ਕਿਵੇਂ ਲੱਗੀ ਟਰੇਨ ਨੂੰ ਅੱਗ?
ਜਾਣਕਾਰੀ ਅਨੁਸਾਰ, ਇਹ ਘਟਨਾ ਸ਼ੁੱਕਰਵਾਰ ਦੁਪਹਿਰ ਕਰੀਬ 1:15 ਵਜੇ ਸਾਧੂਗੜ੍ਹ (ਫਤਿਹਗੜ੍ਹ ਸਾਹਿਬ) ਅਤੇ ਸਰਾਏ ਬੰਜਾਰਾ (ਪਟਿਆਲਾ) ਰੇਲਵੇ ਸਟੇਸ਼ਨਾਂ ਵਿਚਕਾਰ ਵਾਪਰੀ। ਟਰੇਨ ਨੰਬਰ 12508 ਕਰਮਭੂਮੀ ਐਕਸਪ੍ਰੈਸ ਅੰਮ੍ਰਿਤਸਰ ਤੋਂ ਪੱਛਮੀ ਬੰਗਾਲ ਦੇ ਨਿਊ ਜਲਪਾਈਗੁੜੀ ਵੱਲ ਜਾ ਰਹੀ ਸੀ।
ਦੱਸਿਆ ਜਾ ਰਿਹਾ ਹੈ ਕਿ ਅੱਗ ਸਭ ਤੋਂ ਪਹਿਲਾਂ ਇੰਜਣ ਦੇ ਨਾਲ ਲੱਗੇ ਇੱਕ ਜਨਰਲ ਡੱਬੇ ਵਿੱਚ ਲੱਗੀ। ਇਸ ਤੋਂ ਬਾਅਦ ਅੱਗ ਨੇ ਤੇਜ਼ੀ ਨਾਲ ਹੋਰ ਡੱਬਿਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਕੁੱਲ ਚਾਰ ਜਨਰਲ ਡੱਬੇ ਪ੍ਰਭਾਵਿਤ ਹੋਏ। ਡੱਬਿਆਂ ਵਿੱਚ ਯਾਤਰੀ ਮੌਜੂਦ ਹੋਣ ਕਾਰਨ ਲੋਕਾਂ ਵਿੱਚ ਦਹਿਸ਼ਤ ਫੈਲ ਗਈ ਅਤੇ ਯਾਤਰੀ ਆਪਣਾ ਸਾਮਾਨ ਛੱਡ ਕੇ ਸੁਰੱਖਿਅਤ ਥਾਵਾਂ ਵੱਲ ਭੱਜਣ ਲੱਗੇ।
ਪੱਖੇ ਵਿੱਚ ਸ਼ਾਰਟ ਸਰਕਟ ਕਾਰਨ ਲੱਗੀ ਅੱਗ
ਸਰਕਾਰੀ ਰੇਲਵੇ ਪੁਲਿਸ (GRP) ਵੱਲੋਂ ਦਿੱਤੀ ਗਈ ਮੁੱਢਲੀ ਜਾਣਕਾਰੀ ਅਨੁਸਾਰ, ਇੱਕ ਡੱਬੇ ਵਿੱਚ ਲੱਗੇ ਪੱਖੇ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗੀ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਰੇਲਵੇ ਪ੍ਰਸ਼ਾਸਨ, ਫਾਇਰ ਬ੍ਰਿਗੇਡ ਅਤੇ ਰਾਹਤ ਟੀਮਾਂ ਨੂੰ ਮੌਕੇ ‘ਤੇ ਭੇਜਿਆ ਗਿਆ।ਉੱਤਰੀ ਰੇਲਵੇ ਦੇ ਸੀਨੀਅਰ ਅਧਿਕਾਰੀ ਵੀ ਮੌਕੇ ‘ਤੇ ਪਹੁੰਚੇ। ਰੇਲਵੇ ਦੇ ਸੀ.ਪੀ.ਆਰ.ਓ. (CPRO) ਹਿਮਾਂਸ਼ੂ ਸ਼ੇਖਰ ਉਪਾਧਿਆਏ ਨੇ ਦੱਸਿਆ ਕਿ ਸਰਾਏ ਬੰਜਾਰਾ ਸਟੇਸ਼ਨ ਦੇ ਨੇੜੇ ਸੁਰੱਖਿਆ ਪ੍ਰਣਾਲੀ ਸਰਗਰਮ ਹੋਣ ਤੋਂ ਬਾਅਦ ਟਰੇਨ ਨੂੰ ਸੁਰੱਖਿਅਤ ਢੰਗ ਨਾਲ ਰੋਕ ਦਿੱਤਾ ਗਿਆ। ਅੱਗ ‘ਤੇ ਕਾਬੂ ਪਾਉਣ ਲਈ ਰਾਹਤ ਕਾਰਜ ਚਲਾਏ ਗਏ।
ਰੇਲਵੇ ਨੇ 8 ਟਰੇਨਾਂ ਦੇ ਰੂਟ ਬਦਲੇ
ਕਰਮਭੂਮੀ ਐਕਸਪ੍ਰੈਸ ਵਿੱਚ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਰੇਲ ਆਵਾਜਾਈ ਵੀ ਪ੍ਰਭਾਵਿਤ ਹੋਈ। ਸੁਰੱਖਿਆ ਅਤੇ ਰਾਹਤ ਕਾਰਜਾਂ ਨੂੰ ਧਿਆਨ ਵਿੱਚ ਰੱਖਦਿਆਂ ਰੇਲਵੇ ਵੱਲੋਂ 8 ਟਰੇਨਾਂ ਦੇ ਰੂਟ ਬਦਲ ਦਿੱਤੇ ਗਏ।ਅੰਬਾਲਾ ਡਿਵੀਜ਼ਨ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ, ਡਾਊਨ ਦਿਸ਼ਾ ਵਿੱਚ ਜਾਣ ਵਾਲੀਆਂ 5 ਟਰੇਨਾਂ ਅਤੇ ਅੱਪ ਦਿਸ਼ਾ ਵਿੱਚ ਜਾਣ ਵਾਲੀਆਂ 3 ਟਰੇਨਾਂ ਨੂੰ ਬਦਲਵੇਂ ਰਸਤਿਆਂ ਰਾਹੀਂ ਭੇਜਿਆ ਗਿਆ।
ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ
ਇਸ ਘਟਨਾ ਵਿੱਚ ਰਾਹਤ ਦੀ ਗੱਲ ਇਹ ਰਹੀ ਕਿ ਹੁਣ ਤੱਕ ਕਿਸੇ ਵੀ ਯਾਤਰੀ ਦੇ ਜ਼ਖਮੀ ਹੋਣ ਜਾਂ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਮਿਲੀ ਹੈ। ਰੇਲਵੇ ਪ੍ਰਸ਼ਾਸਨ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪ੍ਰਭਾਵਿਤ ਡੱਬਿਆਂ ਵਿੱਚ ਰਾਹਤ ਤੇ ਸੁਰੱਖਿਆ ਸਬੰਧੀ ਕਾਰਵਾਈ ਜਾਰੀ ਰੱਖੀ ਗਈ।
