ਪਿਛਲੇ ਮਹੀਨੇ ਦੇ ਮੁਕਾਬਲੇ 0.71 ਫ਼ੀਸਦੀ ਅੰਕਾਂ ਦਾ ਵਾਧਾ
ਅਕਤੂਬਰ ਦੀ ਮਾਸਿਕਆਰਥਿਕ ਸਮੀਖਿਆ ਅਨੁਸਾਰ, ਖਪਤਕਾਰ ਮੁੱਲ ਸੂਚਕਾਂਕ (CPI) ‘ਤੇ ਆਧਾਰਿਤ ਪ੍ਰਚੂਨ ਮਹਿੰਗਾਈ ਦਰ ਸਤੰਬਰ ਵਿੱਚ 5.54 ਫ਼ੀਸਦੀ ਰਹੀ, ਜੋ ਪਿਛਲੇ ਮਹੀਨੇ ਦੇ ਮੁਕਾਬਲੇ 71 ਬੇਸਿਸ ਪੁਆਇੰਟ ਵੱਧ ਹੈ। ਇਸ ਦੇ ਨਾਲ ਹੀ ਖੁਰਾਕੀ ਮਹਿੰਗਾਈ ਦਰ ਵੀ ਵਧ ਕੇ 7.74 ਫ਼ੀਸਦੀ ਹੋ ਗਈ ਹੈ।ਪੇਂਡੂ ਖੇਤਰਾਂ ਵਿੱਚ ਮਹਿੰਗਾਈ ਦਾ ਪ੍ਰਭਾਵ ਸ਼ਹਿਰੀ ਇਲਾਕਿਆਂ ਨਾਲੋਂ ਜ਼ਿਆਦਾ ਦੇਖਣ ਨੂੰ ਮਿਲਿਆ। ਸਤੰਬਰ ਦੌਰਾਨ ਪੇਂਡੂ ਪ੍ਰਚੂਨ ਮਹਿੰਗਾਈ 6.08 ਫ਼ੀਸਦੀ ਰਹੀ, ਜਦੋਂ ਕਿ ਸ਼ਹਿਰੀ ਖੇਤਰਾਂ ਵਿੱਚ ਇਹ 4.88 ਫ਼ੀਸਦੀ ਦਰਜ ਕੀਤੀ ਗਈ।
ਪਿਆਜ਼ ਦੀਆਂ ਕੀਮਤਾਂ ਵਿੱਚ 108 ਫ਼ੀਸਦੀ ਦਾ ਵਾਧਾ
ਰਿਪੋਰਟ ਮੁਤਾਬਕ ਸਭ ਤੋਂ ਵੱਡਾ ਵਾਧਾ ਪਿਆਜ਼ ਦੀਆਂ ਕੀਮਤਾਂ ਵਿੱਚ ਦੇਖਣ ਨੂੰ ਮਿਲਿਆ ਹੈ। ਪਿਆਜ਼ ਦੇ ਭਾਅ ਸਾਲਾਨਾ ਆਧਾਰ ‘ਤੇ 108 ਫ਼ੀਸਦੀ ਵਧ ਗਏ ਹਨ। ਇਸ ਤੋਂ ਇਲਾਵਾ ਖੰਡ ਦੀਆਂ ਕੀਮਤਾਂ ਵਿੱਚ 30 ਫ਼ੀਸਦੀ ਅਤੇ ਗੁੜ ਦੀਆਂ ਕੀਮਤਾਂ ਵਿੱਚ 23 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।ਖਾਣ ਵਾਲੇ ਤੇਲ ਦੀਆਂ ਕੀਮਤਾਂ ਵੀ ਆਮ ਲੋਕਾਂ ਦੀ ਜੇਬ ‘ਤੇ ਭਾਰ ਪਾ ਰਹੀਆਂ ਹਨ। ਰਿਫਾਇੰਡ ਤੇਲ 15 ਫ਼ੀਸਦੀ ਅਤੇ ਮੂੰਗਫਲੀ ਦਾ ਤੇਲ 14 ਫ਼ੀਸਦੀ ਮਹਿੰਗਾ ਹੋਇਆ ਹੈ। ਇਸ ਦੇ ਨਾਲ ਹੀ ਚੌਲਾਂ ਦੀਆਂ ਕੀਮਤਾਂ ਵਿੱਚ ਵੀ 8 ਫ਼ੀਸਦੀ ਦਾ ਵਾਧਾ ਹੋਇਆ ਹੈ।
ਆਖਿਰ ਕਿਉਂ ਵਧ ਰਹੀਆਂ ਹਨ ਜ਼ਰੂਰੀ ਚੀਜ਼ਾਂ ਦੀਆਂ ਕੀਮਤਾਂ?
ਕੀਮਤਾਂ ਵਿੱਚ ਵਾਧੇ ਦਾ ਮੁੱਖ ਕਾਰਨ ਸਪਲਾਈ ਵਿੱਚ ਕਮੀ ਦੱਸਿਆ ਜਾ ਰਿਹਾ ਹੈ। ਪਿਛਲੀ ਹਾੜੀ ਦੀ ਪਿਆਜ਼ ਦੀ ਫ਼ਸਲ ਦਾ ਸਟਾਕ ਘੱਟ ਹੋਣ ਅਤੇ ਨਵੀਂ ਸਾਉਣੀ ਦੀ ਫ਼ਸਲ ਮੰਡੀ ਵਿੱਚ ਪਹੁੰਚਣ ਵਿੱਚ ਦੇਰੀ ਕਾਰਨ ਪਿਆਜ਼ ਦੇ ਭਾਅ ਵਧੇ ਹਨ।ਇਸੇ ਤਰ੍ਹਾਂ ਖੰਡ ਦੇ ਉਤਪਾਦਨ ਅਤੇ ਸਪਲਾਈ ‘ਤੇ ਵੀ ਦਬਾਅ ਬਣਿਆ ਹੋਇਆ ਹੈ। ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਮੰਗ ਵਧਣ ਅਤੇ ਵਿਸ਼ਵ ਪੱਧਰ ‘ਤੇ ਖੰਡ ਦੀ ਸਪਲਾਈ ਘਟਣ ਕਾਰਨ ਕੀਮਤਾਂ ਵਿੱਚ ਹੋਰ ਵਾਧੇ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਚੌਲਾਂ ਦੀ ਅੰਤਰਰਾਸ਼ਟਰੀ ਮੰਗ ਵਧਣ ਦਾ ਅਸਰ ਵੀ ਕੀਮਤਾਂ ‘ਤੇ ਪੈ ਰਿਹਾ ਹੈ।
ਥੋਕ ਮਹਿੰਗਾਈ ਦਰ ਵਿੱਚ ਵੀ ਵੱਡਾ ਉਛਾਲ
ਸਿਰਫ਼ ਪ੍ਰਚੂਨ ਬਾਜ਼ਾਰ ਹੀ ਨਹੀਂ, ਸਗੋਂ ਥੋਕ ਬਾਜ਼ਾਰ ਵਿੱਚ ਵੀ ਮਹਿੰਗਾਈ ਦਾ ਦਬਾਅ ਵਧਿਆ ਹੈ। ਥੋਕ ਮੁੱਲ ਸੂਚਕਾਂਕ (WPI) ‘ਤੇ ਆਧਾਰਿਤ ਮਹਿੰਗਾਈ ਦਰ ਅਗਸਤ ਦੇ 9.92 ਫ਼ੀਸਦੀ ਤੋਂ ਵਧ ਕੇ ਸਤੰਬਰ ਵਿੱਚ 11.39 ਫ਼ੀਸਦੀ ਹੋ ਗਈ ਹੈ।ਥੋਕ ਬਾਲਣ ਅਤੇ ਬਿਜਲੀ ਸ਼੍ਰੇਣੀ ਵਿੱਚ ਮਹਿੰਗਾਈ 25.85 ਫ਼ੀਸਦੀ ਤੱਕ ਪਹੁੰਚ ਗਈ, ਜਦੋਂ ਕਿ ਨਿਰਮਿਤ ਉਤਪਾਦਾਂ ਵਿੱਚ ਇਹ 9.76 ਫ਼ੀਸਦੀ ਦਰਜ ਕੀਤੀ ਗਈ।
ਆਮ ਲੋਕਾਂ ਦੀ ਜੇਬ ‘ਤੇ ਵਧੇਗਾ ਬੋਝ?
ਮਹਿੰਗਾਈ ਦੇ ਇਨ੍ਹਾਂ ਅੰਕੜਿਆਂ ਨੇ ਆਮ ਪਰਿਵਾਰਾਂ ਦੀ ਚਿੰਤਾ ਵਧਾ ਦਿੱਤੀ ਹੈ। ਖ਼ਾਸ ਕਰਕੇ ਪੇਂਡੂ ਖੇਤਰਾਂ ਵਿੱਚ ਰਹਿਣ ਵਾਲੇ ਪਰਿਵਾਰਾਂ ਨੂੰ ਖਾਣ-ਪੀਣ ਦੀਆਂ ਜ਼ਰੂਰੀ ਚੀਜ਼ਾਂ ਲਈ ਵਧੇਰੇ ਖਰਚ ਕਰਨਾ ਪੈ ਰਿਹਾ ਹੈ। ਜੇਕਰ ਸਪਲਾਈ ਵਿੱਚ ਸੁਧਾਰ ਨਹੀਂ ਹੁੰਦਾ ਅਤੇ ਕੀਮਤਾਂ ਵਿੱਚ ਵਾਧੇ ਦਾ ਇਹ ਰੁਝਾਨ ਜਾਰੀ ਰਹਿੰਦਾ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਆਮ ਲੋਕਾਂ ਦੇ ਘਰੇਲੂ ਬਜਟ ‘ਤੇ ਹੋਰ ਦਬਾਅ ਪੈ ਸਕਦਾ ਹੈ।
