ਅਮਰੀਕੀ ਅਟਾਰਨੀ ਜਨਰਲ ਟੌਡ ਬਲੈਂਚ ਨੇ ਹਰਮੀਤ ਢਿੱਲੋਂ ਦੇ ਅਸਤੀਫੇ ਦੀ ਜਾਣਕਾਰੀ ਸਾਂਝੀ ਕੀਤੀ। ਹਾਲਾਂਕਿ, ਹਰਮੀਤ ਢਿੱਲੋਂ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਨੇ ਅਹੁਦਾ ਛੱਡਣ ਦਾ ਫੈਸਲਾ ਚੋਣ ਨਤੀਜਿਆਂ ਤੋਂ ਪਹਿਲਾਂ ਹੀ ਕਰ ਲਿਆ ਸੀ।
ਤਿੰਨ ਹਫ਼ਤੇ ਪਹਿਲਾਂ ਹੀ ਦੇ ਦਿੱਤਾ ਸੀ ਅਸਤੀਫੇ ਦਾ ਸੰਕੇਤ
ਹਰਮੀਤ ਢਿੱਲੋਂ ਮੁਤਾਬਕ ਉਨ੍ਹਾਂ ਨੇ ਲਗਭਗ ਤਿੰਨ ਹਫ਼ਤੇ ਪਹਿਲਾਂ ਹੀ ਅਸਤੀਫਾ ਦੇਣ ਦੀ ਇੱਛਾ ਜ਼ਾਹਰ ਕਰ ਦਿੱਤੀ ਸੀ। ਪਰ ਵ੍ਹਾਈਟ ਹਾਊਸ ਦੀ ਚੀਫ਼ ਆਫ਼ ਸਟਾਫ਼ ਸੂਸੀ ਵਾਈਲਸ ਨੇ ਉਨ੍ਹਾਂ ਨੂੰ ਮੱਧਕਾਲੀ ਚੋਣਾਂ ਤੱਕ ਅਹੁਦੇ ‘ਤੇ ਬਣੇ ਰਹਿਣ ਦੀ ਅਪੀਲ ਕੀਤੀ ਸੀ।ਇਸ ਲਈ ਉਨ੍ਹਾਂ ਨੇ ਕੁਝ ਸਮੇਂ ਲਈ ਆਪਣਾ ਫੈਸਲਾ ਟਾਲ ਦਿੱਤਾ ਸੀ। ਹੁਣ ਚੋਣਾਂ ਤੋਂ ਬਾਅਦ ਉਨ੍ਹਾਂ ਨੇ ਅਹੁਦਾ ਛੱਡਣ ਦਾ ਫੈਸਲਾ ਲਾਗੂ ਕਰ ਦਿੱਤਾ ਹੈ।
ਅਟਾਰਨੀ ਜਨਰਲ ਟੌਡ ਬਲੈਂਚ ਨੇ ਕੀ ਕਿਹਾ?
ਅਮਰੀਕੀ ਅਟਾਰਨੀ ਜਨਰਲ ਟੌਡ ਬਲੈਂਚ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਹਰਮੀਤ ਢਿੱਲੋਂ ਦੇ ਅਸਤੀਫੇ ਬਾਰੇ ਜਾਣਕਾਰੀ ਸਾਂਝੀ ਕੀਤੀ।ਉਨ੍ਹਾਂ ਕਿਹਾ ਕਿ ਹਰਮੀਤ ਢਿੱਲੋਂ ਨੇ ਪਿਛਲੇ 18 ਮਹੀਨਿਆਂ ਦੌਰਾਨ ਸਿਵਲ ਰਾਈਟਸ ਡਿਵੀਜ਼ਨ ਦੀ ਅਗਵਾਈ ਕੀਤੀ ਅਤੇ ਅਮਰੀਕੀ ਨਾਗਰਿਕਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਕੰਮ ਕੀਤਾ। ਉਨ੍ਹਾਂ ਨੇ ਕਾਨੂੰਨ ਨੂੰ ਬਿਨਾਂ ਕਿਸੇ ਪੱਖਪਾਤ ਦੇ ਲਾਗੂ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ।ਟੌਡ ਬਲੈਂਚ ਨੇ ਉਨ੍ਹਾਂ ਦੀ ਜਨਤਕ ਸੇਵਾ ਅਤੇ ਸਮਰਪਣ ਲਈ ਧੰਨਵਾਦ ਕਰਦਿਆਂ ਭਵਿੱਖ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ।
ਚੰਡੀਗੜ੍ਹ ਵਿੱਚ ਹੋਇਆ ਸੀ ਜਨਮ, ਅਮਰੀਕਾ ਵਿੱਚ ਬਣਾਈ ਵੱਖਰੀ ਪਛਾਣ
ਹਰਮੀਤ ਕੌਰ ਢਿੱਲੋਂ ਦਾ ਜਨਮ ਭਾਰਤ ਦੇ ਚੰਡੀਗੜ੍ਹ ਵਿੱਚ ਹੋਇਆ ਸੀ। ਬਚਪਨ ਵਿੱਚ ਉਹ ਆਪਣੇ ਪਰਿਵਾਰ ਨਾਲ ਪਹਿਲਾਂ ਬ੍ਰਿਟੇਨ ਅਤੇ ਫਿਰ ਅਮਰੀਕਾ ਚਲੀ ਗਈ ਸੀ। ਪੇਸ਼ੇ ਤੋਂ ਵਕੀਲ ਹਰਮੀਤ ਢਿੱਲੋਂ ਅਮਰੀਕੀ ਰਾਜਨੀਤੀ ਵਿੱਚ ਰੂੜੀਵਾਦੀ ਵਿਚਾਰਧਾਰਾ ਦੀ ਇੱਕ ਪ੍ਰਮੁੱਖ ਆਵਾਜ਼ ਵਜੋਂ ਜਾਣੀ ਜਾਂਦੀ ਹੈ।
ਡੋਨਾਲਡ ਟਰੰਪ ਨਾਲ ਉਨ੍ਹਾਂ ਦੀ ਨੇੜਤਾ ਕਾਫ਼ੀ ਪੁਰਾਣੀ ਰਹੀ ਹੈ। ਉਹ 2020 ਦੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਟਰੰਪ ਦੀ ਕਾਨੂੰਨੀ ਟੀਮ ਨਾਲ ਵੀ ਜੁੜੀ ਰਹੀ ਸੀ। ਉਸ ਸਮੇਂ ਉਨ੍ਹਾਂ ਨੇ ਚੋਣ ਪ੍ਰਕਿਰਿਆ ਅਤੇ ਜੋਅ ਬਾਈਡਨ ਦੀ ਜਿੱਤ ਨੂੰ ਲੈ ਕੇ ਸਵਾਲ ਉਠਾਏ ਸਨ।ਅਪ੍ਰੈਲ 2025 ਵਿੱਚ ਅਮਰੀਕੀ ਸੈਨੇਟ ਤੋਂ ਪੁਸ਼ਟੀ ਮਿਲਣ ਤੋਂ ਬਾਅਦ ਉਨ੍ਹਾਂ ਨੇ ਨਿਆਂ ਵਿਭਾਗ ਦੇ ਸਿਵਲ ਰਾਈਟਸ ਡਿਵੀਜ਼ਨ ਵਿੱਚ ਸਹਾਇਕ ਅਟਾਰਨੀ ਜਨਰਲ ਵਜੋਂ ਅਹੁਦਾ ਸੰਭਾਲਿਆ ਸੀ।
2024 ਵਿੱਚ ਅਮਰੀਕੀ ਰਾਜਨੀਤੀ ਦੇ ਮੰਚ ‘ਤੇ ਕੀਤੀ ਸੀ ਸਿੱਖ ਅਰਦਾਸ
ਹਰਮੀਤ ਢਿੱਲੋਂ ਦੀ ਅਮਰੀਕੀ ਰਾਜਨੀਤੀ ਵਿੱਚ ਪਛਾਣ ਦਾ ਇੱਕ ਹੋਰ ਅਹਿਮ ਪੱਖ ਵੀ ਰਿਹਾ ਹੈ। ਉਨ੍ਹਾਂ ਨੇ 2024 ਦੇ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਦੌਰਾਨ ਸਿੱਖ ਧਰਮ ਦੀ ਰਵਾਇਤ ਅਨੁਸਾਰ ਅਰਦਾਸ ਕੀਤੀ ਸੀ। ਇਸ ਕਾਰਨ ਉਹ ਭਾਰਤੀ ਅਤੇ ਸਿੱਖ ਭਾਈਚਾਰੇ ਵਿੱਚ ਵੀ ਚਰਚਾ ਦਾ ਵਿਸ਼ਾ ਬਣੀ ਸੀ।
ਸਿੱਖ ਅਤੇ ਭਾਰਤੀ ਮੂਲ ਦੇ ਟਰੱਕ ਡਰਾਈਵਰਾਂ ਦੇ ਹੱਕ ਵਿੱਚ ਵੀ ਚੁੱਕੀ ਸੀ ਆਵਾਜ਼
ਆਪਣੇ ਕਾਰਜਕਾਲ ਦੌਰਾਨ ਹਰਮੀਤ ਢਿੱਲੋਂ ਕਈ ਰਾਜਨੀਤਿਕ ਅਤੇ ਸਮਾਜਿਕ ਵਿਵਾਦਾਂ ਵਿੱਚ ਵੀ ਚਰਚਾ ਵਿੱਚ ਰਹੀ। ਇੱਕ ਸਿੱਖ ਟਰੱਕ ਡਰਾਈਵਰ ਨਾਲ ਹੋਏ ਘਾਤਕ ਸੜਕ ਹਾਦਸੇ ਤੋਂ ਬਾਅਦ ਜਦੋਂ ਅਮਰੀਕਾ ਵਿੱਚ ਸਿੱਖ ਅਤੇ ਭਾਰਤੀ ਮੂਲ ਦੇ ਡਰਾਈਵਰਾਂ ਨੂੰ ਲੈ ਕੇ ਵਿਵਾਦ ਖੜ੍ਹਾ ਹੋਇਆ ਤਾਂ ਹਰਮੀਤ ਢਿੱਲੋਂ ਨੇ ਇਸ ਮਾਮਲੇ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਸੀ।ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਕਿਹਾ ਸੀ ਕਿ ਕੁਝ ਲੋਕ ਅਜਿਹੀਆਂ ਘਟਨਾਵਾਂ ਦੀ ਵਰਤੋਂ ਕਾਨੂੰਨ ਦੀ ਪਾਲਣਾ ਕਰਨ ਵਾਲੇ ਸਿੱਖ ਅਤੇ ਭਾਰਤੀ ਮੂਲ ਦੇ ਡਰਾਈਵਰਾਂ ਨੂੰ ਨਿਸ਼ਾਨਾ ਬਣਾਉਣ ਲਈ ਕਰ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਅਮਰੀਕਾ ਵਿੱਚ ਰਹਿਣ ਵਾਲੇ ਸਿੱਖ ਅਤੇ ਭਾਰਤੀ ਮੂਲ ਦੇ ਲੋਕ ਮਿਹਨਤੀ ਅਤੇ ਦੇਸ਼ ਭਗਤ ਹਨ। ਇਸ ਤੋਂ ਇਲਾਵਾ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਵੱਲੋਂ ਪੱਗਧਾਰੀ ਸਿੱਖ ਵਿਅਕਤੀ ਦੀ ਤਸਵੀਰ ਨਾਲ ਇੱਕ ਵਿਵਾਦਤ ਸੰਦੇਸ਼ ਸਾਂਝਾ ਕੀਤੇ ਜਾਣ ਤੋਂ ਬਾਅਦ ਵੀ ਵਿਰੋਧ ਹੋਇਆ ਸੀ। ਬਾਅਦ ਵਿੱਚ ਇਸ ਪੋਸਟ ਨੂੰ ਹਟਾ ਦਿੱਤਾ ਗਿਆ ਸੀ।
ਮੱਧਕਾਲੀ ਚੋਣਾਂ ਦੌਰਾਨ 1,000 ਤੋਂ ਵੱਧ ਚੋਣ ਨਿਗਰਾਨ ਕੀਤੇ ਸਨ ਤਾਇਨਾਤ
ਮੱਧਕਾਲੀ ਚੋਣਾਂ ਦੌਰਾਨ ਹਰਮੀਤ ਢਿੱਲੋਂ ਦੀ ਅਗਵਾਈ ਵਾਲੇ ਵਿਭਾਗ ਨੇ ਦੇਸ਼ ਭਰ ਦੇ ਪੋਲਿੰਗ ਸਟੇਸ਼ਨਾਂ ‘ਤੇ 1,000 ਤੋਂ ਵੱਧ ਚੋਣ ਨਿਗਰਾਨ ਤਾਇਨਾਤ ਕੀਤੇ ਸਨ। ਇਸ ਫੈਸਲੇ ਨੂੰ ਲੈ ਕੇ ਡੈਮੋਕ੍ਰੇਟਿਕ ਪਾਰਟੀ ਦੇ ਸ਼ਾਸਨ ਵਾਲੇ ਕਈ ਰਾਜਾਂ ਵਿੱਚ ਚਿੰਤਾਵਾਂ ਪ੍ਰਗਟਾਈਆਂ ਗਈਆਂ ਸਨ।ਆਲੋਚਕਾਂ ਦਾ ਮੰਨਣਾ ਸੀ ਕਿ ਵੱਡੀ ਗਿਣਤੀ ਵਿੱਚ ਚੋਣ ਨਿਗਰਾਨਾਂ ਦੀ ਤਾਇਨਾਤੀ ਵੋਟਿੰਗ ਪ੍ਰਕਿਰਿਆ ਨੂੰ ਲੈ ਕੇ ਰਾਜਨੀਤਿਕ ਤਣਾਅ ਵਧਾ ਸਕਦੀ ਹੈ। ਦੂਜੇ ਪਾਸੇ, ਢਿੱਲੋਂ ਦੀ ਅਗਵਾਈ ਵਾਲੇ ਵਿਭਾਗ ਨੇ ਇਸ ਨੂੰ ਚੋਣ ਪ੍ਰਕਿਰਿਆ ਦੀ ਨਿਗਰਾਨੀ ਅਤੇ ਨਾਗਰਿਕ ਅਧਿਕਾਰਾਂ ਦੀ ਰੱਖਿਆ ਨਾਲ ਜੁੜੀ ਜ਼ਿੰਮੇਵਾਰੀ ਦੱਸਿਆ ਸੀ।
ਫਿਲਹਾਲ ਹਰਮੀਤ ਢਿੱਲੋਂ ਦੇ ਅਸਤੀਫੇ ਨਾਲ ਟਰੰਪ ਪ੍ਰਸ਼ਾਸਨ ਵਿੱਚ ਇੱਕ ਵੱਡਾ ਬਦਲਾਅ ਸਾਹਮਣੇ ਆਇਆ ਹੈ। ਹੁਣ ਦੇਖਣਾ ਹੋਵੇਗਾ ਕਿ ਉਨ੍ਹਾਂ ਦੀ ਥਾਂ ਇਸ ਅਹਿਮ ਅਹੁਦੇ ਦੀ ਜ਼ਿੰਮੇਵਾਰੀ ਕਿਸ ਨੂੰ ਸੌਂਪੀ ਜਾਂਦੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਟਰੰਪ ਪ੍ਰਸ਼ਾਸਨ ਵਿੱਚ ਹੋਰ ਕਿਹੜੇ ਬਦਲਾਅ ਦੇਖਣ ਨੂੰ ਮਿਲਦੇ ਹਨ।
