Sonu Nigam Surgery Video: ਮਸ਼ਹੂਰ ਗਾਇਕ ਸੋਨੂੰ ਨਿਗਮ ਆਪਣੀ ਸੁਰੀਲੀ ਆਵਾਜ਼ ਲਈ ਦੁਨੀਆ ਭਰ ਵਿੱਚ ਜਾਣੇ ਜਾਂਦੇ ਹਨ। ਹਾਲ ਹੀ ਵਿੱਚ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਇੱਕ ਅਜਿਹਾ ਵੀਡੀਓ ਸਾਂਝਾ ਕੀਤਾ ਹੈ, ਜਿਸ ਨੇ ਫੈਨਜ਼ ਦਾ ਦਿਲ ਜਿੱਤ ਲਿਆ ਹੈ। ਵੀਡੀਓ ਵਿੱਚ ਸੋਨੂੰ ਨਿਗਮ ਆਪਣੀ ਸਰਜਰੀ ਦੌਰਾਨ ਹਸਪਤਾਲ ਦੇ ਬੈੱਡ ’ਤੇ ਲੇਟੇ ਹੋਏ ਮੈਡੀਕਲ ਸਟਾਫ ਲਈ ਗੀਤ ਗਾਉਂਦੇ ਨਜ਼ਰ ਆ ਰਹੇ ਹਨ।
ਸਰਜਰੀ ਦੌਰਾਨ ਡਾਕਟਰਾਂ ਲਈ ਗਾਇਆ ਗੀਤ
ਸੋਨੂੰ ਨਿਗਮ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਇਹ ਵੀਡੀਓ ਸ਼ੇਅਰ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਸਰਜਰੀ ਦੌਰਾਨ ਡਾਕਟਰ ਨੀਲੇਸ਼ ਸਤਭਾਰਡ ਅਤੇ ਉਨ੍ਹਾਂ ਦੀ ਪੂਰੀ ਟੀਮ ਲਈ ਅਚਾਨਕ ਇੱਕ ਛੋਟੀ ਜਿਹੀ ਪਰਫਾਰਮੈਂਸ ਦਿੱਤੀ।ਗਾਇਕ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ ਦਰਦ ਦੇ ਬਾਵਜੂਦ ਉਨ੍ਹਾਂ ਨੇ ਗਾਇਆ, ਕਿਉਂਕਿ ਸੰਗੀਤ ਦੀ ਖੁਸ਼ੀ ਹੀ ਕੁਝ ਵੱਖਰੀ ਹੁੰਦੀ ਹੈ। ਉਨ੍ਹਾਂ ਦੀ ਇਹ ਗੱਲ ਸੰਗੀਤ ਪ੍ਰਤੀ ਉਨ੍ਹਾਂ ਦੇ ਜਜ਼ਬੇ ਨੂੰ ਦਰਸਾਉਂਦੀ ਹੈ।
ਵਾਇਰਲ ਹੋ ਰਹੀ ਵੀਡੀਓ ਵਿੱਚ ਸੋਨੂੰ ਨਿਗਮ ਹਸਪਤਾਲ ਦੇ ਬੈੱਡ ’ਤੇ ਦਿਖਾਈ ਦੇ ਰਹੇ ਹਨ। ਇਸ ਦੌਰਾਨ ਉਹ ਮੈਡੀਕਲ ਸਟਾਫ ਦੇ ਸਾਹਮਣੇ ਗੀਤ ਗਾਉਂਦੇ ਨਜ਼ਰ ਆਉਂਦੇ ਹਨ।ਖਾਸ ਗੱਲ ਇਹ ਹੈ ਕਿ ਸੋਨੂੰ ਨੇ ਇਸ ਮੌਕੇ ‘ਸੁਹਾਨੀ ਰਾਤ ਢਲ ਚੁੱਕੀ’ ਗੀਤ ਗਾਇਆ। ਇਹ ਮਸ਼ਹੂਰ ਗੀਤ ਫ਼ਿਲਮ ‘ਦੁਲਾਰੀ’ ਦਾ ਹੈ, ਜੋ 1949 ਵਿੱਚ ਰਿਲੀਜ਼ ਹੋਈ ਸੀ। ਇਹ ਗੀਤ ਮਹਾਨ ਗਾਇਕ ਮੁਹੰਮਦ ਰਫ਼ੀ ਦੀ ਆਵਾਜ਼ ਵਿੱਚ ਸੀ।
View this post on Instagram
ਫੈਨਜ਼ ਅਤੇ ਸੈਲੇਬ੍ਰਿਟੀਜ਼ ਨੇ ਕੀਤੀ ਜਲਦ ਸਿਹਤਯਾਬੀ ਦੀ ਕਾਮਨਾ
ਸੋਨੂੰ ਨਿਗਮ ਦੀ ਪੋਸਟ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਦੇ ਫੈਨਜ਼ ਅਤੇ ਕਈ ਸੈਲੇਬ੍ਰਿਟੀਜ਼ ਨੇ ਕਮੈਂਟ ਕਰਕੇ ਉਨ੍ਹਾਂ ਦੀ ਜਲਦ ਸਿਹਤਯਾਬੀ ਦੀ ਕਾਮਨਾ ਕੀਤੀ।ਮਸ਼ਹੂਰ ਗਾਇਕਾ ਸ਼੍ਰੇਆ ਘੋਸ਼ਾਲ ਨੇ ਵੀ ਸੋਨੂੰ ਨਿਗਮ ਦੀ ਪੋਸਟ ’ਤੇ ਕਮੈਂਟ ਕਰਦਿਆਂ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ। ਉਨ੍ਹਾਂ ਨੇ ਸੋਨੂੰ ਦੇ ਸੰਗੀਤ ਪ੍ਰਤੀ ਸਮਰਪਣ ਅਤੇ ਇਸ ਮੁਸ਼ਕਲ ਹਾਲਾਤ ਵਿੱਚ ਵੀ ਪਰਫੈਕਸ਼ਨ ਨੂੰ ਪ੍ਰੇਰਣਾਦਾਇਕ ਦੱਸਿਆ।
ਸੋਨੂੰ ਨਿਗਮ ਦਾ ਇਹ ਵੀਡੀਓ ਹੁਣ ਸੋਸ਼ਲ ਮੀਡੀਆ ’ਤੇ ਚਰਚਾ ਵਿੱਚ ਹੈ। ਦਰਦ ਦੇ ਵਿਚਕਾਰ ਵੀ ਸੰਗੀਤ ਨੂੰ ਆਪਣੀ ਤਾਕਤ ਬਣਾਉਣ ਵਾਲੇ ਸੋਨੂੰ ਨਿਗਮ ਦੇ ਇਸ ਅੰਦਾਜ਼ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਇੱਕ ਸੱਚੇ ਕਲਾਕਾਰ ਲਈ ਸੰਗੀਤ ਸਿਰਫ਼ ਪੇਸ਼ਾ ਨਹੀਂ, ਸਗੋਂ ਜਜ਼ਬਾ ਵੀ ਹੈ।