ਕਪੂਰਥਲਾ ਦੇ ਵਿਕਾਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਪਿਛਲੇ ਕਾਰਜਕਾਲ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ, ਵਡਾਲਾ ਫਾਟਕ ਫਲਾਈਓਵਰ, ਮਾਡਰਨ ਜੇਲ੍ਹ, ਪੁਸ਼ਪਾ ਗੁਜਰਾਲ ਸਾਇੰਸ ਸਿਟੀ ਅਤੇ ITC ਵਰਗੇ ਪ੍ਰਾਜੈਕਟਾਂ ਦਾ ਹਵਾਲਾ ਦਿੱਤਾ ਗਿਆ ਹੈ। ਪਰ ਇਨ੍ਹਾਂ ਦਾਅਵਿਆਂ ਦੇ ਨਾਲ ਹੀ ਸ਼ਹਿਰ ਦੀਆਂ ਬੁਨਿਆਦੀ ਸਹੂਲਤਾਂ ਨੂੰ ਲੈ ਕੇ ਅਕਾਲੀ ਦਲ ਦੇ ਪਿਛਲੇ ਕਾਰਜਕਾਲ ’ਤੇ ਵੀ ਸਵਾਲ ਉੱਠ ਰਹੇ ਹਨ।
ਵਿਕਾਸ ਦੇ ਦਾਅਵਿਆਂ ’ਤੇ ਅਕਾਲੀ ਦਲ ਤੋਂ ਸਵਾਲ
ਵਡਾਲਾ ਫਾਟਕ, ਮਾਡਰਨ ਜੇਲ੍ਹ ਤੇ ITC ਦੇ ਹਵਾਲੇ; ਪਰ ਪਾਣੀ, ਸੀਵਰੇਜ, ਕੂੜਾ ਪ੍ਰਬੰਧਨ ਤੇ ਵਿਰਾਸਤ ਦੀ ਸੰਭਾਲ ਦਾ ਹਿਸਾਬ ਕੌਣ ਦੇਵੇਗਾ?
ਮਿਊਂਸਪਲ ਕੌਂਸਲਰ ਰਾਜਿੰਦਰ ਸਿੰਘ ਧੰਜਲ ਨੇ ਕਿਹਾ ਕਿ ਵਡਾਲਾ ਫਾਟਕ ਅਤੇ ਮਾਡਰਨ ਜੇਲ੍ਹ ਭਾਜਪਾ-ਅਕਾਲੀ ਗਠਜੋੜ ਸਰਕਾਰ ਦੇ ਸਮੇਂ ਦੇ ਪ੍ਰਾਜੈਕਟ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਹ ਨਗਰ ਨਿਗਮ ਦੇ ਹਾਊਸ ਵਿੱਚ ਕੂੜਾ, ਸਟਰੀਟ ਲਾਈਟਾਂ, ਸੜਕਾਂ ਅਤੇ ਹੋਰ ਵਿਕਾਸ ਕਾਰਜਾਂ ਦੇ ਹੱਕ ਵਿੱਚ ਖੜ੍ਹਦੇ ਰਹੇ ਹਨ। MC ਧੰਜਲ ਨੇ ਸਾਬਕਾ ਮੰਤਰੀ ਸ. ਰਘਵੀਰ ਸਿੰਘ ਦੇ ਸਮੇਂ ਕਪੂਰਥਲਾ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਯਤਨਾਂ ਦਾ ਵੀ ਜ਼ਿਕਰ ਕੀਤਾ।
ਦੂਜੇ ਪਾਸੇ, ਅਕਾਲੀ ਦਲ ਦੇ ਹਲਕਾ ਇੰਚਾਰਜ ਸ. ਐੱਚ. ਐੱਸ. ਵਾਲੀਆ ਨੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਅਤੇ ITC ਨਾਲ ਜੁੜੇ ਪ੍ਰਾਜੈਕਟਾਂ ਨੂੰ ਕਪੂਰਥਲਾ ਦੇ ਵਿਕਾਸ ਨਾਲ ਜੋੜਦਿਆਂ ਦਾਅਵਾ ਕੀਤਾ ਕਿ ਇਨ੍ਹਾਂ ਨਾਲ 1,000 ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਕਪੂਰਥਲਾ ਲਈ ਰੁਜ਼ਗਾਰ, ਬੁਨਿਆਦੀ ਢਾਂਚੇ ਅਤੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਲਈ ਵਿਆਪਕ ਯੋਜਨਾ ਤਿਆਰ ਕੀਤੀ ਜਾਵੇਗੀ।
ਪਰ ਸਵਾਲ ਇਹ ਹੈ ਕਿ ਪੁਰਾਣੀਆਂ ਪ੍ਰਾਪਤੀਆਂ ਦੇ ਨਾਲ ਪੁਰਾਣੀਆਂ ਨਾਕਾਮੀਆਂ ਦਾ ਹਿਸਾਬ ਵੀ ਹੋਵੇਗਾ?
ਅਕਾਲੀ ਆਗੂ ਜਿਨ੍ਹਾਂ ਪ੍ਰਾਜੈਕਟਾਂ ਦਾ ਸਿਹਰਾ ਲੈ ਰਹੇ ਹਨ, ਉਹ ਆਪਣੀ ਥਾਂ ਮਹੱਤਵਪੂਰਨ ਹੋ ਸਕਦੇ ਹਨ। ਪਰ ਕਪੂਰਥਲਾ ਦੇ ਵਿਕਾਸ ਨੂੰ ਸਿਰਫ਼ ਇਹਨਾਂ ਪ੍ਰਾਜੈਕਟਾਂ ਨਾਲ ਨਹੀਂ ਮਾਪਿਆ ਜਾ ਸਕਦਾ। ਸਾਫ਼ ਪੀਣ ਵਾਲਾ ਪਾਣੀ, ਸੀਵਰੇਜ, ਕੂੜਾ ਪ੍ਰਬੰਧਨ, ਸੜਕਾਂ ਅਤੇ ਸਟਰੀਟ ਲਾਈਟਾਂ ਵੀ ਸ਼ਹਿਰ ਦੇ ਵਿਕਾਸ ਦੀ ਬੁਨਿਆਦ ਹਨ।
ਇੱਥੇ ਅਕਾਲੀ ਦਲ ਤੋਂ ਵੀ ਸਵਾਲ ਪੁੱਛਣਾ ਬਣਦਾ ਹੈ ਕਿ ਜਦੋਂ ਲੰਮੇ ਸਮੇਂ ਤੱਕ ਸੂਬੇ ਦੀ ਸੱਤਾ ਅਤੇ ਸਥਾਨਕ ਪੱਧਰ ’ਤੇ ਉਸਦਾ ਪ੍ਰਭਾਵ ਰਿਹਾ, ਤਾਂ ਇਨ੍ਹਾਂ ਬੁਨਿਆਦੀ ਸਮੱਸਿਆਵਾਂ ਦਾ ਸਥਾਈ ਹੱਲ ਕਿਉਂ ਨਹੀਂ ਹੋ ਸਕਿਆ?
ਇਸੇ ਤਰ੍ਹਾਂ ਵਿਰਾਸਤੀ ਸ਼ਹਿਰ ਕਪੂਰਥਲਾ ਦੀਆਂ ਇਤਿਹਾਸਕ ਇਮਾਰਤਾਂ ਦੀ ਸੰਭਾਲ ਵੀ ਇੱਕ ਵੱਡਾ ਮੁੱਦਾ ਹੈ। ਜੇਕਰ ਕਪੂਰਥਲਾ ਦੀ ਇਤਿਹਾਸਕ ਪਛਾਣ ਨੂੰ ਸੈਰ-ਸਪਾਟੇ ਅਤੇ ਆਰਥਿਕ ਵਿਕਾਸ ਨਾਲ ਜੋੜਨਾ ਹੈ ਤਾਂ ਪਿਛਲੀਆਂ ਅਤੇ ਮੌਜੂਦਾ—ਦੋਵੇਂ ਸਰਕਾਰਾਂ ਨੂੰ ਇਸ ਸਬੰਧੀ ਆਪਣੇ ਕੰਮ ਦਾ ਹਿਸਾਬ ਦੇਣਾ ਪਵੇਗਾ।
ਰੁਜ਼ਗਾਰ ਦੇ ਦਾਅਵੇ ਵੀ ਪੜਤਾਲ ਮੰਗਦੇ ਹਨ
ITC ਨਾਲ 1,000 ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਮਿਲਣ ਦਾ ਦਾਅਵਾ ਜੇਕਰ ਸਹੀ ਹੈ ਤਾਂ ਇਹ ਕਪੂਰਥਲਾ ਲਈ ਨਿਸ਼ਚਤ ਤੌਰ ’ਤੇ ਮਹੱਤਵਪੂਰਨ ਉਪਲਬਧੀ ਹੈ। ਪਰ ਅੱਜ ਦਾ ਸਵਾਲ ਇਹ ਹੈ ਕਿ-ਕੀ ਅਗਲੇ ਪੰਜ ਸਾਲਾਂ ਵਿੱਚ ਕਿੰਨੇ ਨਵੇਂ ਰੁਜ਼ਗਾਰ ਪੈਦਾ ਕੀਤੇ ਜਾਣਗੇ ਅਤੇ ਉਨ੍ਹਾਂ ਲਈ ਕੀ ਠੋਸ ਯੋਜਨਾ ਹੈ?
ਕਪੂਰਥਲਾ ਦੇ ਨੌਜਵਾਨਾਂ ਨੂੰ ਪੁਰਾਣੇ ਅੰਕੜਿਆਂ ਨਾਲੋਂ ਨਵੀਆਂ ਨੌਕਰੀਆਂ ਦੀ ਲੋੜ ਹੈ।
ਅੰਤ ਵਿੱਚ ਸਿਆਸੀ ਸਿਹਰੇ ਦੀ ਇਹ ਲੜਾਈ ਲੋਕਾਂ ਦੀਆਂ ਅਸਲ ਸਮੱਸਿਆਵਾਂ ਨੂੰ ਪਿੱਛੇ ਨਹੀਂ ਛੱਡ ਸਕਦੀ। ਅਕਾਲੀ ਦਲ ਆਪਣੇ ਕੰਮ ਗਿਣਾਏ, ਮੌਜੂਦਾ ਸਰਕਾਰ ਆਪਣੇ ਕੰਮਾਂ ਦਾ ਹਿਸਾਬ ਦੇਵੇ ਅਤੇ ਹਰ ਸਿਆਸੀ ਧਿਰ ਆਪਣਾ ਭਵਿੱਖੀ ਰੋਡਮੈਪ ਲੋਕਾਂ ਸਾਹਮਣੇ ਰੱਖੇ।
ਸ਼੍ਰੋਮਣੀ ਅਕਾਲੀ ਦਲ ਨੇ ਕਪੂਰਥਲਾ ਨੂੰ ਪ੍ਰਯੋਗਸ਼ਾਲਾ ਬਣਾਇਆ
ਹੁਣ ਤੱਕ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਸ. ਰਘਵੀਰ ਸਿੰਘ ਤੋਂ ਬਾਅਦ ਕਪੂਰਥਲਾ ਨੂੰ ਲਗਾਤਾਰ ਪ੍ਰਯੋਗਸ਼ਾਲਾ ਨੂੰ ਬਣਾਇਆ ਹੋਇਆ ਹੈ। ਕਪੂਰਥਲਾ ਤੋਂ ਕਾਂਗਰਸੀ ਆਗੂ ਅਤੇ ਊੱਘੇ ਸ਼ਰਾਬ ਕਾਰੋਬਾਰੀ ਅਤੇ ਮਜੂਦਾ MLA ਰਾਣਾ ਗੁਰਜੀਤ ਸਿੰਘ ਲਗਾਤਾਰ ਆਪਣੀ ਸਥਿਤੀ ਮਜ਼ਬੂਤ ਕਰਦੇ ਗਏ, ਇਸ ਦੇ ਉਲਟ ਸ਼੍ਰੋਮਣੀ ਅਕਾਲੀ ਦਲ ਨੇ ਕਪੂਰਥਲਾ ਨੂੰ ਲਗਾਤਾਰ ਬਦਲ ਬਦਲ ਕੇ ਕੇਡੀਡੇਟ ਦਿੱਤੇ। ਜਿਸ ਦਾ ਨਤੀਜਾ ਇਹ ਨਿਕਲਿਆ ਕਿ ਹਲਕੇ ਵਿੱਚ ਕਾਂਗਰਸ ਦੀ ਸਥਿਤੀ ਮਜ਼ਬੂਤ ਹੁੰਦੀ ਗਈ। ਅਕਾਲੀਦਲ ਹਾਸ਼ੀਏ ਤੇ ਆ ਗਿਆ।
ਕਪੂਰਥਲਾ ਦੇ ਲੋਕਾਂ ਲਈ ਸਵਾਲ ਸਿੱਧਾ ਹੈ—ਕਿਸ ਨੇ ਕੀ ਬਣਾਇਆ ਨਾਲੋਂ ਵੱਧ ਜ਼ਰੂਰੀ ਹੈ ਕਿ ਸ਼ਹਿਰ ਵਿੱਚ ਅੱਜ ਕੀ ਬਦਲਿਆ ਹੈ।
