ਕਿਹੜੇ ਦੋ ਵਿਧਾਇਕਾਂ ਨੇ ਦਿੱਤਾ ਅਸਤੀਫ਼ਾ?
ਜਾਣਕਾਰੀ ਅਨੁਸਾਰ ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਅਤੇ ਹਲਕਾ ਸਮਾਣਾ ਤੋਂ ਵਿਧਾਇਕ ਚੇਤਨ ਸਿੰਘ ਜੋੜਾਮਾਜਰਾ ਨੇ ਪੰਜਾਬ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਦੋਵਾਂ ਦੇ ਅਚਾਨਕ ਲਏ ਇਸ ਫ਼ੈਸਲੇ ਤੋਂ ਬਾਅਦ ਪੰਜਾਬ ਦੇ ਸਿਆਸੀ ਗਲਿਆਰਿਆਂ ਵਿੱਚ ਚਰਚਾ ਸ਼ੁਰੂ ਹੋ ਗਈ ਹੈ।ਇਹ ਘਟਨਾਕ੍ਰਮ ਉਸ ਸਮੇਂ ਸਾਹਮਣੇ ਆਇਆ ਹੈ, ਜਦੋਂ ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਲਈ ਆਪਣੀ ਪਹਿਲੀ ਸੂਚੀ ਵੀ ਜਾਰੀ ਕੀਤੀ ਜਾ ਚੁੱਕੀ ਹੈ।
ਬਲਤੇਜ ਪੰਨੂ ਨੇ ਕੀਤਾ BJP ‘ਚ ਜਾਣ ਦਾ ਦਾਅਵਾ
ਦੋਵਾਂ ਵਿਧਾਇਕਾਂ ਦੇ ਅਸਤੀਫ਼ਿਆਂ ਤੋਂ ਬਾਅਦ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਅਤੇ ‘ਆਪ’ ਦੇ ਸੀਨੀਅਰ ਆਗੂ ਬਲਤੇਜ ਪੰਨੂ ਨੇ ਸੋਸ਼ਲ ਮੀਡੀਆ ‘ਤੇ ਪ੍ਰਤੀਕਿਰਿਆ ਦਿੱਤੀ।ਉਨ੍ਹਾਂ ਕਿਹਾ ਕਿ ਦੋਵਾਂ ਵਿਧਾਇਕਾਂ ਨੇ ਭਾਵੇਂ ਅੱਜ ਅਸਤੀਫ਼ਾ ਦਿੱਤਾ ਹੈ, ਪਰ ਉਨ੍ਹਾਂ ਦੀਆਂ ਗਤੀਵਿਧੀਆਂ ਕਾਰਨ ਪਾਰਟੀ ਨੇ ਪਹਿਲਾਂ ਹੀ ਉਨ੍ਹਾਂ ਨੂੰ ਪਾਸੇ ਕਰ ਦਿੱਤਾ ਸੀ।
ਬਲਤੇਜ ਪੰਨੂ ਨੇ ਦਾਅਵਾ ਕੀਤਾ ਕਿ ਹੁਣ ਇਹ ਦੋਵੇਂ ਵਿਧਾਇਕ ਭਾਜਪਾ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਨੇ ਭਾਜਪਾ ‘ਤੇ ਤਨਜ਼ ਕੱਸਦਿਆਂ ਕਿਹਾ ਕਿ ਪਾਰਟੀ ਪੰਜਾਬ ਵਿੱਚ ਅਜਿਹੇ ਲੋਕਾਂ ਨੂੰ ਆਪਣੇ ਨਾਲ ਜੋੜ ਰਹੀ ਹੈ, ਜਿਨ੍ਹਾਂ ਨੂੰ ਹੋਰ ਪਾਰਟੀਆਂ ਨੇ ਨਕਾਰ ਦਿੱਤਾ ਹੈ।
ਆਮ ਆਦਮੀ ਪਾਰਟੀ ਦੇ ਦੋ ਵਿਧਾਇਕਾਂ ਨੇ ਅੱਜ ਪਾਰਟੀ ਤੋਂ ਅਸਤੀਫ਼ਾ ਦਿੱਤਾ ਹੈ ਪਰ ਇਨਾਂ ਦੋਵਾਂ ਦੀਆਂ ਹਰਕਤਾਂ ਕਰਕੇ ਪਾਰਟੀ ਨੇ ਪਹਿਲਾਂ ਹੀ ਇਨਾਂ ਨੂੰ ਲਾਂਭੇ ਕੀਤਾ ਹੋਇਆ ਸੀ
ਹੁਣ ਇਹ ਦੋਵੇਂ ਉਸ ਭਾਜਪਾ ਵਿਚ ਜਾਣਗੇ ਜਿਸ ਨੂੰ ਪੰਜਾਬ ਵਿਚ ਉਮੀਦਵਾਰ ਨਹੀਂ ਲੱਭ ਰਹੇ, ਭਾਜਪਾ ਰਹਿੰਦ ਖੂੰਦ ਵਾਲੀ ਪਾਰਟੀ ਹੀ ਹੈ ਜਿਸ ਕੋਲ ਪਾਰਟੀਆਂ ਦੇ ਕੱਢੇ ਲੋਕ ਹੀ ਜਾਂਦੇ ਹਨ
@AAPPunjab @BhagwantMann— Baltej Pannu (@BaltejPannu) November 1, 2026
ਅਮਨ ਅਰੋੜਾ ਨੇ ਵੀ ਭਾਜਪਾ ‘ਤੇ ਚੁੱਕੇ ਸਵਾਲ
‘ਆਪ’ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਵੀ ਇਸ ਮਾਮਲੇ ‘ਤੇ ਆਪਣਾ ਪੱਖ ਰੱਖਿਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਹਮੇਸ਼ਾ ਪੰਜਾਬ ਦੇ ਹਿੱਤਾਂ ਨੂੰ ਪਹਿਲ ਦਿੱਤੀ ਹੈ।ਉਨ੍ਹਾਂ ਮੁਤਾਬਕ ਜੇਕਰ ਪਾਰਟੀ ਦੇ ਕਿਸੇ ਆਗੂ ਨੇ ਭ੍ਰਿਸ਼ਟਾਚਾਰ ਕੀਤਾ ਜਾਂ ਪੰਜਾਬ ਦੇ ਹਿੱਤਾਂ ਦੇ ਵਿਰੁੱਧ ਕੰਮ ਕੀਤਾ ਤਾਂ ਪਾਰਟੀ ਨੇ ਉਸ ਵਿਰੁੱਧ ਕਾਰਵਾਈ ਕੀਤੀ ਹੈ।ਅਮਨ ਅਰੋੜਾ ਨੇ ਦੋਸ਼ ਲਗਾਇਆ ਕਿ ਭਾਜਪਾ ਆਪਣਾ ਸਿਆਸੀ ਆਧਾਰ ਮਜ਼ਬੂਤ ਕਰਨ ਦੀ ਬਜਾਏ ਦੂਜੀਆਂ ਪਾਰਟੀਆਂ ਵਿੱਚੋਂ ਕੱਢੇ ਗਏ ਆਗੂਆਂ ਨੂੰ ਆਪਣੇ ਨਾਲ ਜੋੜ ਰਹੀ ਹੈ। ਉਨ੍ਹਾਂ ਨੇ ਹਰਮੀਤ ਸਿੰਘ ਪਠਾਨਮਾਜਰਾ ਨਾਲ ਜੁੜੇ ਪੁਲਿਸ ‘ਤੇ ਗੋਲੀਬਾਰੀ ਅਤੇ ਬਲਾਤਕਾਰ ਦੇ ਦੋਸ਼ਾਂ ਦਾ ਹਵਾਲਾ ਦਿੰਦਿਆਂ ਵੀ ਭਾਜਪਾ ਨੂੰ ਘੇਰਿਆ।
ਕੀ ਦੋਵੇਂ ਵਿਧਾਇਕ ਭਾਜਪਾ ਵਿੱਚ ਹੋਣਗੇ ਸ਼ਾਮਲ?
ਦੋ ਵਿਧਾਇਕਾਂ ਦੇ ਅਸਤੀਫ਼ਿਆਂ ਤੋਂ ਬਾਅਦ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਹਰਮੀਤ ਸਿੰਘ ਪਠਾਨਮਾਜਰਾ ਅਤੇ ਚੇਤਨ ਸਿੰਘ ਜੋੜਾਮਾਜਰਾ ਭਾਜਪਾ ਦਾ ਪੱਲਾ ਫੜਨਗੇ? ਫਿਲਹਾਲ ਇਸ ਸਬੰਧੀ ‘ਆਪ’ ਆਗੂਆਂ ਵੱਲੋਂ ਦਾਅਵੇ ਕੀਤੇ ਗਏ ਹਨ, ਪਰ ਦੋਵਾਂ ਵਿਧਾਇਕਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੀ ਕੋਈ ਅਧਿਕਾਰਤ ਪੁਸ਼ਟੀ ਸਾਹਮਣੇ ਨਹੀਂ ਆਈ ਹੈ।
ਹੁਣ ਆਉਣ ਵਾਲੇ ਦਿਨਾਂ ਵਿੱਚ ਦੋਵਾਂ ਵਿਧਾਇਕਾਂ ਦਾ ਅਗਲਾ ਸਿਆਸੀ ਕਦਮ ਅਤੇ ਇਸ ਮਾਮਲੇ ‘ਤੇ ਭਾਜਪਾ ਦਾ ਰੁਖ਼ ਮਹੱਤਵਪੂਰਨ ਰਹੇਗਾ।
