Milk Rate Hike News: ਮਲੇਰਕੋਟਲਾ ਡੇਅਰੀ ਯੂਨੀਅਨ ਵੱਲੋਂ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਡੇਅਰੀ ਯੂਨੀਅਨ ਦੀ ਇੱਕ ਅਹਿਮ ਮੀਟਿੰਗ ਵਿੱਚ ਮਹਿੰਗਾਈ ਅਤੇ ਪਸ਼ੂਆਂ ਦੀ ਫੀਡ, ਹਰੇ ਚਾਰੇ ਸਮੇਤ ਹੋਰ ਖਰਚਿਆਂ ਵਿੱਚ ਵਾਧੇ ਨੂੰ ਧਿਆਨ ਵਿੱਚ ਰੱਖਦਿਆਂ ਦੁੱਧ ਦੇ ਰੇਟ ਵਿੱਚ 5 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰਨ ਦਾ ਐਲਾਨ ਕੀਤਾ ਗਿਆ ਹੈ। ਨਵੀਆਂ ਕੀਮਤਾਂ 1 ਅਕਤੂਬਰ 2026 ਤੋਂ ਲਾਗੂ ਹੋਣਗੀਆਂ।
1 ਅਕਤੂਬਰ ਤੋਂ ਲਾਗੂ ਹੋਣਗੇ ਨਵੇਂ ਦੁੱਧ ਦੇ ਰੇਟ
ਮਲੇਰਕੋਟਲਾ ਡੇਅਰੀ ਯੂਨੀਅਨ ਦੀ ਮੀਟਿੰਗ ਅਸਲਮ ਅਛੂ ਪ੍ਰਧਾਨ ਦੀ ਮੌਜੂਦਗੀ ਵਿੱਚ ਹੋਈ। ਮੀਟਿੰਗ ਦੌਰਾਨ ਡੇਅਰੀ ਫਾਰਮਰਜ਼ ਅਤੇ ਯੂਨੀਅਨ ਦੇ ਮੈਂਬਰਾਂ ਨੇ ਦੁੱਧ ਦੀਆਂ ਕੀਮਤਾਂ ਵਿੱਚ ਸੋਧ ਸਬੰਧੀ ਵਿਚਾਰ-ਵਟਾਂਦਰਾ ਕੀਤਾ।ਡੇਅਰੀ ਫਾਰਮਰਜ਼ ਮੁਤਾਬਕ ਪਹਿਲਾਂ ਦੁੱਧ ਦੇ ਮਿਕਸ ਰੇਟ 70 ਅਤੇ 75 ਰੁਪਏ ਪ੍ਰਤੀ ਲੀਟਰ ਸਨ। ਹੁਣ ਇਨ੍ਹਾਂ ਰੇਟਾਂ ਵਿੱਚ 5 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਇਹ ਨਵੇਂ ਰੇਟ 1 ਅਕਤੂਬਰ ਤੋਂ ਲਾਗੂ ਹੋਣਗੇ।
ਡੇਅਰੀ ਫਾਰਮਰਜ਼ ਦਾ ਕਹਿਣਾ ਹੈ ਕਿ ਪਸ਼ੂ ਪਾਲਣ ਨਾਲ ਜੁੜੇ ਖਰਚਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਪਸ਼ੂਆਂ ਦੀ ਫੀਡ, ਹਰਾ ਚਾਰਾ, ਅਨਾਜ, ਤੇਲ ਦੀ ਖਲ ਅਤੇ ਪਸ਼ੂਆਂ ਦੀ ਸਾਂਭ-ਸੰਭਾਲ ’ਤੇ ਪਹਿਲਾਂ ਨਾਲੋਂ ਜ਼ਿਆਦਾ ਖਰਚਾ ਆ ਰਿਹਾ ਹੈ।ਉਤਪਾਦਕਾਂ ਮੁਤਾਬਕ ਵਧਦੀ ਲਾਗਤ ਕਾਰਨ ਦੁੱਧ ਦੇ ਮੌਜੂਦਾ ਰੇਟਾਂ ’ਤੇ ਡੇਅਰੀ ਦਾ ਕੰਮ ਚਲਾਉਣਾ ਮੁਸ਼ਕਲ ਹੋ ਰਿਹਾ ਸੀ। ਇਸੇ ਨੂੰ ਦੇਖਦਿਆਂ ਮੀਟਿੰਗ ਵਿੱਚ ਦੁੱਧ ਦੇ ਰੇਟ ਵਿੱਚ 5 ਰੁਪਏ ਪ੍ਰਤੀ ਲੀਟਰ ਵਾਧੇ ਦਾ ਫੈਸਲਾ ਕੀਤਾ ਗਿਆ।
ਮੀਟਿੰਗ ‘ਚ ਕਈ ਮੈਂਬਰ ਰਹੇ ਮੌਜੂਦ
ਇਸ ਮੀਟਿੰਗ ਵਿੱਚ ਹਾਜੀ ਬੁੰਦੂ, ਇਕਬਾਲ, ਲਿਆਕਤ ਅਲੀ (ਮੀਨਾ), ਅਸਲਮ ਬਿੱਟੂ, ਆਮਿਰ ਬਾਬੂ, ਮੁਸਤਫ਼ਾ ਬੂੰਦੂ, ਹਾਜੀ ਬਾਬੂ, ਕਾਲਾ, ਭੋਲੂ, ਸੋਨੀ, ਕਾਕਾ, ਰੋਮੀ ਸਰਪੰਚ, ਯਾਸੀਨ ਸਮੇਤ ਹੋਰ ਮੈਂਬਰ ਮੌਜੂਦ ਸਨ।ਡੇਅਰੀ ਫਾਰਮਰਜ਼ ਆਗੂਆਂ ਨੇ ਦੱਸਿਆ ਕਿ ਹੋਰਨਾਂ ਇਲਾਕਿਆਂ ਵਿੱਚ ਵੀ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਮੁਤਾਬਕ ਕੁਝ ਥਾਵਾਂ ’ਤੇ ਦੁੱਧ ਦੇ ਰੇਟ 100 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਏ ਹਨ, ਜਦਕਿ ਮਲੇਰਕੋਟਲਾ ਵਿੱਚ ਫਿਲਹਾਲ ਸਿਰਫ਼ 5 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ।
ਨਕਲੀ ਅਤੇ ਮਿਲਾਵਟੀ ਦੁੱਧ ਤੋਂ ਬਚਣ ਦੀ ਅਪੀਲ
ਦੁੱਧ ਦੇ ਰੇਟ ਵਧਾਉਣ ਦੇ ਨਾਲ ਹੀ ਮਲੇਰਕੋਟਲਾ ਦੇ ਡੇਅਰੀ ਫਾਰਮਰਜ਼ ਨੇ ਲੋਕਾਂ ਨੂੰ ਨਕਲੀ ਅਤੇ ਮਿਲਾਵਟੀ ਦੁੱਧ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।ਉਨ੍ਹਾਂ ਕਿਹਾ ਕਿ ਖਪਤਕਾਰ ਦੁੱਧ ਖਰੀਦਦੇ ਸਮੇਂ ਗੁਣਵੱਤਾ ਦਾ ਧਿਆਨ ਰੱਖਣ। ਮਿਲਾਵਟੀ ਦੁੱਧ ਦੀ ਵਰਤੋਂ ਸਿਹਤ ਲਈ ਨੁਕਸਾਨਦੇਹ ਹੋ ਸਕਦੀ ਹੈ।
ਮੁੰਬਈ ਵਿੱਚ ਵੀ ਦੁੱਧ ਹੋਇਆ ਮਹਿੰਗਾ
ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਮੁੰਬਈ ਵਿੱਚ 1 ਸਤੰਬਰ ਤੋਂ ਡੇਅਰੀ ਦੁੱਧ ਦੀ ਕੀਮਤ ਵਿੱਚ 9 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਸੀ। ਇਸ ਤੋਂ ਬਾਅਦ 93 ਰੁਪਏ ਪ੍ਰਤੀ ਲੀਟਰ ਵਾਲਾ ਦੁੱਧ 102 ਰੁਪਏ ਪ੍ਰਤੀ ਲੀਟਰ ਹੋ ਗਿਆ।
ਕਿਉਂ ਵਧ ਰਹੇ ਹਨ ਦੁੱਧ ਦੇ ਰੇਟ?
ਦੁੱਧ ਉਤਪਾਦਕਾਂ ਮੁਤਾਬਕ ਡੇਅਰੀ ਫਾਰਮ ਚਲਾਉਣ ਦੀ ਲਾਗਤ ਪਿਛਲੇ ਕੁਝ ਸਮੇਂ ਵਿੱਚ ਵਧੀ ਹੈ। ਪਸ਼ੂਆਂ ਦੀ ਫੀਡ, ਹਰੇ ਚਾਰੇ ਅਤੇ ਹੋਰ ਖੁਰਾਕੀ ਸਮੱਗਰੀ ਦੀਆਂ ਕੀਮਤਾਂ ਵਿੱਚ ਵਾਧੇ ਨੇ ਉਤਪਾਦਨ ਲਾਗਤ ਨੂੰ ਪ੍ਰਭਾਵਿਤ ਕੀਤਾ ਹੈ।ਇਸ ਤੋਂ ਇਲਾਵਾ ਪਸ਼ੂਆਂ ਦੀ ਸਾਂਭ-ਸੰਭਾਲ, ਦਵਾਈਆਂ ਅਤੇ ਹੋਰ ਖਰਚੇ ਵੀ ਡੇਅਰੀ ਫਾਰਮਰਜ਼ ’ਤੇ ਵਾਧੂ ਬੋਝ ਪਾ ਰਹੇ ਹਨ। ਉਤਪਾਦਕਾਂ ਦਾ ਤਰਕ ਹੈ ਕਿ ਵਧਦੀ ਲਾਗਤ ਦੇ ਮੱਦੇਨਜ਼ਰ ਦੁੱਧ ਦੀਆਂ ਕੀਮਤਾਂ ਵਿੱਚ ਸੋਧ ਕਰਨਾ ਜ਼ਰੂਰੀ ਹੋ ਗਿਆ ਹੈ।
