ਹਰਿਦੁਆਰ ਜਾ ਰਹੇ ਸਨ ਛੇ ਦੋਸਤ
ਜਾਣਕਾਰੀ ਅਨੁਸਾਰ, ਹਰਿਆਣਾ ਦੇ ਹਾਂਸੀ ਜ਼ਿਲ੍ਹੇ ਦੇ ਰਾਖੀਗੜ੍ਹੀ ਪਿੰਡ ਦੇ ਰਹਿਣ ਵਾਲੇ ਛੇ ਦੋਸਤ ਹਰਿਦੁਆਰ ਵਿਖੇ ਗੰਗਾ ਵਿੱਚ ਪਵਿੱਤਰ ਇਸ਼ਨਾਨ ਕਰਨ ਲਈ ਜਾ ਰਹੇ ਸਨ। ਸਾਰੇ ਨੌਜਵਾਨ ਐਤਵਾਰ ਦੁਪਹਿਰ ਕਰੀਬ 12 ਵਜੇ ਘਰੋਂ ਨਿਕਲੇ ਸਨ। ਪਰ ਕਿਸੇ ਨੂੰ ਅੰਦਾਜ਼ਾ ਨਹੀਂ ਸੀ ਕਿ ਉਨ੍ਹਾਂ ਦੀ ਇਹ ਧਾਰਮਿਕ ਯਾਤਰਾ ਜ਼ਿੰਦਗੀ ਦੀ ਆਖਰੀ ਯਾਤਰਾ ਬਣ ਜਾਵੇਗੀ।
ਦੱਸਿਆ ਜਾ ਰਿਹਾ ਹੈ ਕਿ ਜਦੋਂ ਉਨ੍ਹਾਂ ਦੀ ਕਾਰ ਮੁਜ਼ੱਫਰਨਗਰ ਦੇ ਪਾਨੀਪਤ-ਖਟੀਮਾ ਹਾਈਵੇਅ ’ਤੇ ਜਾਗਾਹੇੜੀ ਨੇੜੇ ਪਹੁੰਚੀ ਤਾਂ ਅਚਾਨਕ ਬੇਕਾਬੂ ਹੋ ਗਈ ਅਤੇ ਸੜਕ ਕਿਨਾਰੇ ਲੱਗੇ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ।
ਟੱਕਰ ਤੋਂ ਬਾਅਦ ਕਾਰ ਨੂੰ ਲੱਗੀ ਭਿਆਨਕ ਅੱਗ
ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਬਿਜਲੀ ਦੇ ਖੰਭੇ ਨਾਲ ਟਕਰਾਉਣ ਤੋਂ ਬਾਅਦ ਸੜਕ ਦੇ ਵਿਚਕਾਰ ਬਣੇ ਡਿਵਾਈਡਰ ਨੂੰ ਤੋੜਦੀ ਹੋਈ ਦੂਜੀ ਲੇਨ ਵਿੱਚ ਜਾ ਪਲਟੀ। ਟੱਕਰ ਕਾਰਨ ਬਿਜਲੀ ਦਾ ਖੰਭਾ ਦੋ ਹਿੱਸਿਆਂ ਵਿੱਚ ਟੁੱਟ ਗਿਆ ਅਤੇ ਕਰੀਬ 10 ਮੀਟਰ ਲੰਬਾ ਡਿਵਾਈਡਰ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ।ਇਸ ਤੋਂ ਬਾਅਦ ਕਾਰ ਵਿੱਚ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਕਾਰ ਵਿੱਚ ਸਵਾਰ ਛੇ ਨੌਜਵਾਨਾਂ ਨੂੰ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲਿਆ ਅਤੇ ਸਾਰੇ ਜ਼ਿੰਦਾ ਸੜ ਗਏ।
ਮ੍ਰਿਤਕਾਂ ਵਿੱਚ ਦੋ ਸਕੇ ਭਰਾ ਵੀ ਸ਼ਾਮਲ
ਇਸ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਨੌਜਵਾਨਾਂ ਦੀ ਪਛਾਣ ਸਾਹਿਲ (20), ਅਮਨ (21), ਅੰਕਿਤ (21) ਅਤੇ ਰਾਹੁਲ (23) ਵਜੋਂ ਹੋਈ ਹੈ। ਇਹ ਚਾਰੇ ਹਰਿਆਣਾ ਦੇ ਰਾਖੀਗੜ੍ਹੀ ਪਿੰਡ ਦੇ ਰਹਿਣ ਵਾਲੇ ਸਨ। ਇਨ੍ਹਾਂ ਤੋਂ ਇਲਾਵਾ ਦੋ ਹੋਰ ਨੌਜਵਾਨ ਵੀ ਹਾਦਸੇ ਦਾ ਸ਼ਿਕਾਰ ਹੋਏ।ਜਾਣਕਾਰੀ ਮੁਤਾਬਕ ਅੰਕਿਤ ਅਤੇ ਰਾਹੁਲ ਸਕੇ ਭਰਾ ਸਨ। ਸਾਹਿਲ ਡਰਾਈਵਰ ਵਜੋਂ ਕੰਮ ਕਰਦਾ ਸੀ, ਜਦਕਿ ਅੰਕਿਤ ਮਜ਼ਦੂਰੀ ਅਤੇ ਰਾਹੁਲ ਡਰਾਈਵਿੰਗ ਦਾ ਕੰਮ ਕਰਦਾ ਸੀ।
ਪਿੰਡ ਵਿੱਚ ਸੋਗ ਦੀ ਲਹਿਰ, ਪਰਿਵਾਰਾਂ ਦਾ ਰੋ-ਰੋ ਕੇ ਬੁਰਾ ਹਾਲ
ਇਸ ਭਿਆਨਕ ਹਾਦਸੇ ਦੀ ਖ਼ਬਰ ਮਿਲਦਿਆਂ ਹੀ ਰਾਖੀਗੜ੍ਹੀ ਪਿੰਡ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸੋਗ ਦੀ ਲਹਿਰ ਦੌੜ ਗਈ। ਰਾਖੀਗੜ੍ਹੀ ਦੇ ਸਰਪੰਚ ਬੰਟੀ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਇਸ ਹਾਦਸੇ ਬਾਰੇ ਜਾਣਕਾਰੀ ਮਿਲੀ ਸੀ। ਉਨ੍ਹਾਂ ਮੁਤਾਬਕ ਮ੍ਰਿਤਕਾਂ ਵਿੱਚੋਂ ਚਾਰ ਨੌਜਵਾਨ ਉਨ੍ਹਾਂ ਦੇ ਪਿੰਡ ਦੇ ਰਹਿਣ ਵਾਲੇ ਸਨ।
ਉਨ੍ਹਾਂ ਦੱਸਿਆ ਕਿ ਇੱਕ ਨੌਜਵਾਨ ਕਰੀਬ ਦੋ ਮਹੀਨੇ ਪਹਿਲਾਂ ਹੀ ਘਰ ਵਾਪਸ ਆਇਆ ਸੀ ਅਤੇ ਕੁਝ ਸਮੇਂ ਬਾਅਦ ਹੀ ਆਪਣੇ ਦੋਸਤਾਂ ਨਾਲ ਗੰਗਾ ਇਸ਼ਨਾਨ ਲਈ ਰਵਾਨਾ ਹੋ ਗਿਆ ਸੀ।ਉੱਥੇ ਹੀ ਇੱਕ ਮ੍ਰਿਤਕ ਦੇ ਚਾਚੇ ਨੇ ਦੱਸਿਆ ਕਿ ਅੰਕਿਤ ਅਤੇ ਰਾਹੁਲ ਦੋਵੇਂ ਸਕੇ ਭਰਾ ਸਨ ਅਤੇ ਮਿਹਨਤ-ਮਜ਼ਦੂਰੀ ਕਰਕੇ ਪਰਿਵਾਰ ਦਾ ਗੁਜ਼ਾਰਾ ਕਰਦੇ ਸਨ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
