ਹਿੰਦੂ ਧਰਮ ਵਿੱਚ ਭਾਈ ਦੂਜ ਦਾ ਵਿਸ਼ੇਸ਼ ਧਾਰਮਿਕ ਮਹੱਤਵ ਮੰਨਿਆ ਜਾਂਦਾ ਹੈ। ਇਸ ਦਿਨ ਸ਼ੁਭ ਮੁਹੂਰਤ ਵਿੱਚ ਤਿਲਕ ਕਰਨ ਦੀ ਪਰੰਪਰਾ ਹੈ। ਆਓ ਜਾਣਦੇ ਹਾਂ ਭਾਈ ਦੂਜ ਦੀ ਸਹੀ ਤਾਰੀਖ, ਤਿਲਕ ਲਗਾਉਣ ਦਾ ਸ਼ੁਭ ਸਮਾਂ, ਪੂਜਾ ਵਿਧੀ ਅਤੇ ਮੰਤਰ।
ਭਾਈ ਦੂਜ 2026 ਕਦੋਂ ਹੈ?
ਹਿੰਦੂ ਪੰਚਾਂਗ ਅਨੁਸਾਰ, ਭਾਈ ਦੂਜ ਦਾ ਤਿਉਹਾਰ ਹਰ ਸਾਲ ਕਾਰਤਿਕ ਮਹੀਨੇ ਦੇ ਸ਼ੁਕਲ ਪੱਖ ਦੀ ਦੂਜ ਤਿਥੀ ਨੂੰ ਮਨਾਇਆ ਜਾਂਦਾ ਹੈ। ਸਾਲ 2026 ਵਿੱਚ ਦੂਜ ਤਿਥੀ 10 ਨਵੰਬਰ ਨੂੰ ਦੁਪਹਿਰ 2 ਵਜੇ ਸ਼ੁਰੂ ਹੋਵੇਗੀ ਅਤੇ 11 ਨਵੰਬਰ ਨੂੰ ਦੁਪਹਿਰ 3 ਵੱਜ ਕੇ 53 ਮਿੰਟ ਤੱਕ ਰਹੇਗੀ।ਉਦਯਾ ਤਿਥੀ ਅਨੁਸਾਰ ਇਸ ਸਾਲ ਭਾਈ ਦੂਜ ਦਾ ਤਿਉਹਾਰ ਬੁੱਧਵਾਰ, 11 ਨਵੰਬਰ 2026 ਨੂੰ ਮਨਾਇਆ ਜਾਵੇਗਾ।
ਭਾਈ ਦੂਜ 2026 ਤਿਲਕ ਲਗਾਉਣ ਦਾ ਸ਼ੁਭ ਮੁਹੂਰਤ
ਭਾਈ ਦੂਜ ਦੇ ਦਿਨ ਭੈਣਾਂ ਵੱਲੋਂ ਭਰਾਵਾਂ ਨੂੰ ਤਿਲਕ ਲਗਾਉਣ ਦਾ ਸ਼ੁਭ ਸਮਾਂ ਦੁਪਹਿਰ ਵੇਲੇ ਰਹੇਗਾ। ਉਪਲਬਧ ਪੰਚਾਂਗ ਜਾਣਕਾਰੀ ਅਨੁਸਾਰ ਤਿਲਕ ਲਗਾਉਣ ਦਾ ਸ਼ੁਭ ਮੁਹੂਰਤ ਇਸ ਤਰ੍ਹਾਂ ਹੈ:
- ਤਾਰੀਖ: 11 ਨਵੰਬਰ 2026, ਬੁੱਧਵਾਰ
- ਤਿਲਕ ਲਗਾਉਣ ਦਾ ਸਮਾਂ: ਦੁਪਹਿਰ 1:10 ਵਜੇ ਤੋਂ 3:20 ਵਜੇ ਤੱਕ
ਇਸ ਸਮੇਂ ਦੌਰਾਨ ਭੈਣਾਂ ਆਪਣੇ ਭਰਾਵਾਂ ਦੇ ਮੱਥੇ ’ਤੇ ਤਿਲਕ ਲਗਾ ਕੇ ਉਨ੍ਹਾਂ ਦੀ ਲੰਬੀ ਉਮਰ ਅਤੇ ਖੁਸ਼ਹਾਲ ਜੀਵਨ ਦੀ ਕਾਮਨਾ ਕਰ ਸਕਦੀਆਂ ਹਨ।
ਭਾਈ ਦੂਜ ਦੀ ਪੂਜਾ ਵਿਧੀ
ਪੂਜਾ ਕਰਨ ਅਤੇ ਭਰਾ ਨੂੰ ਤਿਲਕ ਲਗਾਉਣ ਲਈ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ:
- ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਉੱਠ ਕੇ ਇਸ਼ਨਾਨ ਕਰੋ ਅਤੇ ਸਾਫ਼-ਸੁਥਰੇ ਕੱਪੜੇ ਪਹਿਨੋ।
- ਭਗਵਾਨ ਵਿਸ਼ਨੂੰ, ਭਗਵਾਨ ਗਣੇਸ਼ ਅਤੇ ਯਮਰਾਜ ਦਾ ਸਿਮਰਨ ਕਰਦੇ ਹੋਏ ਪੂਜਾ ਕਰੋ।
- ਪੂਜਾ ਦੀ ਥਾਲੀ ਵਿੱਚ ਰੋਲੀ, ਅਕਸ਼ਤ, ਦੀਵਾ, ਧੂਪ, ਫੁੱਲ, ਫਲ, ਮਿਠਾਈ ਅਤੇ ਨਾਰੀਅਲ ਰੱਖੋ।
- ਸ਼ੁਭ ਮੁਹੂਰਤ ਵਿੱਚ ਭਰਾ ਨੂੰ ਸਾਫ਼ ਆਸਣ ’ਤੇ ਬਿਠਾਓ।
- ਭਰਾ ਦੇ ਮੱਥੇ ’ਤੇ ਰੋਲੀ ਅਤੇ ਅਕਸ਼ਤ ਨਾਲ ਤਿਲਕ ਲਗਾਓ।
- ਭਰਾ ਦੀ ਆਰਤੀ ਉਤਾਰੋ ਅਤੇ ਉਸ ਦੀ ਲੰਬੀ ਉਮਰ, ਚੰਗੀ ਸਿਹਤ ਤੇ ਸੁੱਖ-ਸਮ੍ਰਿੱਧੀ ਦੀ ਕਾਮਨਾ ਕਰੋ।
- ਅੰਤ ਵਿੱਚ ਭਰਾ ਨੂੰ ਮਿਠਾਈ ਖੁਆਓ। ਭਰਾ ਵੀ ਆਪਣੀ ਭੈਣ ਨੂੰ ਤੋਹਫ਼ਾ ਦੇ ਕੇ ਪਿਆਰ ਅਤੇ ਸਤਿਕਾਰ ਪ੍ਰਗਟ ਕਰੇ।
ਭਾਈ ਦੂਜ ’ਤੇ ਤਿਲਕ ਲਗਾਉਂਦੇ ਸਮੇਂ ਪੜ੍ਹੋ ਇਹ ਮੰਤਰ
ਭਾਈ ਦੂਜ ਦੇ ਮੌਕੇ ’ਤੇ ਭੈਣਾਂ ਭਰਾ ਨੂੰ ਤਿਲਕ ਲਗਾਉਂਦੇ ਸਮੇਂ ਇਸ ਰਵਾਇਤੀ ਮੰਤਰ ਦਾ ਉਚਾਰਨ ਕਰ ਸਕਦੀਆਂ ਹਨ:
ਗੰਗਾ ਪੂਜੇ ਯਮੁਨਾ ਕੋ, ਯਮੀ ਪੂਜੇ ਯਮਰਾਜ ਕੋ।
ਸੁਭਦਰਾ ਪੂਜੇ ਕ੍ਰਿਸ਼ਨ ਕੋ, ਗੰਗਾ-ਯਮੁਨਾ ਨੀਰ ਬਹੇ।
ਭਾਈ-ਭਾਈ ਕੀ ਆਯੂ ਬੜ੍ਹੇ।
ਭਾਈ ਦੂਜ ਦਾ ਧਾਰਮਿਕ ਮਹੱਤਵ
ਧਾਰਮਿਕ ਮਾਨਤਾਵਾਂ ਅਨੁਸਾਰ, ਭਾਈ ਦੂਜ ਦਾ ਸਬੰਧ ਭਗਵਾਨ ਯਮਰਾਜ ਅਤੇ ਉਨ੍ਹਾਂ ਦੀ ਭੈਣ ਯਮੁਨਾ ਨਾਲ ਜੁੜਿਆ ਹੋਇਆ ਹੈ। ਕਿਹਾ ਜਾਂਦਾ ਹੈ ਕਿ ਇਸ ਦਿਨ ਯਮੁਨਾ ਨੇ ਆਪਣੇ ਭਰਾ ਯਮਰਾਜ ਦਾ ਸਵਾਗਤ ਕੀਤਾ ਸੀ ਅਤੇ ਉਨ੍ਹਾਂ ਦੇ ਮੱਥੇ ’ਤੇ ਤਿਲਕ ਲਗਾ ਕੇ ਉਨ੍ਹਾਂ ਦੀ ਖੁਸ਼ਹਾਲੀ ਦੀ ਕਾਮਨਾ ਕੀਤੀ ਸੀ। ਇਸ ਤੋਂ ਖੁਸ਼ ਹੋ ਕੇ ਯਮਰਾਜ ਨੇ ਉਨ੍ਹਾਂ ਨੂੰ ਵਰਦਾਨ ਦਿੱਤਾ ਸੀ।
ਇਸੇ ਮਾਨਤਾ ਦੇ ਚੱਲਦਿਆਂ ਭਾਈ ਦੂਜ ’ਤੇ ਭੈਣਾਂ ਆਪਣੇ ਭਰਾਵਾਂ ਨੂੰ ਤਿਲਕ ਲਗਾਉਂਦੀਆਂ ਹਨ ਅਤੇ ਉਨ੍ਹਾਂ ਦੀ ਲੰਬੀ ਉਮਰ ਤੇ ਖੁਸ਼ਹਾਲੀ ਲਈ ਅਰਦਾਸ ਕਰਦੀਆਂ ਹਨ। ਇਹ ਤਿਉਹਾਰ ਭੈਣ-ਭਰਾ ਦੇ ਰਿਸ਼ਤੇ ਵਿੱਚ ਪਿਆਰ, ਵਿਸ਼ਵਾਸ ਅਤੇ ਅਪਣੱਤ ਨੂੰ ਹੋਰ ਮਜ਼ਬੂਤ ਕਰਨ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
