ਲੁਧਿਆਣਾ: ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਤੋਂ ਇਨਸਾਨੀਅਤ ਅਤੇ ਸਮਾਜਿਕ ਬਦਲਾਅ ਦੀ ਇੱਕ ਦਿਲ ਨੂੰ ਛੂਹ ਲੈਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਕ ਬਜ਼ੁਰਗ ਮਹਿਲਾ ਦੇ ਅਕਾਲ ਚਲਾਣੇ ਤੋਂ ਬਾਅਦ ਉਨ੍ਹਾਂ ਦੀਆਂ ਨੂੰਹਾਂ ਨੇ ਸਮਾਜ ਦੀਆਂ ਪੁਰਾਣੀਆਂ ਰੂੜ੍ਹੀਵਾਦੀ ਰਵਾਇਤਾਂ ਨੂੰ ਤੋੜਦਿਆਂ ਆਪਣੀ ਸੱਸ ਦੀ ਅਰਥੀ ਨੂੰ ਮੋਢਾ ਦੇ ਕੇ ਇੱਕ ਵਿਲੱਖਣ ਮਿਸਾਲ ਕਾਇਮ ਕੀਤੀ। ਇੰਨਾ ਹੀ ਨਹੀਂ, ਮਰਨ ਉਪਰੰਤ ਮਹਿਲਾ ਦੀਆਂ ਅੱਖਾਂ ਨੇਤਰਦਾਨ ਲਈ ਦਾਨ ਕੀਤੀਆਂ ਗਈਆਂ, ਜਦਕਿ ਉਨ੍ਹਾਂ ਦੀ ਦੇਹ ਮੈਡੀਕਲ ਸਿੱਖਿਆ ਅਤੇ ਖੋਜ ਕਾਰਜਾਂ ਲਈ ਦਾਨ ਕਰ ਦਿੱਤੀ ਗਈ।
ਨੂੰਹਾਂ ਨੇ ਸੱਸ ਦੀ ਅਰਥੀ ਨੂੰ ਦਿੱਤਾ ਮੋਢਾ
ਜਦੋਂ ਮਰਹੂਮ ਸੁਖਦੇਵ ਕੌਰ ਦੀ ਅੰਤਿਮ ਯਾਤਰਾ ਉਨ੍ਹਾਂ ਦੇ ਘਰ ਤੋਂ ਸ਼ੁਰੂ ਹੋਈ ਤਾਂ ਇੱਕ ਅਜਿਹਾ ਦ੍ਰਿਸ਼ ਦੇਖਣ ਨੂੰ ਮਿਲਿਆ, ਜਿਸ ਨੇ ਹਰ ਕਿਸੇ ਨੂੰ ਭਾਵੁਕ ਕਰ ਦਿੱਤਾ। ਦੋਵਾਂ ਨੂੰਹਾਂ ਨੇ ਅੱਗੇ ਤੋਂ ਆਪਣੀ ਸੱਸ ਦੀ ਅਰਥੀ ਨੂੰ ਆਪਣੇ ਮੋਢਿਆਂ ‘ਤੇ ਚੁੱਕਿਆ, ਜਦਕਿ ਦੋਵਾਂ ਪੁੱਤਰਾਂ ਨੇ ਪਿੱਛੇ ਤੋਂ ਮੋਢਾ ਲਾ ਕੇ ਆਪਣੀ ਮਾਂ ਨੂੰ ਸਨਮਾਨ ਸਹਿਤ ਅੰਤਿਮ ਵਿਦਾਈ ਦਿੱਤੀ।ਇਸ ਦੌਰਾਨ ਪਰਿਵਾਰ ਨੇ ਇਹ ਸੰਦੇਸ਼ ਦਿੱਤਾ ਕਿ ਅੰਤਿਮ ਸੰਸਕਾਰ ਅਤੇ ਪਰਿਵਾਰਕ ਫ਼ਰਜ਼ਾਂ ਨੂੰ ਸਿਰਫ਼ ਪੁਰਸ਼ਾਂ ਤੱਕ ਸੀਮਤ ਨਹੀਂ ਕੀਤਾ ਜਾ ਸਕਦਾ। ਨੂੰਹਾਂ ਵੱਲੋਂ ਆਪਣੀ ਸੱਸ ਦੀ ਅਰਥੀ ਨੂੰ ਮੋਢਾ ਦੇਣਾ ਸਮਾਜ ਲਈ ਇੱਕ ਪ੍ਰੇਰਨਾਦਾਇਕ ਉਦਾਹਰਨ ਬਣ ਗਿਆ।
ਮਰਨ ਤੋਂ ਪਹਿਲਾਂ ਹੀ ਕੀਤਾ ਸੀ ਦੇਹਦਾਨ ਦਾ ਫ਼ੈਸਲਾ
ਸੁਖਦੇਵ ਕੌਰ ਲੁਧਿਆਣਾ ਦੇ ਇਲਾਕੇ ਪ੍ਰਤਾਪ ਸਿੰਘ ਵਾਲਾ ਵਿਖੇ ਆਪਣੇ ਦੋ ਪੁੱਤਰਾਂ ਅਤੇ ਨੂੰਹਾਂ ਨਾਲ ਰਹਿੰਦੇ ਸਨ। ਜਾਣਕਾਰੀ ਅਨੁਸਾਰ ਉਨ੍ਹਾਂ ਨੇ ਕਰੀਬ 10 ਸਾਲ ਪਹਿਲਾਂ ਹੀ ਇਹ ਫ਼ੈਸਲਾ ਕਰ ਲਿਆ ਸੀ ਕਿ ਮਰਨ ਉਪਰੰਤ ਉਨ੍ਹਾਂ ਦੀ ਦੇਹ ਮੈਡੀਕਲ ਸਿੱਖਿਆ ਅਤੇ ਖੋਜ ਕਾਰਜਾਂ ਲਈ ਦਾਨ ਕੀਤੀ ਜਾਵੇਗੀ।ਇਸ ਲਈ ਉਨ੍ਹਾਂ ਨੇ ਬਕਾਇਦਾ ਲੋੜੀਂਦੀ ਕਾਗਜ਼ੀ ਕਾਰਵਾਈ ਅਤੇ ਨਿਰਧਾਰਤ ਫਾਰਮ ਵੀ ਭਰਿਆ ਹੋਇਆ ਸੀ। ਪਰਿਵਾਰ ਨੇ ਵੀ ਇਸ ਮਹਾਨ ਫ਼ੈਸਲੇ ਲਈ ਆਪਣੀ ਪੂਰੀ ਸਹਿਮਤੀ ਦਿੱਤੀ ਸੀ ਅਤੇ ਹਲਫ਼ਨਾਮੇ ਰਾਹੀਂ ਸਪੱਸ਼ਟ ਕੀਤਾ ਸੀ ਕਿ ਉਨ੍ਹਾਂ ਨੂੰ ਦੇਹਦਾਨ ਦੇ ਫ਼ੈਸਲੇ ‘ਤੇ ਕੋਈ ਇਤਰਾਜ਼ ਨਹੀਂ ਹੈ।
ਅੱਖਾਂ ਦਾ ਵੀ ਕੀਤਾ ਗਿਆ ਨੇਤਰਦਾਨ
ਅੰਤਿਮ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਮਰਹੂਮ ਸੁਖਦੇਵ ਕੌਰ ਦੀਆਂ ਅੱਖਾਂ ਵੀ ਨੇਤਰਦਾਨ ਤਹਿਤ ਦਾਨ ਕੀਤੀਆਂ ਗਈਆਂ। ਉਨ੍ਹਾਂ ਦੀਆਂ ਅੱਖਾਂ ਡਾ. ਰਮੇਸ਼ ਸੁਪਰਸਪੈਸ਼ਲਿਟੀ ਆਈ ਐਂਡ ਲੇਜ਼ਰ ਸੈਂਟਰ ਨੂੰ ਸੌਂਪੀਆਂ ਗਈਆਂ।ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਨੇਤਰਦਾਨ ਕਿਸੇ ਨੇਤਰਹੀਣ ਵਿਅਕਤੀ ਦੇ ਜੀਵਨ ਵਿੱਚ ਨਵੀਂ ਰੌਸ਼ਨੀ ਲਿਆ ਸਕਦਾ ਹੈ। ਇਸ ਤਰ੍ਹਾਂ ਮੌਤ ਤੋਂ ਬਾਅਦ ਵੀ ਸੁਖਦੇਵ ਕੌਰ ਦਾ ਇਹ ਮਹਾਨ ਕਾਰਜ ਕਿਸੇ ਹੋਰ ਦੀ ਜ਼ਿੰਦਗੀ ਨੂੰ ਰੌਸ਼ਨ ਕਰਨ ਦਾ ਸਾਧਨ ਬਣੇਗਾ।
ਮੈਡੀਕਲ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਖੋਜ ਲਈ ਵਰਤੀ ਜਾਵੇਗੀ ਦੇਹ
ਅੰਤਿਮ ਯਾਤਰਾ ਦੌਰਾਨ ਕੁਝ ਦੂਰੀ ਤੱਕ ਪਰਿਵਾਰਕ ਮੈਂਬਰਾਂ ਨੇ ਮਰਹੂਮ ਦੀ ਅਰਥੀ ਨੂੰ ਮੋਢਾ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਹਾਰਮਨੀ ਆਯੁਰਵੈਦਿਕ ਕਾਲਜ ਐਂਡ ਹਸਪਤਾਲ, ਫ਼ਿਰੋਜ਼ਪੁਰ ਦੀ ਪ੍ਰਬੰਧਕੀ ਟੀਮ ਦੇ ਹਵਾਲੇ ਕਰ ਦਿੱਤਾ ਗਿਆ।ਪ੍ਰਬੰਧਕੀ ਟੀਮ ਦੇਹ ਨੂੰ ਮੈਡੀਕਲ ਕਾਲਜ ਲੈ ਕੇ ਰਵਾਨਾ ਹੋਈ, ਜਿੱਥੇ ਭਵਿੱਖ ਦੇ ਡਾਕਟਰ ਅਤੇ ਵਿਦਿਆਰਥੀ ਮੈਡੀਕਲ ਸਿੱਖਿਆ, ਪ੍ਰੈਕਟੀਕਲ ਟ੍ਰੇਨਿੰਗ ਅਤੇ ਖੋਜ ਕਾਰਜਾਂ ਲਈ ਇਸ ਦਾ ਉਪਯੋਗ ਕਰਨਗੇ।
‘ਮੌਤ ਤੋਂ ਬਾਅਦ ਵੀ ਸਮਾਜ ਲਈ ਛੱਡ ਗਈ ਵੱਡੀ ਸੇਧ’
ਪਿੰਡ ਪ੍ਰਤਾਪ ਸਿੰਘ ਵਾਲਾ ਦੇ ਸਰਪੰਚ ਗੁਰਮੇਜ ਸਿੰਘ ਕਾਮਰੇਡ ਨੇ ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਮਨੁੱਖੀ ਸਰੀਰ ਮੌਤ ਤੋਂ ਬਾਅਦ ਮਿੱਟੀ ਵਿੱਚ ਮਿਲ ਜਾਂਦਾ ਹੈ, ਪਰ ਸੁਖਦੇਵ ਕੌਰ ਵੱਲੋਂ ਕੀਤਾ ਗਿਆ ਦੇਹਦਾਨ ਉਨ੍ਹਾਂ ਨੂੰ ਸਮਾਜ ਵਿੱਚ ਹਮੇਸ਼ਾ ਯਾਦਗਾਰ ਬਣਾਈ ਰੱਖੇਗਾ।ਉਨ੍ਹਾਂ ਕਿਹਾ ਕਿ ਸੁਖਦੇਵ ਕੌਰ ਬਹੁਤ ਹੀ ਮਿਲਣਸਾਰ, ਨੇਕਦਿਲ ਅਤੇ ਮਿੱਠੇ ਸੁਭਾਅ ਵਾਲੀ ਸ਼ਖ਼ਸੀਅਤ ਸਨ ਅਤੇ ਹਮੇਸ਼ਾ ਲੋੜਵੰਦਾਂ ਦੀ ਮਦਦ ਲਈ ਤਿਆਰ ਰਹਿੰਦੇ ਸਨ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਪਿੰਡ ਨੂੰ ਵੱਡਾ ਘਾਟਾ ਪਿਆ ਹੈ, ਪਰ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਨਿਭਾਈ ਗਈ ਦੇਹਦਾਨ ਦੀ ਪਰੰਪਰਾ ਨੇ ਸਮਾਜ ਨੂੰ ਇੱਕ ਨਵੀਂ ਅਤੇ ਪ੍ਰੇਰਨਾਦਾਇਕ ਸੇਧ ਦਿੱਤੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਸਰੀਰਦਾਨ ਵਰਗੀਆਂ ਮੁਹਿੰਮਾਂ ਨੂੰ ਸਮਾਜ ਵਿੱਚ ਹੋਰ ਉਤਸ਼ਾਹਿਤ ਕਰਨ ਦੀ ਲੋੜ ਹੈ। ਮੈਡੀਕਲ ਵਿਦਿਆਰਥੀਆਂ ਵੱਲੋਂ ਸਿੱਖਿਆ ਅਤੇ ਖੋਜ ਕਾਰਜਾਂ ਲਈ ਕੀਤੇ ਜਾਣ ਵਾਲੇ ਅਧਿਐਨ ਭਵਿੱਖ ਵਿੱਚ ਮਨੁੱਖਤਾ ਦੇ ਇਲਾਜ ਅਤੇ ਭਲਾਈ ਲਈ ਮਹੱਤਵਪੂਰਨ ਸਾਬਤ ਹੋ ਸਕਦੇ ਹਨ।
ਸੁਖਦੇਵ ਕੌਰ ਦੀ ਅੰਤਿਮ ਵਿਦਾਈ ਸਿਰਫ਼ ਇੱਕ ਪਰਿਵਾਰ ਦਾ ਦੁੱਖ ਨਹੀਂ, ਸਗੋਂ ਪੂਰੇ ਸਮਾਜ ਲਈ ਇੱਕ ਵੱਡਾ ਸੰਦੇਸ਼ ਬਣ ਗਈ ਹੈ ਕਿ ਇਨਸਾਨ ਦੀ ਜ਼ਿੰਦਗੀ ਖ਼ਤਮ ਹੋਣ ਤੋਂ ਬਾਅਦ ਵੀ ਉਸ ਦਾ ਇੱਕ ਨੇਕ ਫ਼ੈਸਲਾ ਕਈ ਹੋਰ ਜ਼ਿੰਦਗੀਆਂ ਲਈ ਉਮੀਦ ਅਤੇ ਗਿਆਨ ਦਾ ਸਰੋਤ ਬਣ ਸਕਦਾ ਹੈ।
