Punjab News: ਕੈਨੇਡਾ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਐਡਮੰਟਨ ਸ਼ਹਿਰ ਵਿੱਚ ਰਹਿ ਰਹੀ ਪੰਜਾਬ ਦੀ 23 ਸਾਲਾ ਨੌਜਵਾਨ ਕੁੜੀ ਦਮਨਪ੍ਰੀਤ ਕੌਰ ਦੀ ਉਸ ਦੇ ਲਿਵ-ਇਨ ਪਾਰਟਨਰ ਵੱਲੋਂ ਕਥਿਤ ਤੌਰ ‘ਤੇ ਹੱਤਿਆ ਕਰ ਦਿੱਤੀ ਗਈ। ਪੁਲਿਸ ਮੁਤਾਬਕ ਦੋਵਾਂ ਵਿਚਕਾਰ ਹੋਏ ਝਗੜੇ ਦੌਰਾਨ ਦਮਨਪ੍ਰੀਤ ਦਾ ਗਲਾ ਘੁੱਟਿਆ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਮਿਲੀ ਜਾਣਕਾਰੀ ਮੁਤਾਬਕ, ਮ੍ਰਿਤਕਾ ਦੀ ਪਛਾਣ ਲੁਧਿਆਣਾ ਦੇ ਸਮਰਾਲਾ ਦੀ ਰਹਿਣ ਵਾਲੀ 23 ਸਾਲਾ ਦਮਨਪ੍ਰੀਤ ਕੌਰ ਵਜੋਂ ਹੋਈ ਹੈ। ਦਮਨਪ੍ਰੀਤ ਕਰੀਬ ਪੰਜ ਸਾਲ ਪਹਿਲਾਂ ਸਟੱਡੀ ਵੀਜ਼ੇ ‘ਤੇ ਕੈਨੇਡਾ ਗਈ ਸੀ। ਪੜ੍ਹਾਈ ਕਰਦੇ ਸਮੇਂ ਉਸ ਦੀ ਜਾਣ-ਪਛਾਣ ਦਿੱਲੀ ਦੇ ਰਹਿਣ ਵਾਲੇ 22 ਸਾਲਾ ਰਿਤੇਸ਼ ਕੁਮਾਰ ਨਾਲ ਹੋਈ ਅਤੇ ਬਾਅਦ ਵਿੱਚ ਦੋਵੇਂ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿਣ ਲੱਗ ਪਏ। ਇਸ ਤੋਂ ਬਾਅਦ, 9 ਜੁਲਾਈ ਨੂੰ ਸ਼ਾਮ 6:44 ਵਜੇ ਐਡਮੰਟਨ ਪੁਲਿਸ ਨੂੰ ਇੱਕ ਘਰ ਤੋਂ ਐਮਰਜੈਂਸੀ ਕਾਲ ਮਿਲੀ। ਮੌਕੇ ‘ਤੇ ਪਹੁੰਚੀ ਪੁਲਿਸ ਅਤੇ ਪੈਰਾਮੈਡਿਕ ਟੀਮ ਨੇ ਦਮਨਪ੍ਰੀਤ ਨੂੰ ਬੇਹੋਸ਼ ਹਾਲਤ Canada News ਹਸਪਤਾਲ ਪਹੁੰਚਾਇਆ। ਹਾਲਾਂਕਿ, ਇਲਾਜ ਦੌਰਾਨ 12 ਜੁਲਾਈ ਨੂੰ ਉਸ ਦੀ ਮੌਤ ਹੋ ਗਈ।
14 ਜੁਲਾਈ ਨੂੰ ਹੋਈ ਪੋਸਟਮਾਰਟਮ ਜਾਂਚ ਵਿੱਚ ਸਾਹਮਣੇ ਆਇਆ ਕਿ ਦਮਨਪ੍ਰੀਤ ਦੀ ਮੌਤ ਗਲਾ ਘੁੱਟਣ ਕਾਰਨ ਹੋਈ ਸੀ। ਇਸ ਤੋਂ ਬਾਅਦ, ਐਡਮੰਟਨ ਪੁਲਿਸ ਦੀ ਹੋਮੀਸਾਈਡ ਯੂਨਿਟ ਨੇ ਜਾਂਚ ਤੇਜ਼ ਕਰਦਿਆਂ 22 ਜੁਲਾਈ ਨੂੰ ਰਿਤੇਸ਼ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ। ਫਿਰ, ਪੁਲਿਸ ਨੇ ਰਿਤੇਸ਼ ਕੁਮਾਰ ਖ਼ਿਲਾਫ਼ Second-Degree Murder ਦਾ ਮਾਮਲਾ ਦਰਜ ਕੀਤਾ। ਇਸ ਦੌਰਾਨ, ਅਧਿਕਾਰੀਆਂ ਨੇ ਦੱਸਿਆ ਕਿ ਇਹ ਘਰੇਲੂ ਹਿੰਸਾ (Domestic Violence) ਅਤੇ ਨਜ਼ਦੀਕੀ ਸਾਥੀ ਵੱਲੋਂ ਕੀਤੀ ਗਈ ਹਿੰਸਾ (Intimate Partner Violence) ਦਾ ਮਾਮਲਾ ਹੈ। ਫਿਲਹਾਲ, ਜਾਂਚ ਵਿੱਚ ਕਿਸੇ ਹੋਰ ਵਿਅਕਤੀ ਦੀ ਭੂਮਿਕਾ ਸਾਹਮਣੇ ਨਹੀਂ ਆਈ।
ਦਮਨਪ੍ਰੀਤ ਦੀ ਮੌਤ ਤੋਂ ਬਾਅਦ, ਉਸ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਅਤੇ ਅੰਤਿਮ ਸੰਸਕਾਰ ਦੇ ਖਰਚੇ ਪੂਰੇ ਕਰਨ ਲਈ GoFundMe ਮੁਹਿੰਮ ਸ਼ੁਰੂ ਕੀਤੀ ਗਈ ਹੈ। ਫਿਲਹਾਲ, ਪਰਿਵਾਰ ਆਰਥਿਕ ਤੰਗੀ ਨਾਲ ਜੂਝ ਰਿਹਾ ਹੈ ਅਤੇ ਮ੍ਰਿਤਕ ਦੇਹ ਭਾਰਤ ਕਦੋਂ ਪਹੁੰਚੇਗੀ, ਇਸ ਬਾਰੇ ਅਜੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ। ਇਸ ਦੌਰਾਨ, ਪੁਲਿਸ ਨੇ ਦੱਸਿਆ ਕਿ ਦੋਵਾਂ ਵਿਚਕਾਰ ਝਗੜਾ ਕਿਸ ਗੱਲ ਨੂੰ ਲੈ ਕੇ ਹੋਇਆ ਸੀ, ਇਸ ਸਬੰਧੀ ਜਾਂਚ ਅਜੇ ਵੀ ਜਾਰੀ ਹੈ। ਇਸ ਤੋਂ ਇਲਾਵਾ, ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ, ਜਿੱਥੇ ਉਸ ਖ਼ਿਲਾਫ਼ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।