ਜਲੰਧਰ: ਜਲੰਧਰ ਦੇ ਤਿਲਕ ਨਗਰ ਡਬਲ ਮਰਡਰ ਕੇਸ ਵਿੱਚ ਫਰਾਰ ਚੱਲ ਰਹੇ ਮੁੱਖ ਮੁਲਜ਼ਮ ਸ਼ੁਭਮ ਉਰਫ਼ ਗੁੱਲੂ ਨੂੰ ਪੁਲਿਸ ਨੇ ਐਨਕਾਊਂਟਰ ਦੌਰਾਨ ਕਾਬੂ ਕਰ ਲਿਆ। ਮੁਕਾਬਲੇ ਦੌਰਾਨ ਮੁਲਜ਼ਮ ਦੀ ਲੱਤ ਵਿਚ ਗੋਲੀ ਲੱਗੀ। ਜਿਸ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਿਸ ਅਨੁਸਾਰ, ਕਾਰਵਾਈ ਦੌਰਾਨ ਮੁਲਜ਼ਮ ਨੇ ਪੁਲਿਸ ਟੀਮ ‘ਤੇ 4 ਰਾਊਂਡ ਫਾਇਰਿੰਗ ਕੀਤੀ। ਜਵਾਬੀ ਕਾਰਵਾਈ ਵਿੱਚ ਉਹ ਜ਼ਖ਼ਮੀ ਹੋ ਗਿਆ। ਮੌਕੇ ਤੋਂ ਇੱਕ ਪਿਸਤੌਲ ਅਤੇ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਕਰੀਬ ਇੱਕ ਮਹੀਨਾ ਪਹਿਲਾਂ ਤਿਲਕ ਨਗਰ ਵਿੱਚ ਸਿਮਰਨਜੀਤ ਸਿੰਘ ਅਤੇ ਸੌਰਭ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਸਿਮਰਨਜੀਤ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ, ਜਦਕਿ ਸੌਰਭ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ ਸੀ।
ਪੁਲਿਸ ਮੁਤਾਬਕ, ਸ਼ੁਭਮ ਉਰਫ਼ ਗੁੱਲੂ ਇਸ ਮਾਮਲੇ ਵਿੱਚ ਫਰਾਰ ਸੀ ਅਤੇ ਉਸ ਖ਼ਿਲਾਫ਼ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ। ਪੁਲਿਸ ਹੁਣ ਉਸ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।