Khanna Gas Tragedy : ਸਲਫਾਸ ਦੀ ਜ਼ਹਿਰੀਲੀ ਗੈਸ ਕਾਰਨ ਮੌਤ ਦੇ ਦਰਦਨਾਕ ਮਾਮਲੇ ਨੇ ਲੁਧਿਆਣਾ ਜ਼ਿਲ੍ਹੇ ਦੇ ਨੇੜਲੇ ਪਿੰਡ ਖਨਿਆਣ ਨੂੰ ਸੋਗ ਵਿੱਚ ਡੁੱਬੋ ਦਿੱਤਾ ਹੈ।ਘਰ ਦੇ ਸਟੋਰ ਵਿੱਚ ਰੱਖੀਆਂ ਸਲਫਾਸ ਦੀਆਂ ਗੋਲੀਆਂ ਤੋਂ ਨਿਕਲੀ ਜ਼ਹਿਰੀਲੀ ਗੈਸ ਕਾਰਨ ਇੱਕ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਇਸ ਹਾਦਸੇ ਵਿੱਚ 13 ਦਿਨਾਂ ਦੀ ਮਾਸੂਮ ਹਰਸੀਰਤ ਕੌਰ ਅਤੇ ਕਰੀਬ 4 ਸਾਲਾ ਮਨਰਾਜ ਸਿੰਘ ਦੀ ਮੌਤ ਹੋ ਗਈ, ਜਦਕਿ ਪਰਿਵਾਰ ਦੇ ਤਿੰਨ ਹੋਰ ਮੈਂਬਰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।
ਜਾਣਕਾਰੀ ਅਨੁਸਾਰ ਪਰਿਵਾਰ ਨੇ ਕਣਕ ਨੂੰ ਕੀੜਿਆਂ ਤੋਂ ਬਚਾਉਣ ਲਈ ਸਟੋਰ ਵਿੱਚ ਰੱਖੇ ਅਨਾਜ ਦੇ ਢੋਲ ਵਿੱਚ ਸਲਫਾਸ ਦੀਆਂ ਗੋਲੀਆਂ ਪਾਈਆਂ ਹੋਈਆਂ ਸਨ। ਸਟੋਰ ਦਾ ਦਰਵਾਜ਼ਾ ਬੈੱਡਰੂਮ ਨਾਲ ਲੱਗਦਾ ਹੋਣ ਕਾਰਨ ਰਾਤ ਸਮੇਂ ਜ਼ਹਿਰੀਲੀ ਗੈਸ ਕਮਰੇ ਵਿੱਚ ਫੈਲ ਗਈ, ਜਿਸ ਨਾਲ ਘਰ ਦੇ ਮੈਂਬਰ ਇਸ ਦੀ ਲਪੇਟ ਵਿੱਚ ਆ ਗਏ।
ਹਾਦਸੇ ਤੋਂ ਬਾਅਦ ਦੋ ਬੱਚੀਆਂ ਅਤੇ ਇੱਕ ਮਹਿਲਾ ਨੂੰ ਗੰਭੀਰ ਹਾਲਤ ਵਿੱਚ ਪਹਿਲਾਂ ਸਥਾਨਕ ਹਸਪਤਾਲ ਲਿਆਂਦਾ ਗਿਆ, ਜਿੱਥੋਂ ਉਨ੍ਹਾਂ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਸਿਹਤ ਵਿਭਾਗ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ। ਮੁੱਢਲੀ ਜਾਂਚ ਵਿੱਚ ਹਾਦਸੇ ਦਾ ਕਾਰਨ ਸਲਫਾਸ ਤੋਂ ਨਿਕਲੀ ਜ਼ਹਿਰੀਲੀ ਗੈਸ ਮੰਨਿਆ ਗਿਆ ਹੈ। ਪ੍ਰਸ਼ਾਸਨ ਵੱਲੋਂ ਮਾਮਲੇ ਦੀ ਵਿਸਥਾਰ ਨਾਲ ਜਾਂਚ ਕੀਤੀ ਜਾ ਰਹੀ ਹੈ।