ਬੈਂਗਲੁਰੂ: ਲੰਡਨ ਜਾ ਰਹੀ ਵਰਜਿਨ ਐਟਲਾਂਟਿਕ ਦੀ ਇੱਕ ਫਲਾਈਟ ਵਿੱਚ ਉਡਾਣ ਭਰਨ ਤੋਂ ਕੁਝ ਹੀ ਸਮੇਂ ਬਾਅਦ ਤਕਨੀਕੀ ਖਰਾਬੀ ਆ ਗਈ, ਜਿਸ ਕਾਰਨ ਜਹਾਜ਼ ਨੂੰ ਐਤਵਾਰ ਨੂੰ ਬੈਂਗਲੁਰੂ ਦੇ ਕੇਮਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਜਹਾਜ਼ ਵਿੱਚ ਕਰੀਬ 270 ਯਾਤਰੀ ਸਵਾਰ ਸਨ, ਹਾਲਾਂਕਿ ਰਾਹਤ ਦੀ ਗੱਲ ਇਹ ਰਹੀ ਕਿ ਸਾਰੇ ਯਾਤਰੀ ਅਤੇ ਕਰੂ ਮੈਂਬਰ ਸੁਰੱਖਿਅਤ ਹਨ।
ਜਾਣਕਾਰੀ ਮੁਤਾਬਕ, ਵਰਜਿਨ ਐਟਲਾਂਟਿਕ ਦੀ VS317 ਫਲਾਈਟ ਨੇ ਸਵੇਰੇ ਕਰੀਬ 8:20 ਵਜੇ ਬੈਂਗਲੁਰੂ ਦੇ ਕੇਮਪੇਗੌੜਾ ਇੰਟਰਨੈਸ਼ਨਲ ਏਅਰਪੋਰਟ ਤੋਂ ਲੰਡਨ ਹੀਥਰੋ ਲਈ ਉਡਾਣ ਭਰੀ ਸੀ। ਪਰ ਟੇਕਆਫ ਦੇ ਕੁਝ ਹੀ ਸਮੇਂ ਬਾਅਦ ਜਹਾਜ਼ ਵਿੱਚ ਤਕਨੀਕੀ ਸਮੱਸਿਆ ਸਾਹਮਣੇ ਆ ਗਈ।
ਹਵਾ ਵਿੱਚ ਕਰੀਬ ਅੱਧੇ ਘੰਟੇ ਤੱਕ ਚੱਕਰ ਕੱਟਦਾ ਰਿਹਾ ਜਹਾਜ਼
ਤਕਨੀਕੀ ਖਰਾਬੀ ਦਾ ਪਤਾ ਲੱਗਣ ਤੋਂ ਬਾਅਦ ਪਾਇਲਟ ਅਤੇ ਕਰੂ ਮੈਂਬਰਾਂ ਨੇ ਸਥਿਤੀ ਨੂੰ ਕਾਬੂ ਵਿੱਚ ਰੱਖਦੇ ਹੋਏ ਜਹਾਜ਼ ਨੂੰ ਤੁਮਕੁਰੂ ਦੇ ਆਸ-ਪਾਸ ਹਵਾ ਵਿੱਚ ਕੁਝ ਸਮੇਂ ਤੱਕ ਚੱਕਰ ਲਗਵਾਏ। ਇਸ ਤੋਂ ਬਾਅਦ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਜਹਾਜ਼ ਨੂੰ ਵਾਪਸ ਬੈਂਗਲੁਰੂ ਹਵਾਈ ਅੱਡੇ ‘ਤੇ ਲਿਆਉਣ ਦਾ ਫੈਸਲਾ ਕੀਤਾ ਗਿਆ।ਸੁਰੱਖਿਆ ਦੇ ਮੱਦੇਨਜ਼ਰ ਜਹਾਜ਼ ਦੀ ਸਫਲਤਾਪੂਰਵਕ ਐਮਰਜੈਂਸੀ ਲੈਂਡਿੰਗ ਕਰਵਾਈ ਗਈ।
270 ਯਾਤਰੀ ਸਨ ਸਵਾਰ, ਸਾਰੇ ਸੁਰੱਖਿਅਤ
ਬੈਂਗਲੁਰੂ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ ਦੇ ਸੂਤਰਾਂ ਅਨੁਸਾਰ, ਫਲਾਈਟ ਵਿੱਚ ਕਰੀਬ 270 ਯਾਤਰੀ ਸਵਾਰ ਸਨ। ਐਮਰਜੈਂਸੀ ਲੈਂਡਿੰਗ ਤੋਂ ਬਾਅਦ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਜਹਾਜ਼ ਤੋਂ ਬਾਹਰ ਕੱਢ ਲਿਆ ਗਿਆ।ਅਧਿਕਾਰੀਆਂ ਮੁਤਾਬਕ, ਇਹ ਲੈਂਡਿੰਗ ਪੂਰੀ ਤਰ੍ਹਾਂ ਸਾਵਧਾਨੀ ਦੇ ਤੌਰ ‘ਤੇ ਕਰਵਾਈ ਗਈ ਸੀ। ਫਿਲਹਾਲ ਜਹਾਜ਼ ਵਿੱਚ ਆਈ ਤਕਨੀਕੀ ਖਰਾਬੀ ਦੀ ਅਸਲ ਵਜ੍ਹਾ ਦੀ ਜਾਂਚ ਕੀਤੀ ਜਾ ਰਹੀ ਹੈ।
ਸੁਰੱਖਿਆ ਦੇ ਮੱਦੇਨਜ਼ਰ ਫਲਾਈਟ ਕੀਤੀ ਗਈ ਰੱਦ
ਵਰਜਿਨ ਐਟਲਾਂਟਿਕ ਦੇ ਬੁਲਾਰੇ ਨੇ ਦੱਸਿਆ ਕਿ ਬੈਂਗਲੁਰੂ ਤੋਂ ਲੰਡਨ ਹੀਥਰੋ ਜਾ ਰਹੀ VS317 ਫਲਾਈਟ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਤਕਨੀਕੀ ਸਮੱਸਿਆ ਕਾਰਨ ਵਾਪਸ ਬੈਂਗਲੁਰੂ ਪਰਤ ਆਈ।ਏਅਰਲਾਈਨ ਮੁਤਾਬਕ, ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੰਦਿਆਂ ਜਹਾਜ਼ ਨੂੰ ਸੁਰੱਖਿਅਤ ਤਰੀਕੇ ਨਾਲ ਲੈਂਡ ਕਰਵਾਇਆ ਗਿਆ। ਇਸ ਤੋਂ ਬਾਅਦ ਇਸ ਫਲਾਈਟ ਨੂੰ ਰੱਦ ਕਰ ਦਿੱਤਾ ਗਿਆ।
ਏਅਰਲਾਈਨ ਨੇ ਯਾਤਰੀਆਂ ਤੋਂ ਮੰਗੀ ਮਾਫ਼ੀ
ਵਰਜਿਨ ਐਟਲਾਂਟਿਕ ਨੇ ਇਸ ਘਟਨਾ ਕਾਰਨ ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਮਾਫ਼ੀ ਵੀ ਮੰਗੀ ਹੈ। ਏਅਰਲਾਈਨ ਨੇ ਕਿਹਾ ਕਿ ਯਾਤਰੀਆਂ ਅਤੇ ਕਰੂ ਮੈਂਬਰਾਂ ਦੀ ਸੁਰੱਖਿਆ ਉਨ੍ਹਾਂ ਦੀ ਸਭ ਤੋਂ ਵੱਡੀ ਤਰਜੀਹ ਹੈ।ਕੰਪਨੀ ਨੇ ਦੱਸਿਆ ਕਿ ਉਸ ਦੀਆਂ ਟੀਮਾਂ ਪ੍ਰਭਾਵਿਤ ਯਾਤਰੀਆਂ ਦੀ ਹਰ ਸੰਭਵ ਮਦਦ ਕਰ ਰਹੀਆਂ ਹਨ ਅਤੇ ਉਨ੍ਹਾਂ ਨੂੰ ਜਲਦ ਤੋਂ ਜਲਦ ਵਿਕਲਪਿਕ ਫਲਾਈਟਾਂ ਵਿੱਚ ਬੁੱਕ ਕਰਨ ਲਈ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ।ਫਿਲਹਾਲ ਤਕਨੀਕੀ ਖਰਾਬੀ ਦੇ ਕਾਰਨਾਂ ਦੀ ਜਾਂਚ ਜਾਰੀ ਹੈ, ਜਦਕਿ ਇਸ ਘਟਨਾ ਵਿੱਚ ਸਭ ਤੋਂ ਵੱਡੀ ਰਾਹਤ ਦੀ ਗੱਲ ਇਹ ਹੈ ਕਿ ਜਹਾਜ਼ ਵਿੱਚ ਸਵਾਰ ਸਾਰੇ 270 ਯਾਤਰੀ ਸੁਰੱਖਿਅਤ ਹਨ।
