ਜੰਗਲਾਤ ਵਿਭਾਗ ਦੇ ਅਧਿਕਾਰੀ ਚਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ ਕਰੀਬ 12 ਵਜੇ ਸੋਨਾਲਿਕਾ ਫੈਕਟਰੀ ਦੇ ਅੰਦਰ ਤੇਂਦੂਆ ਹੋਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਵਣ ਮੰਡਲ ਅਫ਼ਸਰ (DFO) ਦਵਿੰਦਰਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਵਿਭਾਗ ਦੀ ਰੈਸਕਿਊ ਟੀਮ ਤੁਰੰਤ ਹਰਕਤ ਵਿੱਚ ਆ ਗਈ। ਟੀਮ ਸੂਚਨਾ ਮਿਲਣ ਤੋਂ ਅੱਧੇ ਤੋਂ ਪੌਣੇ ਘੰਟੇ ਦੇ ਅੰਦਰ ਹੀ ਫੈਕਟਰੀ ਪਹੁੰਚ ਗਈ।
ਪ੍ਰੈੱਸ ਵਰਕਸ਼ਾਪ ਵਿੱਚ ਜਾ ਵੜਿਆ ਤੇਂਦੂਆ
ਅਧਿਕਾਰੀ ਮੁਤਾਬਕ ਸ਼ੁਰੂਆਤ ਵਿੱਚ ਤੇਂਦੂਆ ਫੈਕਟਰੀ ਦੇ ਇੱਕ ਹਿੱਸੇ ਵਿੱਚ ਦਿਖਾਈ ਦਿੱਤਾ ਸੀ, ਪਰ ਕੁਝ ਸਮੇਂ ਬਾਅਦ ਉਹ ਉੱਥੋਂ ਖਿਸਕ ਕੇ ਪ੍ਰੈੱਸ ਵਰਕਸ਼ਾਪ ਵਿੱਚ ਜਾ ਵੜਿਆ। ਵਰਕਸ਼ਾਪ ਵਿੱਚ ਭਾਰੀ ਮਸ਼ੀਨਰੀ ਅਤੇ ਹੋਰ ਸਾਮਾਨ ਹੋਣ ਕਾਰਨ ਰੈਸਕਿਊ ਟੀਮ ਨੂੰ ਉਸ ਨੂੰ ਲੱਭਣ ਅਤੇ ਕਾਬੂ ਕਰਨ ਵਿੱਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਹਾਲਾਂਕਿ, ਟੀਮ ਨੇ ਪੂਰੀ ਸੂਝ-ਬੂਝ ਨਾਲ ਕਾਰਵਾਈ ਕਰਦਿਆਂ ਕਰੀਬ ਇੱਕ ਘੰਟੇ ਦੇ ਅੰਦਰ ਹੀ ਤੇਂਦੂਏ ਨੂੰ ਸੁਰੱਖਿਅਤ ਕਾਬੂ ਕਰ ਲਿਆ। ਇਸ ਰੈਸਕਿਊ ਆਪ੍ਰੇਸ਼ਨ ਵਿੱਚ ਵਾਈਲਡ ਲਾਈਫ ਦਸੂਹਾ ਅਤੇ ਹੁਸ਼ਿਆਰਪੁਰ ਦੇ ਰੇਂਜ ਅਫ਼ਸਰਾਂ, ਏਰੀਆ ਇੰਚਾਰਜ ਨਮਨਪ੍ਰੀਤ ਕੌਰ ਸਮੇਤ ਪੂਰੀ ਟੀਮ ਦਾ ਵਿਸ਼ੇਸ਼ ਸਹਿਯੋਗ ਰਿਹਾ।
ਢਾਈ ਸਾਲ ਤੋਂ ਵੱਧ ਉਮਰ ਦਾ ਹੈ ਤੇਂਦੂਆ
ਜੰਗਲਾਤ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਰੈਸਕਿਊ ਕੀਤਾ ਗਿਆ ਤੇਂਦੂਆ ਨਰ ਹੈ ਅਤੇ ਉਸ ਦੀ ਉਮਰ ਲਗਭਗ ਢਾਈ ਸਾਲ ਤੋਂ ਵੱਧ ਹੈ। ਤੇਂਦੂਏ ਨੂੰ ਲੋੜੀਂਦੀ ਦਵਾਈ ਦੇ ਕੇ ਹੋਸ਼ ਵਿੱਚ ਲਿਆਂਦਾ ਗਿਆ ਹੈ ਅਤੇ ਫਿਲਹਾਲ ਉਸ ਦੀ ਹਾਲਤ ਪੂਰੀ ਤਰ੍ਹਾਂ ਠੀਕ ਦੱਸੀ ਜਾ ਰਹੀ ਹੈ।ਹੁਣ ਵੈਟਰਨਰੀ ਡਾਕਟਰ ਵੱਲੋਂ ਉਸ ਦਾ ਮੈਡੀਕਲ ਚੈੱਕਅਪ ਕੀਤਾ ਜਾਵੇਗਾ। ਫਿੱਟਨੈੱਸ ਸਰਟੀਫਿਕੇਟ ਮਿਲਣ ਤੋਂ ਬਾਅਦ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਫ਼ੈਸਲਾ ਲਿਆ ਜਾਵੇਗਾ ਕਿ ਤੇਂਦੂਏ ਨੂੰ ਛੱਤਬੀੜ ਚਿੜੀਆਘਰ ਭੇਜਿਆ ਜਾਵੇਗਾ ਜਾਂ ਫਿਰ ਉਸ ਦੇ ਕੁਦਰਤੀ ਜੰਗਲੀ ਨਿਵਾਸ ਸਥਾਨ ਵਿੱਚ ਛੱਡਿਆ ਜਾਵੇਗਾ।
ਪਹਾੜੀ ਇਲਾਕਿਆਂ ਤੋਂ ਮੈਦਾਨੀ ਖੇਤਰਾਂ ਵੱਲ ਆ ਰਹੇ ਜੰਗਲੀ ਜਾਨਵਰ
ਤੇਂਦੂਏ ਦੇ ਫੈਕਟਰੀ ਅੰਦਰ ਦਾਖ਼ਲ ਹੋਣ ਦੇ ਕਾਰਨਾਂ ਬਾਰੇ ਅਧਿਕਾਰੀ ਚਰਨਜੀਤ ਸਿੰਘ ਨੇ ਦੱਸਿਆ ਕਿ ਗਲੋਬਲ ਵਾਰਮਿੰਗ ਅਤੇ ਪਹਾੜੀ ਇਲਾਕਿਆਂ ਵਿੱਚ ਮਨੁੱਖੀ ਦਖ਼ਲਅੰਦਾਜ਼ੀ ਵਧਣ ਕਾਰਨ ਜੰਗਲੀ ਜਾਨਵਰ ਹੇਠਲੇ ਇਲਾਕਿਆਂ ਵੱਲ ਆ ਰਹੇ ਹਨ।
ਉਨ੍ਹਾਂ ਮੁਤਾਬਕ ਪਹਿਲਾਂ ਸਰਦੀਆਂ ਦੇ ਮੌਸਮ ਵਿੱਚ ਤੇਂਦੂਏ ਹਿਮਾਚਲ ਪ੍ਰਦੇਸ਼ ਤੋਂ ਮੈਦਾਨੀ ਇਲਾਕਿਆਂ ਵੱਲ ਆਉਂਦੇ ਸਨ ਅਤੇ ਮੌਸਮ ਬਦਲਣ ਤੋਂ ਬਾਅਦ ਵਾਪਸ ਪਰਤ ਜਾਂਦੇ ਸਨ। ਪਰ ਹੁਣ ਇਹ ਜਾਨਵਰ ਇਨ੍ਹਾਂ ਇਲਾਕਿਆਂ ਦੇ ਮਾਹੌਲ ਦੇ ਵੀ ਆਦੀ ਹੁੰਦੇ ਜਾ ਰਹੇ ਹਨ।ਫਿਲਹਾਲ ਸੋਨਾਲਿਕਾ ਫੈਕਟਰੀ ਵਿੱਚੋਂ ਤੇਂਦੂਏ ਦੇ ਸੁਰੱਖਿਅਤ ਰੈਸਕਿਊ ਹੋਣ ਤੋਂ ਬਾਅਦ ਸਾਰਿਆਂ ਨੇ ਸੁੱਖ ਦਾ ਸਾਹ ਲਿਆ ਹੈ।


