Manali Travel Update: ਪੰਜਾਬ, ਚੰਡੀਗੜ੍ਹ, ਹਰਿਆਣਾ ਅਤੇ ਦਿੱਲੀ ਤੋਂ ਮਨਾਲੀ ਜਾਣ ਵਾਲੇ ਸੈਲਾਨੀਆਂ ਲਈ ਵੱਡੀ ਰਾਹਤ ਦੀ ਖ਼ਬਰ ਹੈ। ਕੀਰਤਪੁਰ-ਮਨਾਲੀ ਫੋਰ ਲੇਨ ਪ੍ਰਾਜੈਕਟ ਤਹਿਤ ਬਣੀਆਂ ਦੋ ਨਵੀਆਂ ਸੁਰੰਗਾਂ ਆਮ ਵਾਹਨਾਂ ਦੀ ਆਵਾਜਾਈ ਲਈ ਖੋਲ੍ਹ ਦਿੱਤੀਆਂ ਗਈਆਂ ਹਨ। ਇਨ੍ਹਾਂ ਦੇ ਚਾਲੂ ਹੋਣ ਨਾਲ ਮੰਡੀ ਤੋਂ ਕੁੱਲੂ ਤੱਕ ਦਾ ਸਫ਼ਰ ਪਹਿਲਾਂ ਨਾਲੋਂ ਤੇਜ਼ ਅਤੇ ਆਸਾਨ ਹੋਣ ਦੀ ਉਮੀਦ ਹੈ।
ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਸੋਸ਼ਲ ਮੀਡੀਆ ਰਾਹੀਂ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਮੁਤਾਬਕ, ਇਨ੍ਹਾਂ ਸੁਰੰਗਾਂ ਦੇ ਸ਼ੁਰੂ ਹੋਣ ਨਾਲ ਹਿਮਾਚਲ ਪ੍ਰਦੇਸ਼ ਵਿੱਚ ਨੈਸ਼ਨਲ ਹਾਈਵੇਅ-03 ਦੀ ਕਨੈਕਟੀਵਿਟੀ ਵਿੱਚ ਸੁਧਾਰ ਹੋਵੇਗਾ।
ਮੰਡੀ ਤੋਂ ਕੁੱਲੂ ਦਾ ਸਫ਼ਰ 2 ਘੰਟਿਆਂ ਤੋਂ ਘਟ ਕੇ 1 ਘੰਟਾ
ਨਵੀਆਂ ਸੁਰੰਗਾਂ ਦੇ ਚਾਲੂ ਹੋਣ ਨਾਲ ਮੰਡੀ ਤੋਂ ਕੁੱਲੂ ਵਿਚਕਾਰ ਯਾਤਰਾ ਦਾ ਸਮਾਂ ਲਗਭਗ 2 ਘੰਟਿਆਂ ਤੋਂ ਘਟ ਕੇ 1 ਘੰਟਾ ਰਹਿ ਜਾਣ ਦਾ ਦਾਅਵਾ ਕੀਤਾ ਗਿਆ ਹੈ।ਇਸ ਨਾਲ ਖ਼ਾਸ ਕਰਕੇ ਸੈਰ-ਸਪਾਟਾ ਸੀਜ਼ਨ ਦੌਰਾਨ ਮਨਾਲੀ ਜਾਣ ਵਾਲੇ ਯਾਤਰੀਆਂ ਨੂੰ ਵੱਡੀ ਸਹੂਲਤ ਮਿਲ ਸਕਦੀ ਹੈ। NHAI ਵੱਲੋਂ ਇਨ੍ਹਾਂ ਸੁਰੰਗਾਂ ਨੂੰ ਸਰਦੀਆਂ ਦੇ ਆਗਾਮੀ ਟੂਰਿਸਟ ਸੀਜ਼ਨ ਅਤੇ ਕੁੱਲੂ ਦਸਹਿਰੇ ਤੋਂ ਪਹਿਲਾਂ ਖੋਲ੍ਹਿਆ ਗਿਆ ਹੈ।
ਡਿਓਢ ਅਤੇ ਹਣੋਗੀ ਸੁਰੰਗਾਂ ਦੀਆਂ ਕੀ ਹਨ ਖ਼ਾਸੀਅਤਾਂ?
ਕੀਰਤਪੁਰ-ਮਨਾਲੀ ਫੋਰ ਲੇਨ ਪ੍ਰਾਜੈਕਟ ਦੇ ਪੰਡੋਹ-ਟਕੋਲੀ ਸੈਕਸ਼ਨ ਵਿੱਚ ਬਣੀਆਂ ਦੋਵੇਂ ਸੁਰੰਗਾਂ ਦੀ ਲੰਬਾਈ ਵੱਖ-ਵੱਖ ਹੈ।
- ਡਿਓਢ ਸੁਰੰਗ: ਲਗਭਗ 2.8 ਕਿਲੋਮੀਟਰ ਲੰਬੀ।
- ਹਣੋਗੀ ਸੁਰੰਗ: ਲਗਭਗ 650 ਮੀਟਰ ਲੰਬੀ।
ਇਹ ਦੋਵੇਂ ਸੁਰੰਗਾਂ ਖੋਟੀਨਾਲਾ ਨੇੜੇ ਬਣੇ ਲਗਭਗ 140 ਮੀਟਰ ਲੰਬੇ ਅਤੇ 45 ਮੀਟਰ ਉੱਚੇ ਪੁਲ ਨਾਲ ਜੁੜੀਆਂ ਹੋਈਆਂ ਹਨ। ਇਨ੍ਹਾਂ ਦੇ ਚਾਲੂ ਹੋਣ ਨਾਲ ਪਹਿਲਾਂ ਮੁਸ਼ਕਲਾਂ ਵਾਲੇ ਰਸਤੇ ਦਾ ਵੱਡਾ ਹਿੱਸਾ ਬਾਈਪਾਸ ਹੋ ਸਕੇਗਾ।
ਜੋਗਨੀ ਮਾਤਾ ਮੰਦਰ ਅਤੇ ਹਣੋਗੀ ਨੇੜੇ ਜਾਮ ਤੋਂ ਮਿਲੇਗੀ ਰਾਹਤ
ਮੰਡੀ-ਕੁੱਲੂ ਰੂਟ ’ਤੇ ਜੋਗਨੀ ਮਾਤਾ ਮੰਦਰ, ਡਿਓਢ ਅਤੇ ਹਣੋਗੀ ਨੇੜੇ ਅਕਸਰ ਲੰਬੇ ਟ੍ਰੈਫਿਕ ਜਾਮ ਲੱਗਦੇ ਰਹੇ ਹਨ। ਖ਼ਾਸ ਕਰਕੇ ਬਰਸਾਤ ਅਤੇ ਸੈਲਾਨੀਆਂ ਦੀ ਵਧਦੀ ਗਿਣਤੀ ਕਾਰਨ ਇਸ ਰਸਤੇ ’ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲਦੀਆਂ ਹਨ।ਨਵੀਆਂ ਸੁਰੰਗਾਂ ਰਾਹੀਂ ਵਾਹਨਾਂ ਨੂੰ ਤੰਗ ਅਤੇ ਘੁਮਾਓਦਾਰ ਪਹਾੜੀ ਰਸਤੇ ਦੇ ਵੱਡੇ ਹਿੱਸੇ ਤੋਂ ਬਚ ਕੇ ਲੰਘਣ ਦੀ ਸਹੂਲਤ ਮਿਲੇਗੀ। ਇਸ ਨਾਲ ਟ੍ਰੈਫਿਕ ਦਾ ਦਬਾਅ ਘਟਣ ਅਤੇ ਯਾਤਰੀਆਂ ਦੇ ਸਮੇਂ ਦੀ ਬਚਤ ਹੋਣ ਦੀ ਉਮੀਦ ਹੈ।
ਖ਼ਤਰਨਾਕ ਪਹਾੜੀ ਰਸਤੇ ਤੋਂ ਵੀ ਮਿਲੇਗੀ ਰਾਹਤ
ਮੰਡੀ ਤੋਂ ਕੁੱਲੂ ਜਾਂਦੇ ਸਮੇਂ ਕਈ ਥਾਵਾਂ ’ਤੇ ਪਹਾੜੀ ਰਸਤੇ ਤੰਗ ਅਤੇ ਖ਼ਤਰਨਾਕ ਹਨ। ਬਰਸਾਤ ਦੌਰਾਨ ਪਹਾੜਾਂ ਤੋਂ ਪੱਥਰ ਅਤੇ ਮਲਬਾ ਡਿੱਗਣ ਕਾਰਨ ਆਵਾਜਾਈ ਪ੍ਰਭਾਵਿਤ ਹੁੰਦੀ ਰਹਿੰਦੀ ਹੈ।ਨਵੀਆਂ ਸੁਰੰਗਾਂ ਰਾਹੀਂ ਵਾਹਨਾਂ ਨੂੰ ਲਗਭਗ 5.5 ਕਿਲੋਮੀਟਰ ਲੰਬੇ ਖ਼ਤਰਨਾਕ ਪਹਾੜੀ ਹਿੱਸੇ ਨੂੰ ਬਾਈਪਾਸ ਕਰਨ ਦੀ ਸਹੂਲਤ ਮਿਲੇਗੀ। ਇਸ ਨਾਲ ਯਾਤਰਾ ਹੋਰ ਸੁਚਾਰੂ ਹੋਣ ਅਤੇ ਮੁੱਖ ਮਾਰਗ ’ਤੇ ਟ੍ਰੈਫਿਕ ਦਾ ਦਬਾਅ ਘਟਣ ਦੀ ਉਮੀਦ ਹੈ।
ਮਨਾਲੀ ਦੇ ਨਾਲ ਹੋਰ ਸੈਰ-ਸਪਾਟਾ ਥਾਵਾਂ ਨੂੰ ਵੀ ਫਾਇਦਾ
ਇਨ੍ਹਾਂ ਸੁਰੰਗਾਂ ਦਾ ਲਾਭ ਸਿਰਫ਼ ਮਨਾਲੀ ਜਾਣ ਵਾਲੇ ਸੈਲਾਨੀਆਂ ਤੱਕ ਸੀਮਿਤ ਨਹੀਂ ਰਹੇਗਾ। ਅਟਲ ਟਨਲ, ਰੋਹਤਾਂਗ, ਮਨੀਕਰਨ, ਸ਼ਿੰਕੁਲਾ ਦਰ੍ਹਾ, ਕੇਲੌਂਗ ਅਤੇ ਲੇਹ-ਲਦਾਖ ਵੱਲ ਜਾਣ ਵਾਲੇ ਯਾਤਰੀਆਂ ਅਤੇ ਮਾਲਵਾਹਕ ਵਾਹਨਾਂ ਲਈ ਵੀ ਇਹ ਰੂਟ ਮਹੱਤਵਪੂਰਨ ਹੈ।ਪੰਜਾਬ, ਚੰਡੀਗੜ੍ਹ, ਹਰਿਆਣਾ ਅਤੇ ਦਿੱਲੀ ਤੋਂ ਕੁੱਲੂ-ਮਨਾਲੀ ਜਾਣ ਵਾਲੇ ਸੈਲਾਨੀਆਂ ਲਈ ਇਹ ਪ੍ਰਾਜੈਕਟ ਯਾਤਰਾ ਦੇ ਸਮੇਂ ਅਤੇ ਸਹੂਲਤ ਦੇ ਪੱਖੋਂ ਅਹਿਮ ਸਾਬਤ ਹੋ ਸਕਦਾ ਹੈ।
ਸੁਰੰਗਾਂ ਵਿੱਚ ਕੀਤੇ ਗਏ ਆਧੁਨਿਕ ਸੁਰੱਖਿਆ ਪ੍ਰਬੰਧ
ਦੋਵਾਂ ਸੁਰੰਗਾਂ ਵਿੱਚ ਵਾਹਨਾਂ ਦੀ ਸੁਰੱਖਿਅਤ ਆਵਾਜਾਈ ਲਈ ਆਧੁਨਿਕ ਪ੍ਰਬੰਧ ਕੀਤੇ ਗਏ ਹਨ। ਇਨ੍ਹਾਂ ਵਿੱਚ CCTV ਕੈਮਰੇ, ਵੈਂਟੀਲੇਸ਼ਨ ਸਿਸਟਮ ਅਤੇ ਐਮਰਜੈਂਸੀ ਐਗਜ਼ਿਟ ਵਰਗੀਆਂ ਸਹੂਲਤਾਂ ਸ਼ਾਮਲ ਹਨ।ਇਨ੍ਹਾਂ ਪ੍ਰਬੰਧਾਂ ਨਾਲ ਸੁਰੰਗਾਂ ਦੇ ਅੰਦਰ ਆਵਾਜਾਈ ਨੂੰ ਸੁਚਾਰੂ ਬਣਾਉਣ ਅਤੇ ਐਮਰਜੈਂਸੀ ਦੀ ਸਥਿਤੀ ਵਿੱਚ ਯਾਤਰੀਆਂ ਦੀ ਮਦਦ ਕਰਨ ਵਿੱਚ ਸਹੂਲਤ ਮਿਲੇਗੀ।
