Zombie Drug Video Clip: ਕ੍ਰਿਕਟਰ ਤੋਂ ਸਿਆਸਤਦਾਨ ਬਣੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਵੱਲੋਂ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਗਈ ਇੱਕ ਵੀਡੀਓ ਨੂੰ ਲੈ ਕੇ ਪੰਜਾਬ ਦੀ ਸਿਆਸਤ ਵਿੱਚ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਹਰਭਜਨ ਸਿੰਘ ਨੇ ਵੀਡੀਓ ਨੂੰ ਪੰਜਾਬ ਵਿੱਚ ਨਸ਼ਿਆਂ ਦੇ ਵਧਦੇ ਖ਼ਤਰੇ ਨਾਲ ਜੋੜਦਿਆਂ ਚਿੰਤਾ ਜ਼ਾਹਰ ਕੀਤੀ, ਪਰ ਪੰਜਾਬ ਪੁਲਿਸ ਨੇ ਵੀਡੀਓ ਦੀ ਲੋਕੇਸ਼ਨ ਨੂੰ ਲੈ ਕੇ ਵੱਖਰਾ ਦਾਅਵਾ ਕੀਤਾ ਹੈ।
ਹਰਭਜਨ ਸਿੰਘ ਨੇ ਸਾਂਝੀ ਕੀਤੀ ਵੀਡੀਓ ਵਿੱਚ ਦੋ ਪੱਗਾਂ ਬੰਨੇ ਨੌਜਵਾਨ ਸੜਕ ਕਿਨਾਰੇ ਅਸਥਿਰ ਹਾਲਤ ਵਿੱਚ ਦਿਖਾਈ ਦੇ ਰਹੇ ਸਨ। ਵੀਡੀਓ ਸਾਂਝੀ ਕਰਦਿਆਂ ਉਨ੍ਹਾਂ ਨੇ ਪੰਜਾਬ ਵਿੱਚ ਕਥਿਤ “ਜ਼ੋਂਬੀ ਡਰੱਗ” ਦੇ ਖ਼ਤਰੇ ‘ਤੇ ਚਿੰਤਾ ਜਤਾਈ ਅਤੇ ਕਿਹਾ ਕਿ ਨਸ਼ਿਆਂ ਨੇ ਸੂਬੇ ਦੀ ਜਵਾਨੀ ਨੂੰ ਪ੍ਰਭਾਵਿਤ ਕੀਤਾ ਹੈ।
ਵੀਡੀਓ ਦੀ ਲੋਕੇਸ਼ਨ ਨੂੰ ਲੈ ਕੇ ਪੰਜਾਬ ਪੁਲਿਸ ਦਾ ਦਾਅਵਾ
ਮਾਮਲੇ ਨੇ ਉਸ ਸਮੇਂ ਨਵਾਂ ਮੋੜ ਲਿਆ ਜਦੋਂ ਪੰਜਾਬ ਪੁਲਿਸ ਨੇ ਸੋਸ਼ਲ ਮੀਡੀਆ ‘ਤੇ ਸਪੱਸ਼ਟੀਕਰਨ ਦਿੰਦਿਆਂ ਵੀਡੀਓ ਦੀ ਲੋਕੇਸ਼ਨ ਬਾਰੇ ਜਾਣਕਾਰੀ ਸਾਂਝੀ ਕੀਤੀ। ਪੁਲਿਸ ਮੁਤਾਬਕ, ਹਰਭਜਨ ਸਿੰਘ ਵੱਲੋਂ ਸਾਂਝੀ ਕੀਤੀ ਗਈ ਇਹ ਵੀਡੀਓ ਪੰਜਾਬ ਦੀ ਨਹੀਂ ਹੈ, ਸਗੋਂ ਇਸ ਦਾ ਸਬੰਧ ਰਾਜਸਥਾਨ ਦੇ ਸ੍ਰੀਗੰਗਾਨਗਰ ਨਾਲ ਦੱਸਿਆ ਗਿਆ ਹੈ।ਪੁਲਿਸ ਨੇ ਕਿਹਾ ਕਿ ਵੀਡੀਓ ਦੇ ਪਿਛੋਕੜ ਵਿੱਚ ਪੰਜਾਬੀ ਆਡੀਓ ਹੋਣ ਨਾਲ ਇਹ ਸਾਬਤ ਨਹੀਂ ਹੁੰਦਾ ਕਿ ਘਟਨਾ ਪੰਜਾਬ ਵਿੱਚ ਵਾਪਰੀ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸੋਸ਼ਲ ਮੀਡੀਆ ‘ਤੇ ਕਿਸੇ ਵੀ ਵੀਡੀਓ ਜਾਂ ਦਾਅਵੇ ਨੂੰ ਸਾਂਝਾ ਕਰਨ ਤੋਂ ਪਹਿਲਾਂ ਉਸ ਦੀ ਲੋਕੇਸ਼ਨ ਅਤੇ ਤੱਥਾਂ ਦੀ ਪੁਸ਼ਟੀ ਜ਼ਰੂਰ ਕੀਤੀ ਜਾਵੇ।ਪੰਜਾਬ ਪੁਲਿਸ ਨੇ ਹਰਭਜਨ ਸਿੰਘ ਨੂੰ ਸਿੱਧੇ ਤੌਰ ‘ਤੇ ਟੈਗ ਕਰਦਿਆਂ ਜ਼ਿੰਮੇਵਾਰ ਤਰੀਕੇ ਨਾਲ ਜਾਣਕਾਰੀ ਸਾਂਝੀ ਕਰਨ ਦੀ ਗੱਲ ਵੀ ਕਹੀ।
<h
ਨਜ਼ਰ ਲੱਗ ਗਈ ਯਾਰ ਸਾਡੇ ਪੰਜਾਬ ਨੂੰ… 💔
ਸਰਕਾਰਾਂ ਨੇ ਕੀ ਹਾਲ ਬਣਾ ਦਿੱਤਾ ਪੰਜਾਬ ਦਾ ਤੇ ਪੰਜਾਬੀ ਨੌਜਵਾਨਾਂ ਦਾ। ਰੋਣਾ ਆਉਂਦਾ ਏ ਇਹ ਸਭ ਦੇਖ ਕੇ। 😢
ਬਖ਼ਸ਼ ਦਿਓ ਮੇਰੇ ਪੰਜਾਬ ਨੂੰ… ਮਾਫ਼ ਕਰੋ ਪੰਜਾਬ ਨੂੰ। 🙏
ਕਿੱਥੇ ਲੈ ਆਏ ਓ ਪੰਜਾਬ ਨੂੰ?
ਜਿਹੜਾ ਪੰਜਾਬ ਕਦੇ ਚੜ੍ਹਦੀ ਕਲਾ, ਹਿੰਮਤ ਤੇ ਬਹਾਦਰੀ ਲਈ ਜਾਣਿਆ ਜਾਂਦਾ ਸੀ, ਅੱਜ ਉਸੇ ਪੰਜਾਬ… pic.twitter.com/RAp3aYy0i2— Harbhajan Turbanator (@harbhajan_singh) August 10, 2026
‘ਆਪ’ ਨੇ ਹਰਭਜਨ ਸਿੰਘ ‘ਤੇ ਸਾਧਿਆ ਨਿਸ਼ਾਨਾ
ਪੁਲਿਸ ਦੇ ਸਪੱਸ਼ਟੀਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਵੀ ਹਰਭਜਨ ਸਿੰਘ ਨੂੰ ਘੇਰਿਆ। ਪੰਜਾਬ ਦੀ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੋਸ਼ ਲਗਾਇਆ ਕਿ ਰਾਜਸਥਾਨ ਦੀ ਵੀਡੀਓ ਨੂੰ ਪੰਜਾਬ ਨਾਲ ਜੋੜ ਕੇ ਪੇਸ਼ ਕੀਤਾ ਗਿਆ।ਉਨ੍ਹਾਂ ਹਰਭਜਨ ਸਿੰਘ ‘ਤੇ ਸਿਆਸੀ ਲਾਹਾ ਲੈਣ ਲਈ ਗਲਤ ਜਾਣਕਾਰੀ ਸਾਂਝੀ ਕਰਨ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਪੰਜਾਬ ਨਾਲ ਜੁੜੇ ਸੰਵੇਦਨਸ਼ੀਲ ਮੁੱਦਿਆਂ ‘ਤੇ ਬਿਨਾਂ ਤਸਦੀਕ ਕੀਤੀ ਜਾਣਕਾਰੀ ਸਾਂਝੀ ਨਹੀਂ ਕਰਨੀ ਚਾਹੀਦੀ।
ਪੰਜਾਬ ਵਿੱਚ ਨਸ਼ਾ ਅਜੇ ਵੀ ਵੱਡਾ ਮੁੱਦਾ
ਹਾਲਾਂਕਿ ਵੀਡੀਓ ਦੀ ਲੋਕੇਸ਼ਨ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ, ਪਰ ਪੰਜਾਬ ਵਿੱਚ ਨਸ਼ਿਆਂ ਦਾ ਮੁੱਦਾ ਲੰਬੇ ਸਮੇਂ ਤੋਂ ਇੱਕ ਗੰਭੀਰ ਅਤੇ ਸੰਵੇਦਨਸ਼ੀਲ ਮਾਮਲਾ ਰਿਹਾ ਹੈ। “ਜ਼ੋਂਬੀ ਡਰੱਗ” ਵਰਗੇ ਸ਼ਬਦਾਂ ਦੀ ਵਰਤੋਂ ਨੇ ਸੋਸ਼ਲ ਮੀਡੀਆ ‘ਤੇ ਇਸ ਮੁੱਦੇ ਨੂੰ ਹੋਰ ਚਰਚਾ ਵਿੱਚ ਲਿਆ ਦਿੱਤਾ ਹੈ।ਇਸ ਪੂਰੇ ਮਾਮਲੇ ਵਿੱਚ ਇੱਕ ਪਾਸੇ ਹਰਭਜਨ ਸਿੰਘ ਵੱਲੋਂ ਵੀਡੀਓ ਨੂੰ ਪੰਜਾਬ ਦੇ ਨਸ਼ਿਆਂ ਨਾਲ ਜੋੜਿਆ ਗਿਆ, ਜਦਕਿ ਪੰਜਾਬ ਪੁਲਿਸ ਨੇ ਇਸ ਦੀ ਲੋਕੇਸ਼ਨ ਰਾਜਸਥਾਨ ਦੱਸੀ ਹੈ। ਹੁਣ ਇਹ ਮਾਮਲਾ ਸਿਆਸੀ ਬਿਆਨਬਾਜ਼ੀ ਦੇ ਨਾਲ-ਨਾਲ ਸੋਸ਼ਲ ਮੀਡੀਆ ‘ਤੇ ਜਾਣਕਾਰੀ ਦੀ ਤਸਦੀਕ ਦੀ ਮਹੱਤਤਾ ਨੂੰ ਵੀ ਉਜਾਗਰ ਕਰ ਰਿਹਾ ਹੈ।
