼ਾਮ ਸਾਹਮਣੇ ਆਇਆ ਹੈ। ਏਜੰਸੀ ਮੁਤਾਬਕ ਧਮਾਕੇ ਤੋਂ ਬਾਅਦ ਮੁਲਜ਼ਮ ਨੇ ਕਥਿਤ ਤੌਰ ‘ਤੇ ਫੇਸਬੁੱਕ ‘ਤੇ ਇੱਕ ਵੀਡੀਓ ਅਪਲੋਡ ਕੀਤੀ ਸੀ, ਜਿਸ ਵਿੱਚ ਉਸ ਨੇ ਇਸ ਘਟਨਾ ਦੀ ਵਡਿਆਈ ਕੀਤੀ ਸੀ।
NIA ਦਾ ਦਾਅਵਾ ਹੈ ਕਿ ਇਸ ਵੀਡੀਓ ਵਿੱਚ ਉਸ ਨੇ ਧਮਾਕੇ ਦੌਰਾਨ ਮਾਰੇ ਗਏ ਮੁਲਜ਼ਮ ਜਗਰੂਪ ਸਿੰਘ ਦੀ ਪ੍ਰਸ਼ੰਸਾ ਕੀਤੀ ਅਤੇ ਉਸ ਨੂੰ ਸ਼ਹੀਦ ਵਜੋਂ ਪੇਸ਼ ਕੀਤਾ ਸੀ।ਇਸ ਤੋਂ ਇਲਾਵਾ ਏਜੰਸੀ ਨੇ ਦੋਸ਼ ਲਾਇਆ ਹੈ ਕਿ ਸੁਰਿੰਦਰ ਸਿੰਘ ਨੇ ਪਾਬੰਦੀਸ਼ੁਦਾ ਜਥੇਬੰਦੀ KZF ਨੂੰ ‘ਕੌਮੀ ਜਥੇਬੰਦੀ’ ਦੱਸਿਆ ਸੀ ਅਤੇ ਨਾਮਜ਼ਦ ਅੱਤਵਾਦੀ ਰਣਜੀਤ ਸਿੰਘ ਉਰਫ਼ ਨੀਟਾ ਨੂੰ ‘ਕੌਮ ਦਾ ਜਰਨੈਲ’ ਕਹਿ ਕੇ ਸੰਬੋਧਨ ਕੀਤਾ ਸੀ।
ਮਾਮਲੇ ਵਿੱਚ ਹੁਣ ਤੱਕ 8 ਮੁਲਜ਼ਮ ਗ੍ਰਿਫ਼ਤਾਰ
ਸੁਰਿੰਦਰ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਰਾਜਪੁਰਾ-ਸ਼ੰਭੂ ਰੇਲਵੇ ਧਮਾਕਾ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਗਿਣਤੀ ਵਧ ਕੇ 8 ਹੋ ਗਈ ਹੈ।NIA ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਏਜੰਸੀ ਵਿਦੇਸ਼ਾਂ ਵਿੱਚ ਬੈਠੇ ਕਥਿਤ ਸਹਿਯੋਗੀਆਂ ਦੀ ਭੂਮਿਕਾ, ਫੰਡਿੰਗ ਦੇ ਸਰੋਤਾਂ ਅਤੇ ਇਸ ਮਾਮਲੇ ਨਾਲ ਜੁੜੇ ਨੈੱਟਵਰਕ ਦੀ ਜਾਂਚ ਕਰ ਰਹੀ ਹੈ।
