ਕੰਸਰਟ ਲਈ ਪੁਲਿਸ ਸੁਰੱਖਿਆ ਦੀ ਮੰਗ
ਮੀਡੀਆ ਰਿਪੋਰਟਾਂ ਮੁਤਾਬਕ, ਕੰਸਰਟ ਦੇ ਪ੍ਰਬੰਧਕਾਂ ਨੇ ਸਮਾਗਮ ਦੌਰਾਨ ਕਿਸੇ ਵੀ ਤਰ੍ਹਾਂ ਦੀ ਗੜਬੜੀ ਦੀ ਸੰਭਾਵਨਾ ਦੇ ਮੱਦੇਨਜ਼ਰ ਪੁਲਿਸ ਸੁਰੱਖਿਆ ਦੀ ਮੰਗ ਕੀਤੀ ਹੈ। ਇਸ ਸਬੰਧੀ ਪ੍ਰਬੰਧਕਾਂ ਵੱਲੋਂ ਕੇਂਦਰੀ ਗ੍ਰਹਿ ਮੰਤਰਾਲੇ ਦੇ ਵਿਸ਼ੇਸ਼ ਸਕੱਤਰ ਅਤੇ ਸੰਯੁਕਤ ਸਕੱਤਰ (ਅੰਦਰੂਨੀ ਸੁਰੱਖਿਆ) ਨੂੰ ਪੱਤਰ ਵੀ ਭੇਜਿਆ ਗਿਆ ਹੈ।
ਪ੍ਰਬੰਧਕਾਂ ਨੇ ਦਿਲਜੀਤ ਦੋਸਾਂਝ ਦੀ ਸੁਰੱਖਿਆ ਲਈ ਛੇ ਹਥਿਆਰਬੰਦ ਕਮਾਂਡੋ ਅਤੇ ਦੋ ਨਿੱਜੀ ਸੁਰੱਖਿਆ ਅਧਿਕਾਰੀ ਤਾਇਨਾਤ ਕਰਨ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ, ਹਵਾਈ ਅੱਡੇ ਤੋਂ ਹੋਟਲ ਅਤੇ ਕੰਸਰਟ ਵਾਲੀ ਥਾਂ ਤੱਕ ਆਉਣ-ਜਾਣ ਸਮੇਂ ਵੀ ਸੁਰੱਖਿਆ ਪ੍ਰਬੰਧ ਕਰਨ ਦੀ ਬੇਨਤੀ ਕੀਤੀ ਗਈ ਹੈ।
ਹੋਟਲ ਤੋਂ ਲੈ ਕੇ ਸਟੇਡੀਅਮ ਤੱਕ ਹੋਵੇਗੀ ਸੁਰੱਖਿਆ ਦੀ ਮੰਗ
ਪ੍ਰਬੰਧਕਾਂ ਵੱਲੋਂ ਦਿਲਜੀਤ ਦੇ ਠਹਿਰਨ ਵਾਲੇ ਹੋਟਲ ਵਿੱਚ ਪੁਲਿਸ ਤਾਇਨਾਤ ਕਰਨ ਦੇ ਨਾਲ-ਨਾਲ ਕੰਸਰਟ ਤੋਂ ਪਹਿਲਾਂ ਹੋਣ ਵਾਲੀਆਂ ਰਿਹਰਸਲਾਂ ਅਤੇ ਮੁੱਖ ਸਮਾਗਮ ਵਾਲੇ ਦਿਨ ਵੀ ਸੁਰੱਖਿਆ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਗਈ ਹੈ।ਇਸ ਦੇ ਨਾਲ ਹੀ ਖ਼ਤਰੇ ਦੇ ਮੁਲਾਂਕਣ ਦੇ ਆਧਾਰ ‘ਤੇ ਸੁਰੱਖਿਆ ਪ੍ਰਬੰਧ ਕਰਨ, ਇੱਕ ਨੋਡਲ ਅਧਿਕਾਰੀ ਨਿਯੁਕਤ ਕਰਨ ਅਤੇ ਦਿਲਜੀਤ ਦੇ ਲੁਧਿਆਣਾ ਰਵਾਨਾ ਹੋਣ ਸਮੇਂ ਸੁਰੱਖਿਆ ਦੀ ਜ਼ਿੰਮੇਵਾਰੀ ਪੰਜਾਬ ਪੁਲਿਸ ਨੂੰ ਸੌਂਪਣ ਦੀ ਬੇਨਤੀ ਵੀ ਕੀਤੀ ਗਈ ਹੈ।ਖ਼ਾਸ ਗੱਲ ਇਹ ਹੈ ਕਿ ਪ੍ਰਬੰਧਕਾਂ ਨੇ ਸਰਕਾਰੀ ਨਿਯਮਾਂ ਅਨੁਸਾਰ ਸੁਰੱਖਿਆ ਪ੍ਰਬੰਧਾਂ ‘ਤੇ ਆਉਣ ਵਾਲਾ ਖਰਚਾ ਖ਼ੁਦ ਚੁੱਕਣ ਦੀ ਪੇਸ਼ਕਸ਼ ਕੀਤੀ ਹੈ।
15 ਦਸੰਬਰ ਨੂੰ ਲੁਧਿਆਣਾ ਵਿੱਚ ਵੀ ਹੋਵੇਗਾ ਸ਼ੋਅ
Aura India Tour ਦੇ ਤਹਿਤ ਦਿਲਜੀਤ ਦੋਸਾਂਝ ਦਾ ਅਗਲਾ ਪ੍ਰੋਗਰਾਮ 15 ਦਸੰਬਰ ਨੂੰ ਲੁਧਿਆਣਾ ਵਿੱਚ ਹੋਣ ਦੀ ਯੋਜਨਾ ਹੈ। ਹਾਲਾਂਕਿ, ਲੁਧਿਆਣਾ ਵਿੱਚ ਕੰਸਰਟ ਵਾਲੀ ਥਾਂ ਬਾਰੇ ਅਜੇ ਅਧਿਕਾਰਤ ਪੁਸ਼ਟੀ ਹੋਣੀ ਬਾਕੀ ਹੈ।ਇਸ ਦੌਰੇ ਦੇ ਭਾਰਤੀ ਪੜਾਅ ਦਾ ਪ੍ਰਬੰਧ BookMyShow Live ਅਤੇ Live Nation ਵੱਲੋਂ ਸਾਂਝੇ ਤੌਰ ‘ਤੇ ਕੀਤਾ ਜਾ ਰਿਹਾ ਹੈ। ਕੰਸਰਟ ਦੀਆਂ ਟਿਕਟਾਂ BookMyShow ਰਾਹੀਂ ਵੇਚੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ : ਪਿਆਜ਼ ਦੇ ਭਾਅ ਹੋਏ ਦੁੱਗਣੇ, ਖੰਡ ਤੇ ਤੇਲ ਵੀ ਮਹਿੰਗੇ! ਰਿਟੇਲ ਮਹਿੰਗਾਈ 5.54% ‘ਤੇ ਪਹੁੰਚੀ
38 ਹਜ਼ਾਰ ਲੋਕਾਂ ਦੀ ਸਮਰੱਥਾ ਵਾਲਾ ਹੈ ਮੁੱਲਾਂਪੁਰ ਸਟੇਡੀਅਮ
ਨਿਊ ਚੰਡੀਗੜ੍ਹ ਦੇ ਮੁੱਲਾਂਪੁਰ ਵਿੱਚ ਸਥਿਤ ਮਹਾਰਾਜਾ ਯਾਦਵਿੰਦਰਾ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਪੰਜਾਬ ਕ੍ਰਿਕਟ ਐਸੋਸੀਏਸ਼ਨ ਦਾ ਹੈ। ਇਸ ਸਟੇਡੀਅਮ ਵਿੱਚ ਲਗਭਗ 38 ਹਜ਼ਾਰ ਦਰਸ਼ਕਾਂ ਦੇ ਬੈਠਣ ਦੀ ਸਮਰੱਥਾ ਹੈ। ਜੇਕਰ ਪ੍ਰੋਗਰਾਮ ਨੂੰ ਰਸਮੀ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਇੱਥੇ ਵੱਡੀ ਗਿਣਤੀ ਵਿੱਚ ਦਿਲਜੀਤ ਦੇ ਪ੍ਰਸ਼ੰਸਕਾਂ ਦੇ ਪਹੁੰਚਣ ਦੀ ਉਮੀਦ ਹੈ।
ਜ਼ਿਕਰਯੋਗ ਹੈ ਕਿ ਦਿਲਜੀਤ ਦੋਸਾਂਝ ਨੇ ਇਸ ਤੋਂ ਪਹਿਲਾਂ 14 ਦਸੰਬਰ 2024 ਨੂੰ ਚੰਡੀਗੜ੍ਹ ਦੇ ਸੈਕਟਰ-34 ਐਗਜ਼ੀਬਿਸ਼ਨ ਗਰਾਊਂਡ ਵਿੱਚ ਆਪਣੇ Dil-Luminati Tour ਤਹਿਤ ਪ੍ਰਦਰਸ਼ਨ ਕੀਤਾ ਸੀ। ਉਸ ਸਮੇਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀਆਂ ਸ਼ਰਤਾਂ ਤਹਿਤ ਸ਼ੋਅ ਦੀ ਇਜਾਜ਼ਤ ਦਿੱਤੀ ਗਈ ਸੀ। ਅਦਾਲਤ ਵੱਲੋਂ ਸ਼ੋਰ ਦੀ ਸੀਮਾ 75 dB(A) ਤੈਅ ਕੀਤੀ ਗਈ ਸੀ।
ਬਾਅਦ ਵਿੱਚ ਯੂ.ਟੀ. ਪ੍ਰਸ਼ਾਸਨ ਨੇ ਹਾਈ ਕੋਰਟ ਨੂੰ ਸ਼ੋਰ ਦੀ ਨਿਰਧਾਰਤ ਸੀਮਾ ਪਾਰ ਹੋਣ ਬਾਰੇ ਜਾਣਕਾਰੀ ਦਿੱਤੀ ਸੀ। ਇਸ ਤੋਂ ਇਲਾਵਾ, ਮੈਦਾਨ ਵਿੱਚ ਗੰਦਗੀ ਫੈਲਾਉਣ ਕਾਰਨ ਨਗਰ ਨਿਗਮ ਵੱਲੋਂ ਪ੍ਰਬੰਧਕਾਂ ‘ਤੇ 25 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਸੀ।
