ਅੰਮ੍ਰਿਤਸਰ: ਪੰਜਾਬ ਦੇ ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਮੇਕਅੱਪ ਆਰਟਿਸਟ ਮੈਡ ਸੰਧੂ ਕਤਲ ਕਾਂਡ ਨੂੰ ਸੁਲਝਾਉਣ ਵਿੱਚ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਇਸ ਟਾਰਗੇਟ ਕਿਲਿੰਗ ਮਾਮਲੇ ਵਿੱਚ ਮੁੱਖ ਸ਼ੂਟਰ ਵਜੋਂ ਦੱਸੇ ਜਾ ਰਹੇ ਪਰਮਿੰਦਰ ਕਾਕਾ ਉਰਫ਼ ਪਰਮਿੰਦਰ ਪ੍ਰਸਾਦ ਨੂੰ ਅਹਿਮਦਾਬਾਦ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਵਿੱਚ ਹੁਣ ਤੱਕ ਕੁੱਲ 6 ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਵਿੱਚ ਆ ਚੁੱਕੇ ਹਨ।
ਦੱਸ ਦੇਈਏ ਕਿ 3 ਅਕਤੂਬਰ ਨੂੰ ਅੰਮ੍ਰਿਤਸਰ ਦੇ ਲੋਹਾਰਕਾ ਰੋਡ ਇਲਾਕੇ ਵਿੱਚ ਮੈਡ ਸੰਧੂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੁਲਿਸ ਮੁਤਾਬਕ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਵਿਅਕਤੀਆਂ ਨੇ ਮੈਡ ਸੰਧੂ ’ਤੇ ਗੋਲੀਆਂ ਚਲਾਈਆਂ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ।
ਅਹਿਮਦਾਬਾਦ ਤੋਂ ਕਾਬੂ ਹੋਇਆ ਮੁੱਖ ਸ਼ੂਟਰ
ਪੰਜਾਬ ਪੁਲਿਸ ਵੱਲੋਂ ਮਾਮਲੇ ਸਬੰਧੀ ਕੀਤੀ ਗਈ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਗਿਆ ਕਿ ਅਹਿਮਦਾਬਾਦ ਕ੍ਰਾਈਮ ਬ੍ਰਾਂਚ ਦੀ ਮਦਦ ਨਾਲ ਪਰਮਿੰਦਰ ਕਾਕਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਦਾ ਦਾਅਵਾ ਹੈ ਕਿ ਪਰਮਿੰਦਰ ਕਾਕਾ ਕਥਿਤ ਤੌਰ ’ਤੇ ਗੋਲਡੀ ਢਿੱਲੋਂ ਗੈਂਗ ਨਾਲ ਜੁੜਿਆ ਹੋਇਆ ਸੀ ਅਤੇ ਉਸ ਨੇ ਮੈਡ ਸੰਧੂ ’ਤੇ ਗੋਲੀਬਾਰੀ ਕੀਤੀ ਸੀ।
ਪੁਲਿਸ ਅਨੁਸਾਰ ਵਾਰਦਾਤ ਤੋਂ ਬਾਅਦ ਪਰਮਿੰਦਰ ਕਾਕਾ ਆਪਣੇ ਭਰਾ ਅਮਨਦੀਪ ਦੇ ਸੰਪਰਕ ਵਿੱਚ ਸੀ। ਉਹ ਆਪਣੇ ਭਰਾ ਨੂੰ ਪੈਸੇ ਭੇਜਣ ਲਈ ਵਾਰ-ਵਾਰ ਫੋਨ ਕਰ ਰਿਹਾ ਸੀ, ਪਰ ਉਸ ਨੂੰ ਇਹ ਜਾਣਕਾਰੀ ਨਹੀਂ ਸੀ ਕਿ ਉਸ ਦਾ ਭਰਾ ਪਹਿਲਾਂ ਹੀ ਪੁਲਿਸ ਦੀ ਗ੍ਰਿਫ਼ਤ ਵਿੱਚ ਹੈ। ਇਸੇ ਕੜੀ ਨੇ ਪੁਲਿਸ ਨੂੰ ਉਸ ਤੱਕ ਪਹੁੰਚਣ ਵਿੱਚ ਮਦਦ ਕੀਤੀ।
ਕੁੱਲ 6 ਮੁਲਜ਼ਮ ਗ੍ਰਿਫ਼ਤਾਰ
ਪੁਲਿਸ ਮੁਤਾਬਕ ਇਸ ਮਾਮਲੇ ਵਿੱਚ ਹੁਣ ਤੱਕ ਕੁੱਲ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਵਿੱਚ ਪਰਮਿੰਦਰ ਕਾਕਾ ਤੋਂ ਇਲਾਵਾ ਬਲਰਾਜ ਸਿੰਘ, ਵਿਕਾਸ ਸਿੰਘ, ਬਲਜਿੰਦਰ ਸਿੰਘ ਅਤੇ ਹੋਰ ਮੁਲਜ਼ਮ ਸ਼ਾਮਲ ਹਨ। ਇੱਕ ਹੋਰ ਮੁਲਜ਼ਮ ਅਜੇ ਫਰਾਰ ਦੱਸਿਆ ਜਾ ਰਿਹਾ ਹੈ, ਜਿਸ ਦੀ ਭਾਲ ਜਾਰੀ ਹੈ।
ਪੁਲਿਸ ਨੇ ਦੱਸਿਆ ਕਿ ਬਲਰਾਜ ਸਿੰਘ ਅਤੇ ਵਿਕਾਸ ਸਿੰਘ ਵੱਲੋਂ ਕਥਿਤ ਤੌਰ ’ਤੇ 2-3 ਦਿਨਾਂ ਤੱਕ ਮੈਡ ਸੰਧੂ ਦੀ ਰੈਕੀ ਕੀਤੀ ਗਈ ਸੀ। ਇਸ ਤੋਂ ਬਾਅਦ ਪਰਮਿੰਦਰ ਕਾਕਾ ਅਤੇ ਉਸ ਦੇ ਇੱਕ ਸਾਥੀ ਨੇ ਗੋਲੀਬਾਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ।
ਵਿਦੇਸ਼ ਤੋਂ ਮਿਲੇ ਸਨ ਸਿਰਫ਼ 16 ਹਜ਼ਾਰ ਰੁਪਏ!
ਪੁਲਿਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਸ਼ੂਟਰਾਂ ਨੂੰ ਵਿਦੇਸ਼ ਤੋਂ ਕਰੀਬ 16 ਹਜ਼ਾਰ ਰੁਪਏ ਮਿਲੇ ਸਨ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਅਜਿਹੀਆਂ ਕਿਲਿੰਗ ਵਾਰਦਾਤਾਂ ਕਰਕੇ ਆਪਣਾ ਨਾਮ ਬਣਾਉਣ, ਦਹਿਸ਼ਤ ਪੈਦਾ ਕਰਨ ਅਤੇ ਲੋਕਾਂ ਨੂੰ ਧਮਕਾ ਕੇ ਪੈਸੇ ਕਮਾਉਣ ਦੀ ਕੋਸ਼ਿਸ਼ ਕਰ ਰਹੇ ਸਨ।
125 ਕਿਲੋਮੀਟਰ ਦੇ ਇਲਾਕੇ ਦੀ CCTV ਖੰਗਾਲੀ
ਮੈਡ ਸੰਧੂ ਕਤਲ ਕਾਂਡ ਨੂੰ ਸੁਲਝਾਉਣ ਲਈ ਪੁਲਿਸ ਨੇ ਕਰੀਬ 125 ਕਿਲੋਮੀਟਰ ਦੇ ਇਲਾਕੇ ਦੀ CCTV ਫੁਟੇਜ ਖੰਗਾਲੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮਾਂ ਨੇ ਪੁਲਿਸ ਨੂੰ ਚਕਮਾ ਦੇਣ ਲਈ ਕਈ ਵਾਰ ਆਪਣਾ ਰਸਤਾ ਬਦਲਿਆ ਅਤੇ ਕੁਝ ਥਾਵਾਂ ’ਤੇ ਵਾਪਸ ਵੀ ਮੁੜੇ।ਪੁਲਿਸ ਮੁਤਾਬਕ ਵਾਰਦਾਤ ਵਿੱਚ ਵਰਤੇ ਗਏ 2 ਮੋਟਰਸਾਈਕਲ ਅਤੇ 4 ਹਥਿਆਰ ਅਜੇ ਬਰਾਮਦ ਨਹੀਂ ਹੋਏ ਹਨ। ਇਨ੍ਹਾਂ ਦੀ ਬਰਾਮਦਗੀ ਲਈ ਜਾਂਚ ਜਾਰੀ ਹੈ।
6 ਮੈਂਬਰੀ ਟੀਮ ਅਹਿਮਦਾਬਾਦ ਭੇਜੀ ਗਈ
ਪਰਮਿੰਦਰ ਕਾਕਾ ਨੂੰ ਅੰਮ੍ਰਿਤਸਰ ਲਿਆਉਣ ਲਈ ਪੰਜਾਬ ਪੁਲਿਸ ਦੀ 6 ਮੈਂਬਰੀ ਟੀਮ ਅਹਿਮਦਾਬਾਦ ਭੇਜੀ ਗਈ ਸੀ। ਪੁਲਿਸ ਮੁਤਾਬਕ ਮੁੱਖ ਮੁਲਜ਼ਮ ਨੂੰ 9 ਅਕਤੂਬਰ ਨੂੰ ਅੰਮ੍ਰਿਤਸਰ ਲਿਆਂਦਾ ਜਾਵੇਗਾ, ਜਿਸ ਤੋਂ ਬਾਅਦ ਉਸ ਤੋਂ ਪੁੱਛਗਿੱਛ ਕਰਕੇ ਕਤਲ ਦੀ ਸਾਜ਼ਿਸ਼ ਅਤੇ ਇਸ ਨਾਲ ਜੁੜੇ ਹੋਰ ਤੱਥਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾਵੇਗੀ।ਪੁਲਿਸ ਹੁਣ ਫਰਾਰ ਮੁਲਜ਼ਮ ਦੀ ਗ੍ਰਿਫ਼ਤਾਰੀ ਦੇ ਨਾਲ-ਨਾਲ ਵਾਰਦਾਤ ਵਿੱਚ ਵਰਤੇ ਗਏ ਹਥਿਆਰਾਂ ਅਤੇ ਮੋਟਰਸਾਈਕਲਾਂ ਦੀ ਬਰਾਮਦਗੀ ਲਈ ਵੀ ਕਾਰਵਾਈ ਕਰ ਰਹੀ ਹੈ।
