ਫ੍ਰੀ ਪੈਟਰੋਲ-ਡੀਜ਼ਲ ਮਿਲਣ ਦੀ ਖ਼ਬਰ ਫੈਲਦਿਆਂ ਹੀ ਪੰਪ ‘ਤੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ। ਵੱਡੀ ਗਿਣਤੀ ਵਿੱਚ ਲੋਕ ਆਪਣੇ ਵਾਹਨ ਲੈ ਕੇ ਪਹੁੰਚੇ ਅਤੇ ਲੰਬੀਆਂ ਕਤਾਰਾਂ ਲੱਗ ਗਈਆਂ।
ਦਸਵੰਧ ਦੀ ਕਮਾਈ ਨਾਲ ਕੀਤੀ ਸੇਵਾ, ਇੱਕ ਘੰਟੇ ਦਾ ਲੰਗਰ ਦੋ ਘੰਟੇ ਚੱਲਿਆ
ਇਹ ਨੇਕ ਉਪਰਾਲਾ ਲੁਧਿਆਣਾ ਦੇ ਰਹਿਣ ਵਾਲੇ ਪੰਕਜ ਕੁਮਾਰ ਵੱਲੋਂ ਕੀਤਾ ਗਿਆ। ਪੰਕਜ ਕੁਮਾਰ ਨੇ ਦੱਸਿਆ ਕਿ ਉਹ ਹਰ ਸਾਲ ਆਪਣੀ ਕਮਾਈ ਵਿੱਚੋਂ ਦਸਵੰਧ ਕੱਢ ਕੇ ਇਸ ਤਰ੍ਹਾਂ ਦੀ ਸੇਵਾ ਕਰਦੇ ਹਨ। ਇਸ ਵਾਰ ਉਨ੍ਹਾਂ ਨੇ ਕਰੀਬ 60 ਹਜ਼ਾਰ ਰੁਪਏ ਦੇ ਬਜਟ ਨਾਲ ਫ੍ਰੀ ਪੈਟਰੋਲ ਅਤੇ ਡੀਜ਼ਲ ਦਾ ਲੰਗਰ ਲਗਾਇਆ।ਸ਼ੁਰੂ ਵਿੱਚ ਇਹ ਸੇਵਾ ਇੱਕ ਘੰਟੇ ਲਈ ਰੱਖੀ ਗਈ ਸੀ, ਪਰ ਲੋਕਾਂ ਦੇ ਭਾਰੀ ਉਤਸ਼ਾਹ ਅਤੇ ਵੱਡੀ ਗਿਣਤੀ ਵਿੱਚ ਪਹੁੰਚਣ ਕਾਰਨ ਇਸ ਨੂੰ ਵਧਾ ਕੇ ਡੇਢ ਤੋਂ ਦੋ ਘੰਟੇ ਤੱਕ ਜਾਰੀ ਰੱਖਿਆ ਗਿਆ।
ਖ਼ਾਸ ਗੱਲ ਇਹ ਰਹੀ ਕਿ ਡੇਢ ਘੰਟੇ ਤੱਕ ਲਗਾਤਾਰ ਫ੍ਰੀ ਪੈਟਰੋਲ-ਡੀਜ਼ਲ ਵੰਡਣ ਤੋਂ ਬਾਅਦ ਸੇਵਾ ਬੰਦ ਕਰ ਦਿੱਤੀ ਗਈ ਸੀ। ਪਰ ਜਦੋਂ ਹਿਸਾਬ ਕੀਤਾ ਗਿਆ ਤਾਂ ਪਤਾ ਲੱਗਾ ਕਿ 60 ਹਜ਼ਾਰ ਰੁਪਏ ਦੇ ਤੈਅ ਬਜਟ ਵਿੱਚੋਂ ਕੁਝ ਪੈਸੇ ਅਜੇ ਵੀ ਬਚੇ ਹੋਏ ਹਨ।ਇਸ ਤੋਂ ਬਾਅਦ ਪੰਕਜ ਕੁਮਾਰ ਨੇ ਤੁਰੰਤ ਮੁੜ ਸੇਵਾ ਸ਼ੁਰੂ ਕਰਵਾ ਦਿੱਤੀ ਅਤੇ ਬਚੀ ਹੋਈ ਰਕਮ ਨਾਲ ਵੀ ਲੋਕਾਂ ਨੂੰ ਮੁਫ਼ਤ ਪੈਟਰੋਲ ਅਤੇ ਡੀਜ਼ਲ ਦਿੱਤਾ ਗਿਆ।
‘ਇਹ ਸਭ ਬਾਬਾ ਜੀ ਦੇ 20 ਰੁਪਏ ਦੇ ਸੱਚੇ ਸੌਦੇ ਦੀ ਦੇਣ’
ਪੰਕਜ ਕੁਮਾਰ ਨੇ ਇਸ ਸੇਵਾ ਦਾ ਸਿਹਰਾ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਦਿੰਦਿਆਂ ਕਿਹਾ ਕਿ ਇਹ ਸਭ ਬਾਬਾ ਜੀ ਦੇ 20 ਰੁਪਏ ਦੇ ਸੱਚੇ ਸੌਦੇ ਦੀ ਦੇਣ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਵੱਲੋਂ ਸ਼ੁਰੂ ਕੀਤਾ ਗਿਆ ਸੇਵਾ ਦਾ ਇਹ ਸੰਦੇਸ਼ ਅੱਜ ਵੀ ਜਾਰੀ ਹੈ ਅਤੇ ਕਦੇ ਖ਼ਤਮ ਨਹੀਂ ਹੋ ਸਕਦਾ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਾਰੇ ਆਪਸ ਵਿੱਚ ਪਿਆਰ ਅਤੇ ਭਾਈਚਾਰਕ ਸਾਂਝ ਨਾਲ ਰਹਿਣ। ਗੁਰਪੁਰਬ ਦੇ ਮੌਕੇ ‘ਤੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਅਤੇ ਗੁਰੂ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕਰਨ।
ਪੈਟਰੋਲ ਪੰਪ ਮਾਲਕ ਨੇ ਵੀ ਕੀਤੀ ਉਪਰਾਲੇ ਦੀ ਸ਼ਲਾਘਾ
ਪੈਟਰੋਲ ਪੰਪ ਦੇ ਮਾਲਕ ਅੱਜੂ ਨੇ ਵੀ ਪੰਕਜ ਕੁਮਾਰ ਦੇ ਇਸ ਉਪਰਾਲੇ ਦੀ ਜੰਮ ਕੇ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਵਾਹਿਗੁਰੂ ਦੀ ਕਿਰਪਾ ਹੈ ਕਿ ਇਸ ਨੇਕ ਕੰਮ ਲਈ ਉਨ੍ਹਾਂ ਦੇ ਪੰਪ ਨੂੰ ਚੁਣਿਆ ਗਿਆ।ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਆਪਣੀ ਮਿਹਨਤ ਦੀ ਕਮਾਈ ਵਿੱਚੋਂ ਪੈਸੇ ਕੱਢ ਕੇ ਲੋਕਾਂ ਦੀ ਸੇਵਾ ਕਰਨਾ ਬਹੁਤ ਵੱਡੀ ਗੱਲ ਹੈ। ਉਨ੍ਹਾਂ ਨੇ ਪੰਕਜ ਕੁਮਾਰ ਅਤੇ ਉਨ੍ਹਾਂ ਦੇ ਪਰਿਵਾਰ ਲਈ ਚੰਗੀ ਸਿਹਤ, ਲੰਬੀ ਉਮਰ ਅਤੇ ਤਰੱਕੀ ਦੀ ਅਰਦਾਸ ਵੀ ਕੀਤੀ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਲਗਾਇਆ ਗਿਆ ਇਹ ਫ੍ਰੀ ਪੈਟਰੋਲ-ਡੀਜ਼ਲ ਦਾ ਲੰਗਰ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਰਿਹਾ ਅਤੇ ਸੇਵਾ, ਸਾਂਝ ਤੇ ਮਨੁੱਖਤਾ ਦਾ ਸੁਨੇਹਾ ਦੇ ਗਿਆ।
