ਨਾਗੋਆ: ਮੌਜੂਦਾ ਚੈਂਪੀਅਨ ਭਾਰਤੀ ਪੁਰਸ਼ ਕਬੱਡੀ ਟੀਮ ਨੇ ਏਸ਼ੀਆਈ ਖੇਡਾਂ ਵਿੱਚ ਆਪਣੇ ਖਿਤਾਬ ਦੇ ਬਚਾਅ ਦੀ ਸ਼ੁਰੂਆਤ ਸ਼ਾਨਦਾਰ ਜਿੱਤ ਨਾਲ ਕੀਤੀ ਹੈ। ਭਾਰਤ ਨੇ ਸੋਮਵਾਰ ਨੂੰ ਆਈਚੀ ਪ੍ਰੀਫੈਕਚਰ ਦੇ ਟੋਕਾਈ ਸਿਟੀਜ਼ਨਜ਼ ਜਿਮਨੇਜ਼ੀਅਮ ਵਿੱਚ ਮੇਜ਼ਬਾਨ ਜਾਪਾਨ ਨੂੰ 49-24 ਦੇ ਵੱਡੇ ਫਰਕ ਨਾਲ ਮਾਤ ਦਿੱਤੀ।ਭਾਰਤੀ ਟੀਮ ਨੇ ਸ਼ੁਰੂ ਤੋਂ ਹੀ ਮੈਚ ’ਤੇ ਆਪਣਾ ਦਬਦਬਾ ਬਣਾਈ ਰੱਖਿਆ। ਏਸ਼ੀਆਈ ਖੇਡਾਂ ਵਿੱਚ ਪਹਿਲੀ ਵਾਰ ਹਿੱਸਾ ਲੈ ਰਹੇ ਅਯਾਨ ਲੋਹਚਾਬ, ਦੇਵਾਂਕ ਦਲਾਲ ਅਤੇ ਆਸ਼ੂ ਮਲਿਕ ਨੇ ਰੇਡਿੰਗ ਵਿੱਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ।
ਪਹਿਲੇ ਹਾਫ ਵਿੱਚ ਹੀ ਭਾਰਤ ਦੀ ਮਜ਼ਬੂਤ ਪਕੜ
ਮੈਚ ਦੀ ਸ਼ੁਰੂਆਤ ਤੋਂ ਹੀ ਭਾਰਤ ਨੇ ਜਾਪਾਨ ’ਤੇ ਦਬਾਅ ਬਣਾਇਆ ਰੱਖਿਆ। ਭਾਰਤੀ ਟੀਮ ਨੇ ਪਹਿਲੇ ਹਾਫ ਵਿੱਚ ਸ਼ਾਨਦਾਰ ਖੇਡ ਦਿਖਾਉਂਦਿਆਂ 31-9 ਦੀ ਬੜ੍ਹਤ ਹਾਸਲ ਕੀਤੀ।ਰੇਡਰ ਆਸ਼ੂ ਮਲਿਕ ਨੇ ਭਾਰਤ ਦੀ ਹਮਲਾਵਰ ਖੇਡ ਵਿੱਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੇ ਇੱਕ ਸੁਪਰ ਰੇਡ ਸਮੇਤ ਮਹੱਤਵਪੂਰਨ ਅੰਕ ਹਾਸਲ ਕੀਤੇ। ਇਸ ਦੇ ਨਾਲ ਹੀ ਰਾਹੁਲ ਸੇਠਪਾਲ ਨੇ ਡਿਫੈਂਸ ਵਿੱਚ ਮਜ਼ਬੂਤ ਪ੍ਰਦਰਸ਼ਨ ਕਰਦੇ ਹੋਏ ਜਾਪਾਨ ਦੇ ਰੇਡਰਾਂ ਨੂੰ ਰੋਕਣ ਵਿੱਚ ਅਹਿਮ ਯੋਗਦਾਨ ਪਾਇਆ।ਭਾਰਤ ਨੇ ਪਹਿਲੇ 20 ਮਿੰਟਾਂ ਦੌਰਾਨ ਜਾਪਾਨ ਨੂੰ ਕਈ ਵਾਰ ਆਲ-ਆਊਟ ਕੀਤਾ, ਜਿਸ ਨਾਲ ਭਾਰਤ ਦੀ ਲੀਡ ਲਗਾਤਾਰ ਵਧਦੀ ਗਈ।
ਦੂਜੇ ਹਾਫ ਵਿੱਚ ਵੀ ਜਾਰੀ ਰਿਹਾ ਦਬਦਬਾ
ਦੂਜੇ ਹਾਫ ਦੀ ਸ਼ੁਰੂਆਤ ਤੋਂ ਬਾਅਦ ਵੀ ਭਾਰਤੀ ਟੀਮ ਨੇ ਆਪਣੀ ਰਫ਼ਤਾਰ ਬਰਕਰਾਰ ਰੱਖੀ। ਭਾਰਤ ਨੇ ਜਾਪਾਨ ਨੂੰ ਮੁੜ ਆਲ-ਆਊਟ ਕਰਕੇ 40-12 ਦੀ ਬੜ੍ਹਤ ਬਣਾ ਲਈ।ਇਸ ਤੋਂ ਬਾਅਦ ਜਾਪਾਨ ਨੇ ਕੁਝ ਅੰਕ ਲਗਾਤਾਰ ਹਾਸਲ ਕਰਕੇ ਹਾਰ ਦਾ ਫਰਕ ਘਟਾਉਣ ਦੀ ਕੋਸ਼ਿਸ਼ ਕੀਤੀ। ਮੇਜ਼ਬਾਨ ਟੀਮ ਲਈ ਬੋਨਸ ਅੰਕ ਮਹੱਤਵਪੂਰਨ ਰਹੇ। ਹਾਲਾਂਕਿ ਭਾਰਤ ਨੇ ਆਪਣੀ ਵੱਡੀ ਬੜ੍ਹਤ ਕਾਇਮ ਰੱਖੀ ਅਤੇ ਆਖਿਰਕਾਰ ਮੈਚ 49-24 ਨਾਲ ਆਪਣੇ ਨਾਮ ਕਰ ਲਿਆ।
ਹੁਣ ਦੱਖਣੀ ਕੋਰੀਆ ਨਾਲ ਹੋਵੇਗਾ ਮੁਕਾਬਲਾ
ਭਾਰਤੀ ਟੀਮ ਹੁਣ ਆਪਣੇ ਅਗਲੇ ਗਰੁੱਪ ਮੈਚ ਵਿੱਚ ਦੱਖਣੀ ਕੋਰੀਆ ਦਾ ਸਾਹਮਣਾ ਕਰੇਗੀ। ਇਹ ਮੁਕਾਬਲਾ ਮੰਗਲਵਾਰ ਨੂੰ ਖੇਡਿਆ ਜਾਵੇਗਾ। ਗਰੁੱਪ ਵਿੱਚੋਂ ਚੋਟੀ ਦੀਆਂ ਦੋ ਟੀਮਾਂ ਸੈਮੀਫਾਈਨਲ ਲਈ ਕੁਆਲੀਫਾਈ ਕਰਨਗੀਆਂ।
ਏਸ਼ੀਆਈ ਖੇਡਾਂ ਵਿੱਚ ਭਾਰਤ ਦਾ ਸ਼ਾਨਦਾਰ ਕਬੱਡੀ ਰਿਕਾਰਡ
ਏਸ਼ੀਆਈ ਖੇਡਾਂ ਦੇ ਕਬੱਡੀ ਇਤਿਹਾਸ ਵਿੱਚ ਭਾਰਤ ਦਾ ਰਿਕਾਰਡ ਬੇਹੱਦ ਸ਼ਾਨਦਾਰ ਰਿਹਾ ਹੈ। ਹੁਣ ਤੱਕ ਖੇਡੇ ਗਏ 13 ਖਿਤਾਬਾਂ ਵਿੱਚੋਂ ਭਾਰਤ ਨੇ 11 ਵਾਰ ਸੋਨ ਤਗਮਾ ਜਿੱਤਿਆ ਹੈ।ਪੁਰਸ਼ ਟੀਮ ਨੇ ਨੌਂ ਵਿੱਚੋਂ ਅੱਠ ਵਾਰ ਸੋਨ ਤਗਮਾ ਆਪਣੇ ਨਾਮ ਕੀਤਾ ਹੈ। ਸਿਰਫ਼ ਜਕਾਰਤਾ 2018 ਵਿੱਚ ਭਾਰਤੀ ਪੁਰਸ਼ ਟੀਮ ਨੂੰ ਖਿਤਾਬ ਨਹੀਂ ਮਿਲ ਸਕਿਆ ਸੀ ਅਤੇ ਉਸ ਵੇਲੇ ਟੀਮ ਨੇ ਕਾਂਸੀ ਦਾ ਤਗਮਾ ਜਿੱਤਿਆ ਸੀ।ਮਹਿਲਾ ਟੀਮ ਨੇ ਵੀ ਏਸ਼ੀਆਈ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਮਹਿਲਾ ਟੀਮ ਨੇ ਚਾਰ ਵਿੱਚੋਂ ਤਿੰਨ ਵਾਰ ਸੋਨ ਤਗਮਾ ਜਿੱਤਿਆ ਹੈ, ਜਦਕਿ 2018 ਵਿੱਚ ਉਸ ਨੂੰ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ ਸੀ।49-24 ਦੀ ਜਿੱਤ ਨਾਲ ਭਾਰਤੀ ਪੁਰਸ਼ ਕਬੱਡੀ ਟੀਮ ਨੇ ਖਿਤਾਬੀ ਮੁਹਿੰਮ ਦੀ ਮਜ਼ਬੂਤ ਸ਼ੁਰੂਆਤ ਕੀਤੀ ਹੈ। ਹੁਣ ਸਾਰਿਆਂ ਦੀਆਂ ਨਜ਼ਰਾਂ ਦੱਖਣੀ ਕੋਰੀਆ ਖ਼ਿਲਾਫ਼ ਹੋਣ ਵਾਲੇ ਅਗਲੇ ਮੁਕਾਬਲੇ ’ਤੇ ਹਨ।
