Joshimath Helicopter Crash : ਉੱਤਰਾਖੰਡ ਦੇ ਜੋਸ਼ੀਮੱਠ ਇਲਾਕੇ ਵਿੱਚ ਇੱਕ ਦਰਦਨਾਕ ਹੈਲੀਕਾਪਟਰ ਹਾਦਸਾ ਵਾਪਰਿਆ ਹੈ। ਬਦਰੀਨਾਥ ਧਾਮ ਤੋਂ ਵਾਪਸ ਆ ਰਿਹਾ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ ਪਾਇਲਟ ਸਮੇਤ ਸਵਾਰ ਸਾਰੇ 6 ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਸ਼ਾਸਨ ਵੱਲੋਂ ਮੌਕੇ ‘ਤੇ ਬਚਾਅ ਅਤੇ ਜਾਂਚ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ।
ਬਦਰੀਨਾਥ ਤੋਂ ਵਾਪਸੀ ਦੌਰਾਨ ਵਾਪਰਿਆ ਹਾਦਸਾ
ਮਿਲੀ ਜਾਣਕਾਰੀ ਅਨੁਸਾਰ, ਟ੍ਰਾਂਸ ਭਾਰਤ (Trans Bharat) ਕੰਪਨੀ ਦਾ ਹੈਲੀਕਾਪਟਰ, ਜਿਸ ਦਾ ਰਜਿਸਟ੍ਰੇਸ਼ਨ ਨੰਬਰ VT-HCX ਦੱਸਿਆ ਗਿਆ ਹੈ, ਬਦਰੀਨਾਥ ਧਾਮ ਤੋਂ ਵਾਪਸ ਆ ਰਿਹਾ ਸੀ। ਇਸ ਹੈਲੀਕਾਪਟਰ ਵਿੱਚ ਪਾਇਲਟ ਸਮੇਤ ਕੁੱਲ 6 ਲੋਕ ਸਵਾਰ ਸਨ, ਜਿਨ੍ਹਾਂ ਵਿੱਚ 5 ਯਾਤਰੀ ਸ਼ਾਮਲ ਸਨ।ਵਾਪਸੀ ਦੇ ਸਫ਼ਰ ਦੌਰਾਨ ਜੋਸ਼ੀਮੱਠ ਦੇ ਮਾਰਵਾੜੀ ਇਲਾਕੇ ਨੇੜੇ ਚਾਈ ਪਿੰਡ ਦੀਆਂ ਪਹਾੜੀਆਂ ਕੋਲ ਹੈਲੀਕਾਪਟਰ ਨਾਲ ਸੰਪਰਕ ਟੁੱਟ ਗਿਆ। ਇਸ ਤੋਂ ਬਾਅਦ ਹੈਲੀਕਾਪਟਰ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਅਤੇ ਇਲਾਕੇ ਵਿੱਚ ਭਾਲ ਸ਼ੁਰੂ ਕਰ ਦਿੱਤੀ ਗਈ।
ਸਾਰੇ 6 ਲੋਕਾਂ ਦੀ ਹੋਈ ਮੌਤ
ਹਾਦਸੇ ਤੋਂ ਬਾਅਦ ਸਾਹਮਣੇ ਆਈ ਜਾਣਕਾਰੀ ਮੁਤਾਬਕ ਹੈਲੀਕਾਪਟਰ ਵਿੱਚ ਸਵਾਰ ਸਾਰੇ 6 ਲੋਕਾਂ ਦੀ ਜਾਨ ਚਲੀ ਗਈ। ਇਸ ਘਟਨਾ ਨੇ ਇੱਕ ਵਾਰ ਫਿਰ ਪਹਾੜੀ ਇਲਾਕਿਆਂ ਵਿੱਚ ਹੈਲੀਕਾਪਟਰ ਸੇਵਾਵਾਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਪ੍ਰਸ਼ਾਸਨ ਵੱਲੋਂ ਬਚਾਅ ਕਾਰਜ ਸ਼ੁਰੂ
ਘਟਨਾ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨਿਕ ਟੀਮ ਨੂੰ ਮੌਕੇ ‘ਤੇ ਭੇਜਿਆ ਗਿਆ। ਚਮੋਲੀ ਦੇ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ (ADM) ਵਿਵੇਕ ਪ੍ਰਕਾਸ਼ ਨੇ ਦੱਸਿਆ ਕਿ ਹੈਲੀਕਾਪਟਰ ਦੀ ਭਾਲ ਲਈ ਇਲਾਕੇ ਵਿੱਚ ਖੋਜ ਅਤੇ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ ਹੈ।
