ਦੁਨੀਆ ਦੀ ਮੋਹਰੀ ਈ-ਕਾਮਰਸ ਅਤੇ ਤਕਨਾਲੋਜੀ ਕੰਪਨੀ ਐਮਾਜ਼ਾਨ (Amazon) ਨੇ ਇੱਕ ਵਾਰ ਫਿਰ ਆਪਣੇ ਕਰਮਚਾਰੀਆਂ ਦੀ ਛਾਂਟੀ ਕੀਤੀ ਹੈ। ਤਾਜ਼ਾ ਰਿਪੋਰਟਾਂ ਮੁਤਾਬਕ ਕੰਪਨੀ ਨੇ ਵਿਸ਼ਵ ਪੱਧਰ ’ਤੇ 1,000 ਤੋਂ ਘੱਟ ਕਾਰਪੋਰੇਟ ਕਰਮਚਾਰੀਆਂ ਨੂੰ ਨੌਕਰੀ ਤੋਂ ਹਟਾਇਆ ਹੈ। ਇਸ ਛਾਂਟੀ ਦਾ ਅਸਰ ਅਮਰੀਕਾ ਤੋਂ ਇਲਾਵਾ ਭਾਰਤ ਅਤੇ ਯੂਕੇ ਵਿੱਚ ਕੰਮ ਕਰ ਰਹੇ ਕਰਮਚਾਰੀਆਂ ’ਤੇ ਵੀ ਪਿਆ ਹੈ।
ਸਟੋਰ ਕਾਰੋਬਾਰ ਵਿੱਚ ਕੀਤਾ ਪੁਨਰਗਠਨ
ਜਾਣਕਾਰੀ ਅਨੁਸਾਰ ਐਮਾਜ਼ਾਨ ਦੀ ਇਹ ਨਵੀਂ ਛਾਂਟੀ ਮੁੱਖ ਤੌਰ ’ਤੇ ਕੰਪਨੀ ਦੇ ‘ਸਟੋਰ’ ਕਾਰੋਬਾਰ ਨਾਲ ਜੁੜੀ ਹੈ। ਇਹ ਡਿਵੀਜ਼ਨ ਐਮਾਜ਼ਾਨ ਦੇ ਮੁੱਖ ਈ-ਕਾਮਰਸ ਕਾਰੋਬਾਰ ਨਾਲ ਸਬੰਧਤ ਕੰਮਾਂ ਦੀ ਦੇਖਭਾਲ ਕਰਦਾ ਹੈ।ਰਿਪੋਰਟਾਂ ਮੁਤਾਬਕ ਕਸਟਮਰ ਸਰਵਿਸ ਅਤੇ ਸੇਲਰ ਪਾਰਟਨਰ ਸਰਵਿਸਿਜ਼ ਨਾਲ ਜੁੜੀਆਂ ਟੀਮਾਂ ਇਸ ਕਟੌਤੀ ਨਾਲ ਵੱਧ ਪ੍ਰਭਾਵਿਤ ਹੋਈਆਂ ਹਨ। ਹਾਲਾਂਕਿ, ਕੰਪਨੀ ਦੇ ਹੋਰ ਵਿਭਾਗਾਂ ਵਿੱਚ ਵੀ ਕੁਝ ਅਹੁਦਿਆਂ ’ਤੇ ਇਸ ਪੁਨਰਗਠਨ ਦਾ ਅਸਰ ਪੈਣ ਦੀ ਗੱਲ ਸਾਹਮਣੇ ਆ ਰਹੀ ਹੈ।
ਭਾਰਤ ਅਤੇ ਯੂਕੇ ਦੇ ਕਰਮਚਾਰੀਆਂ ਨੂੰ ਵੀ ਜਾਣਕਾਰੀ
ਭਾਰਤ ਅਤੇ ਯੂਕੇ ਵਿੱਚ ਪ੍ਰਭਾਵਿਤ ਕਰਮਚਾਰੀਆਂ ਨੂੰ ਕੰਪਨੀ ਦੇ ਅੰਦਰੂਨੀ Slack ਚੈਨਲਾਂ ਰਾਹੀਂ ਇਸ ਫੈਸਲੇ ਬਾਰੇ ਜਾਣਕਾਰੀ ਦਿੱਤੀ ਗਈ। ਇਹ ਕਦਮ ਉਸ ਸਮੇਂ ਸਾਹਮਣੇ ਆਇਆ ਹੈ ਜਦੋਂ ਐਮਾਜ਼ਾਨ ਦਾ Prime Big Deal Days ਸ਼ਾਪਿੰਗ ਈਵੈਂਟ ਵੀ ਚੱਲ ਰਿਹਾ ਹੈ।
ਪਹਿਲਾਂ ਵੀ ਹਜ਼ਾਰਾਂ ਨੌਕਰੀਆਂ ਗਈਆਂ
ਐਮਾਜ਼ਾਨ ਵੱਲੋਂ ਕੀਤੀ ਗਈ ਇਹ ਤਾਜ਼ਾ ਛਾਂਟੀ ਕੰਪਨੀ ਦੇ ਵੱਡੇ ਪੱਧਰ ’ਤੇ ਚੱਲ ਰਹੇ ਪੁਨਰਗਠਨ ਦਾ ਹਿੱਸਾ ਮੰਨੀ ਜਾ ਰਹੀ ਹੈ। ਰਿਪੋਰਟਾਂ ਅਨੁਸਾਰ ਅਕਤੂਬਰ 2025 ਤੋਂ ਜਨਵਰੀ 2026 ਦੇ ਵਿਚਕਾਰ ਕਰੀਬ 30,000 ਕਾਰਪੋਰੇਟ ਅਹੁਦੇ ਖਤਮ ਕੀਤੇ ਗਏ ਸਨ।ਹੁਣ ਇੱਕ ਵਾਰ ਫਿਰ ਕਰਮਚਾਰੀਆਂ ਦੀ ਗਿਣਤੀ ਘਟਾਉਣ ਨਾਲ ਇਹ ਸੰਕੇਤ ਮਿਲਦਾ ਹੈ ਕਿ ਐਮਾਜ਼ਾਨ ਵਿੱਚ ਲਾਗਤ ਘਟਾਉਣ ਅਤੇ ਕਾਰੋਬਾਰੀ ਢਾਂਚੇ ਨੂੰ ਹੋਰ ਸੁਚਾਰੂ ਬਣਾਉਣ ਦੀ ਪ੍ਰਕਿਰਿਆ ਜਾਰੀ ਹੈ।
Amazon ਨੇ ਕੀ ਕਿਹਾ?
ਐਮਾਜ਼ਾਨ ਦੇ ਬੁਲਾਰੇ ਨੇ ਛਾਂਟੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਸਟੋਰ ਡਿਵੀਜ਼ਨ ਦੇ ਅੰਦਰ ਸੀਮਤ ਗਿਣਤੀ ਦੀਆਂ ਭੂਮਿਕਾਵਾਂ ਨਾਲ ਸਬੰਧਤ ਹੈ। ਕੰਪਨੀ ਦੇ ਮੁਤਾਬਕ, ਸਟੋਰ ਕਾਰੋਬਾਰ ਦੇ ਕੁਝ ਹਿੱਸਿਆਂ ਦਾ ਪੁਨਰਗਠਨ ਕੀਤਾ ਗਿਆ ਹੈ ਤਾਂ ਜੋ ਕੰਪਨੀ ਆਪਣੀਆਂ ਤਰਜੀਹਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਪੂਰਾ ਕਰ ਸਕੇ।ਕੰਪਨੀ ਨੇ ਇਹ ਵੀ ਕਿਹਾ ਹੈ ਕਿ ਪੁਨਰਗਠਨ ਨਾਲ ਪ੍ਰਭਾਵਿਤ ਕਰਮਚਾਰੀਆਂ ਨੂੰ ਸੰਭਵ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ।
