ਜਨਮਦਿਨ ਦੀ ਪਾਰਟੀ ਤੋਂ ਬਾਅਦ ਵਾਪਰਿਆ ਹਾਦਸਾ
ਜਾਣਕਾਰੀ ਅਨੁਸਾਰ ਦੋਵੇਂ ਨੌਜਵਾਨ ਆਪਣੇ ਦੋਸਤ ਦੀ ਜਨਮਦਿਨ ਪਾਰਟੀ ਵਿੱਚ ਸ਼ਾਮਲ ਹੋਣ ਗਏ ਸਨ। ਪਾਰਟੀ ਤੋਂ ਬਾਅਦ ਉਹ ਆਪਣੇ ਤਿੰਨ ਹੋਰ ਸਾਥੀਆਂ ਨਾਲ ਫਾਕਸਵੈਗਨ ਕਾਰ ਵਿੱਚ ਘੁੰਮਣ ਲਈ ਨਿਕਲੇ ਸਨ। ਇਸ ਦੌਰਾਨ ਜਦੋਂ ਉਨ੍ਹਾਂ ਦੀ ਕਾਰ ਪੁਲਸ ਲਾਈਨ ਨੇੜੇ ਫਲਾਈਓਵਰ ਤੋਂ ਲੰਘ ਰਹੀ ਸੀ ਤਾਂ ਸੜਕ ‘ਤੇ ਖੜ੍ਹੀ ਨਗਰ ਨਿਗਮ ਦੀ ਟਰੈਕਟਰ-ਟਰਾਲੀ ਨਾਲ ਜ਼ੋਰਦਾਰ ਟੱਕਰ ਹੋ ਗਈ।ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਦੋ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਮ੍ਰਿਤਕਾਂ ਦੀ ਪਛਾਣ, ਦੋਵੇਂ 18-19 ਸਾਲ ਦੇ ਸਨ
ਮ੍ਰਿਤਕਾਂ ਦੀ ਪਛਾਣ ਵਿਦਿਤ ਔਲਖ ਅਤੇ ਆਰਵ ਤਲਵਾੜ ਵਜੋਂ ਹੋਈ ਹੈ। ਵਿਦਿਤ ਔਲਖ ਮਸ਼ਹੂਰ ਪੰਜਾਬੀ ਮਿਊਜ਼ਿਕ ਕੰਪਨੀ Speed Records ਦੇ ਮਾਲਕ ਦਿਨੇਸ਼ ਔਲਖ ਦਾ ਪੁੱਤਰ ਸੀ, ਜਦਕਿ ਆਰਵ ਤਲਵਾੜ ਪੱਪੀ ਸਵੀਟਸ ਦੇ ਮਾਲਕ ਦਾ ਪੁੱਤਰ ਸੀ। ਦੋਵਾਂ ਦੀ ਉਮਰ ਕਰੀਬ 18 ਤੋਂ 19 ਸਾਲ ਦੱਸੀ ਜਾ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਕਾਰ ਵਿੱਚ ਆਮ ਆਦਮੀ ਪਾਰਟੀ ਦੇ ਇੱਕ ਕੌਂਸਲਰ ਦਾ ਪੁੱਤਰ ਵੀ ਸਵਾਰ ਸੀ, ਜੋ ਇਸ ਹਾਦਸੇ ਵਿੱਚ ਸੁਰੱਖਿਅਤ ਰਿਹਾ। ਬਾਕੀ ਦੋ ਨੌਜਵਾਨਾਂ ਬਾਰੇ ਵੀ ਸ਼ੁਰੂਆਤੀ ਜਾਣਕਾਰੀ ਸਾਹਮਣੇ ਆਈ ਹੈ ਕਿ ਉਹ ਘਰ ਪਹੁੰਚ ਗਏ ਸਨ।
ਫਲਾਈਓਵਰ ‘ਤੇ ਖੜ੍ਹੀ ਸੀ ਨਗਰ ਨਿਗਮ ਦੀ ਟਰੈਕਟਰ-ਟਰਾਲੀ
ਥਾਣਾ ਬਾਰਾਦਰੀ ਦੇ ਐੱਸਐੱਚਓ ਸਾਹਿਲ ਚੌਧਰੀ ਮੁਤਾਬਕ ਪੁਲਸ ਨੂੰ ਤੜਕੇ ਕਰੀਬ 3 ਵਜੇ ਹਾਦਸੇ ਦੀ ਸੂਚਨਾ ਮਿਲੀ ਸੀ। ਪੁਲਸ ਟੀਮ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ।ਮੁੱਢਲੀ ਜਾਣਕਾਰੀ ਅਨੁਸਾਰ ਹਾਦਸੇ ਸਮੇਂ ਨਗਰ ਨਿਗਮ ਦੇ ਸਫ਼ਾਈ ਕਰਮਚਾਰੀ ਫਲਾਈਓਵਰ ‘ਤੇ ਸਫ਼ਾਈ ਕਰ ਰਹੇ ਸਨ। ਕੂੜਾ ਇਕੱਠਾ ਕਰਨ ਲਈ ਟਰੈਕਟਰ-ਟਰਾਲੀ ਉੱਥੇ ਖੜ੍ਹੀ ਕੀਤੀ ਗਈ ਸੀ। ਕਾਰ ਬੀਐੱਮਸੀ ਚੌਕ ਵੱਲੋਂ ਬੀਐੱਸਐੱਫ ਚੌਕ ਵੱਲ ਜਾ ਰਹੀ ਸੀ, ਜਦੋਂ ਇਹ ਹਾਦਸਾ ਵਾਪਰਿਆ।
ਪਰਿਵਾਰਾਂ ਨੂੰ ਸੌਂਪੀਆਂ ਮ੍ਰਿਤਕਾਂ ਦੀਆਂ ਦੇਹਾਂ
ਪੁਲਸ ਨੇ ਦੋਵਾਂ ਨੌਜਵਾਨਾਂ ਦੀਆਂ ਦੇਹਾਂ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਸੀ। ਐੱਸਐੱਚਓ ਅਨੁਸਾਰ ਪਰਿਵਾਰਾਂ ਵੱਲੋਂ ਕਾਨੂੰਨੀ ਕਾਰਵਾਈ ਕਰਵਾਉਣ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਦੇਹਾਂ ਉਨ੍ਹਾਂ ਨੂੰ ਸੌਂਪ ਦਿੱਤੀਆਂ ਗਈਆਂ।ਇਸ ਹਾਦਸੇ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਦੋਵਾਂ ਪਰਿਵਾਰਾਂ ਵਿੱਚ ਸੋਗ ਦੀ ਲਹਿਰ ਹੈ। ਛੋਟੀ ਉਮਰ ਵਿੱਚ ਦੋ ਨੌਜਵਾਨਾਂ ਦੀ ਮੌਤ ਨੇ ਇਲਾਕੇ ਨੂੰ ਵੀ ਝੰਜੋੜ ਕੇ ਰੱਖ ਦਿੱਤਾ ਹੈ।
