ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਮਹਾਮੰਤਰੀ ਅਤੇ ਰਾਜ ਸਭਾ ਮੈਂਬਰ ਤਰੁਣ ਚੁੱਗ ਨੇ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਪਿਛਲੇ 12 ਸਾਲਾਂ ਦੌਰਾਨ ਸਮਾਰਟ ਸਿਟੀ ਮਿਸ਼ਨ ਤਹਿਤ ਪੰਜਾਬ ਦੇ ਤਿੰਨ ਵੱਡੇ ਸ਼ਹਿਰਾਂ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਲਈ 4,485 ਕਰੋੜ ਰੁਪਏ ਦੇ ਪ੍ਰੋਜੈਕਟ ਮਨਜ਼ੂਰ ਕੀਤੇ ਹਨ। ਇਹ ਜਾਣਕਾਰੀ ਉਨ੍ਹਾਂ ਨੂੰ ਰਾਜ ਸਭਾ ਵਿੱਚ ਪੁੱਛੇ ਗਏ ਤਾਰਾਂਕਿਤ ਸਵਾਲ ਦੇ ਜਵਾਬ ਵਿੱਚ ਕੇਂਦਰੀ ਆਵਾਸਨ ਅਤੇ ਸ਼ਹਿਰੀ ਕਾਰਜ ਮੰਤਰਾਲੇ ਵੱਲੋਂ ਦਿੱਤੀ ਗਈ।
ਤਰੁਣ ਚੁੱਗ ਨੇ ਦੱਸਿਆ ਕਿ ਅੰਮ੍ਰਿਤਸਰ ਵਿੱਚ 44 ਪ੍ਰੋਜੈਕਟਾਂ ਲਈ 1,911 ਕਰੋੜ ਰੁਪਏ, ਜਲੰਧਰ ਵਿੱਚ 78 ਪ੍ਰੋਜੈਕਟਾਂ ਲਈ 1,186 ਕਰੋੜ ਰੁਪਏ ਅਤੇ ਲੁਧਿਆਣਾ ਵਿੱਚ 82 ਪ੍ਰੋਜੈਕਟਾਂ ਲਈ 1,388 ਕਰੋੜ ਰੁਪਏ ਖਰਚ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਪਾਰਕਿੰਗ, ਖੇਡ ਬੁਨਿਆਦੀ ਢਾਂਚੇ, ਠੋਸ ਕੂੜਾ ਪ੍ਰਬੰਧਨ, ਪਾਣੀ ਸਪਲਾਈ, ਹਰਿਆਲੀ ਅਤੇ ਹੋਰ ਸ਼ਹਿਰੀ ਸਹੂਲਤਾਂ ਨੂੰ ਮਜ਼ਬੂਤ ਬਣਾਉਣ ਲਈ ਸ਼ੁਰੂ ਕੀਤੇ ਗਏ ਹਨ।
ਤਰੁਣ ਚੁੱਗ ਨੇ ਕਿਹਾ ਕਿ ਮੰਤਰਾਲੇ ਦੇ ਅੰਕੜਿਆਂ ਅਨੁਸਾਰ 31 ਮਾਰਚ 2026 ਤੱਕ ਪੰਜਾਬ ਦੇ ਤਿੰਨਾਂ ਸਮਾਰਟ ਸ਼ਹਿਰਾਂ ਵਿੱਚ 204 ਵਿੱਚੋਂ 190 ਪ੍ਰੋਜੈਕਟ, ਯਾਨੀ ਲਗਭਗ 93 ਫ਼ੀਸਦੀ, ਪੂਰੇ ਹੋ ਚੁੱਕੇ ਹਨ। ਇਨ੍ਹਾਂ ‘ਤੇ ਕਰੀਬ 4,148 ਕਰੋੜ ਰੁਪਏ ਖਰਚ ਕੀਤੇ ਗਏ ਹਨ। ਉਨ੍ਹਾਂ ਇਸ ਨੂੰ ਕੇਂਦਰ ਸਰਕਾਰ ਦੀ ਵਿਕਾਸ ਪ੍ਰਤੀਬੱਧਤਾ ਅਤੇ ਸਮੇਂ ਸਿਰ ਪ੍ਰੋਜੈਕਟ ਪੂਰੇ ਕਰਨ ਦੀ ਕਾਰਜ-ਸ਼ੈਲੀ ਦਾ ਸਬੂਤ ਕਰਾਰ ਦਿੱਤਾ।
ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿੱਚ ਕੈਰੋਂ ਮਾਰਕੀਟ ਮਲਟੀ-ਲੈਵਲ ਕਾਰ ਪਾਰਕਿੰਗ, ਜਲੰਧਰ ਵਿੱਚ ਬਰਲਟਨ ਪਾਰਕ ਸਪੋਰਟਸ ਹੱਬ ਅਤੇ ਠੋਸ ਕੂੜਾ ਪ੍ਰਬੰਧਨ ਪ੍ਰੋਜੈਕਟ, ਜਦਕਿ ਲੁਧਿਆਣਾ ਵਿੱਚ ਗੁਰੂ ਨਾਨਕ ਸਟੇਡੀਅਮ ਦੀ ਫਲੱਡ ਲਾਈਟ ਪ੍ਰਣਾਲੀ, ਜਮਾਲਪੁਰ ਡੰਪ ਦਾ ਬਾਇਓ-ਰਿਮੀਡੀਏਸ਼ਨ ਅਤੇ ਨਹਿਰੂ ਰੋਜ਼ ਗਾਰਡਨ ਦੇ ਵਿਕਾਸ ਵਰਗੇ ਪ੍ਰੋਜੈਕਟਾਂ ਨੇ ਸ਼ਹਿਰਾਂ ਦੀ ਤਸਵੀਰ ਬਦਲ ਦਿੱਤੀ ਹੈ।
ਤਰੁਣ ਚੁੱਗ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਸ਼ਹਿਰੀ ਵਿਕਾਸ ਲਈ ਲੋੜੀਂਦੇ ਵਿੱਤੀ ਸਰੋਤ ਅਤੇ ਬੁਨਿਆਦੀ ਢਾਂਚਾ ਮੁਹੱਈਆ ਕਰਵਾਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਪ੍ਰੋਜੈਕਟਾਂ ਦਾ ਲਾਭ ਹੁਣ ਲੋਕਾਂ ਨੂੰ ਸਿੱਧੇ ਤੌਰ ‘ਤੇ ਮਿਲ ਰਿਹਾ ਹੈ।