ਭਾਰਤ ਨੇ ਬਣਾਈਆਂ 191 ਦੌੜਾਂ
ਮੁਕਾਬਲੇ ਵਿੱਚ ਨਿਊਜ਼ੀਲੈਂਡ ਦੇ ਕਪਤਾਨ ਮਿਚੇਲ ਸੈਂਟਨਰ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਕਾਫ਼ੀ ਖ਼ਰਾਬ ਰਹੀ। ਅਭਿਸ਼ੇਕ ਸ਼ਰਮਾ 1 ਦੌੜ ਅਤੇ ਸੰਜੂ ਸੈਮਸਨ 4 ਦੌੜਾਂ ਬਣਾ ਕੇ ਜਲਦੀ ਆਊਟ ਹੋ ਗਏ।
ਇਸ ਤੋਂ ਬਾਅਦ ਈਸ਼ਾਨ ਕਿਸ਼ਨ ਅਤੇ ਕਪਤਾਨ ਸ਼੍ਰੇਅਸ ਅਈਅਰ ਨੇ ਪਾਰੀ ਨੂੰ ਸੰਭਾਲਿਆ। ਦੋਵਾਂ ਵਿਚਾਲੇ ਤੀਜੀ ਵਿਕਟ ਲਈ 93 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਹੋਈ। ਈਸ਼ਾਨ ਕਿਸ਼ਨ ਨੇ 32 ਗੇਂਦਾਂ ਵਿੱਚ 5 ਚੌਕਿਆਂ ਅਤੇ 5 ਛੱਕਿਆਂ ਦੀ ਮਦਦ ਨਾਲ 61 ਦੌੜਾਂ ਬਣਾਈਆਂ। ਉੱਥੇ ਹੀ ਸ਼੍ਰੇਅਸ ਅਈਅਰ ਨੇ ਸਿਰਫ਼ 23 ਗੇਂਦਾਂ ਵਿੱਚ 3 ਚੌਕਿਆਂ ਅਤੇ 4 ਛੱਕਿਆਂ ਦੀ ਮਦਦ ਨਾਲ 50 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ।
ਇਸ ਤੋਂ ਇਲਾਵਾ ਨਮਨ ਧੀਰ ਨੇ 23 ਗੇਂਦਾਂ ਵਿੱਚ 33 ਦੌੜਾਂ ਅਤੇ ਨਿਤੀਸ਼ ਰੈੱਡੀ ਨੇ 22 ਦੌੜਾਂ ਦਾ ਯੋਗਦਾਨ ਪਾਇਆ। ਭਾਰਤੀ ਟੀਮ ਨਿਰਧਾਰਤ 20 ਓਵਰਾਂ ਵਿੱਚ 8 ਵਿਕਟਾਂ ਗੁਆ ਕੇ 191 ਦੌੜਾਂ ਹੀ ਬਣਾ ਸਕੀ। ਨਿਊਜ਼ੀਲੈਂਡ ਵੱਲੋਂ ਐਡਮ ਮਿਲਨੇ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 4 ਵਿਕਟਾਂ ਹਾਸਲ ਕੀਤੀਆਂ।
ਟਿਮ ਸਾਈਫਰਟ ਅਤੇ ਗਲੇਨ ਫਿਲਿਪਸ ਨੇ ਦਿਵਾਈ ਜਿੱਤ
192 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਦੀ ਟੀਮ ਨੂੰ ਸ਼ੁਰੂਆਤੀ ਝਟਕਾ ਲੱਗਿਆ ਅਤੇ ਫਿਨ ਐਲਨ ਸਿਰਫ਼ 2 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਟਿਮ ਸਾਈਫਰਟ ਨੇ ਡੈਰਿਲ ਮਿਚੇਲ ਨਾਲ ਮਿਲ ਕੇ ਪਾਰੀ ਨੂੰ ਸੰਭਾਲਿਆ। ਮਿਚੇਲ ਨੇ 29 ਦੌੜਾਂ ਬਣਾਈਆਂ।
ਇਸ ਤੋਂ ਬਾਅਦ ਟਿਮ ਸਾਈਫਰਟ ਅਤੇ ਗਲੇਨ ਫਿਲਿਪਸ ਨੇ ਭਾਰਤੀ ਗੇਂਦਬਾਜ਼ਾਂ ਦੀ ਜੰਮ ਕੇ ਕਲਾਸ ਲਗਾਈ। ਸਾਈਫਰਟ ਨੇ 50 ਗੇਂਦਾਂ ਵਿੱਚ 11 ਚੌਕਿਆਂ ਅਤੇ 5 ਛੱਕਿਆਂ ਦੀ ਮਦਦ ਨਾਲ 93 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ। ਉਹ ਆਪਣੇ ਸੈਂਕੜੇ ਤੋਂ ਸਿਰਫ਼ 7 ਦੌੜਾਂ ਦੂਰ ਰਹਿ ਗਏ।ਦੂਜੇ ਪਾਸੇ ਗਲੇਨ ਫਿਲਿਪਸ ਨੇ 38 ਗੇਂਦਾਂ ਵਿੱਚ 8 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ ਨਾਬਾਦ 65 ਦੌੜਾਂ ਬਣਾਈਆਂ। ਨਿਊਜ਼ੀਲੈਂਡ ਨੇ 18 ਓਵਰਾਂ ਵਿੱਚ ਹੀ 3 ਵਿਕਟਾਂ ਦੇ ਨੁਕਸਾਨ ‘ਤੇ 195 ਦੌੜਾਂ ਬਣਾ ਕੇ ਮੁਕਾਬਲਾ 7 ਵਿਕਟਾਂ ਨਾਲ ਜਿੱਤ ਲਿਆ।ਭਾਰਤ ਵੱਲੋਂ ਅਰਸ਼ਦੀਪ ਸਿੰਘ, ਵਰੁਣ ਚੱਕਰਵਰਤੀ ਅਤੇ ਨਿਤੀਸ਼ ਰੈੱਡੀ ਨੇ 1-1 ਵਿਕਟ ਹਾਸਲ ਕੀਤੀ।
ਹੁਣ ਹੋਵੇਗੀ ਵਨਡੇ ਸੀਰੀਜ਼
ਪੰਜ ਮੈਚਾਂ ਦੀ ਟੀ-20 ਸੀਰੀਜ਼ ਭਾਰਤ ਨੇ 3-2 ਨਾਲ ਜਿੱਤ ਕੇ ਆਪਣੇ ਨਾਮ ਕਰ ਲਈ ਹੈ। ਹੁਣ ਦੋਵਾਂ ਟੀਮਾਂ ਵਿਚਾਲੇ ਪੰਜ ਮੈਚਾਂ ਦੀ ਵਨਡੇ ਸੀਰੀਜ਼ ਖੇਡੀ ਜਾਵੇਗੀ। ਇਸ ਦਾ ਪਹਿਲਾ ਮੁਕਾਬਲਾ 4 ਨਵੰਬਰ ਨੂੰ ਆਕਲੈਂਡ ਵਿੱਚ ਖੇਡਿਆ ਜਾਣਾ ਹੈ। ਭਾਰਤੀ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਹੁਣ ਵਨਡੇ ਸੀਰੀਜ਼ ‘ਤੇ ਟਿਕੀਆਂ ਹੋਈਆਂ ਹਨ।
