ਚੇਨਈ ਸੁਪਰ ਕਿੰਗਜ਼ ਨੇ ਧੋਨੀ ਨੂੰ IPL 2027 ਤੋਂ ਟੀਮ ਦਾ ਮੈਂਟਰ ਬਣਾਉਣ ਦਾ ਫੈਸਲਾ ਕੀਤਾ ਹੈ। ਇਸ ਤਰ੍ਹਾਂ ਲਗਭਗ ਦੋ ਦਹਾਕਿਆਂ ਤੋਂ IPL ਵਿੱਚ ਆਪਣੇ ਬੱਲੇ ਅਤੇ ਕਪਤਾਨੀ ਨਾਲ ਧਮਾਲ ਮਚਾਉਣ ਵਾਲੇ ਧੋਨੀ ਹੁਣ ਡਗਆਊਟ ਵਿੱਚ ਬੈਠ ਕੇ ਟੀਮ ਨੂੰ ਆਪਣਾ ਤਜਰਬਾ ਦੇਣਗੇ।
ਧੋਨੀ ਨੇ CSK ਨੂੰ ਦਿਵਾਏ 5 IPL ਖਿਤਾਬ
ਮਹਿੰਦਰ ਸਿੰਘ ਧੋਨੀ ਅਤੇ ਚੇਨਈ ਸੁਪਰ ਕਿੰਗਜ਼ ਦਾ ਰਿਸ਼ਤਾ ਕ੍ਰਿਕਟ ਇਤਿਹਾਸ ਵਿੱਚ ਹਮੇਸ਼ਾ ਯਾਦ ਰੱਖਿਆ ਜਾਵੇਗਾ। ਸਾਲ 2008 ਵਿੱਚ IPL ਦੀ ਸ਼ੁਰੂਆਤ ਤੋਂ ਹੀ ਧੋਨੀ CSK ਦਾ ਅਹਿਮ ਹਿੱਸਾ ਰਹੇ ਹਨ। ਉਨ੍ਹਾਂ ਦੀ ਕਪਤਾਨੀ ਹੇਠ ਟੀਮ ਨੇ ਪੰਜ ਵਾਰ IPL ਦੀ ਟਰਾਫੀ ਆਪਣੇ ਨਾਮ ਕੀਤੀ।
ਧੋਨੀ ਦੀ ਅਗਵਾਈ ਵਿੱਚ ਚੇਨਈ ਸੁਪਰ ਕਿੰਗਜ਼ ਨੇ 2010, 2011, 2018, 2021 ਅਤੇ 2023 ਵਿੱਚ IPL ਖਿਤਾਬ ਜਿੱਤੇ। ਉਨ੍ਹਾਂ ਨੇ ਆਪਣੀ ਸ਼ਾਨਦਾਰ ਕਪਤਾਨੀ, ਵਿਕਟਕੀਪਿੰਗ ਅਤੇ ਮੈਚ ਫਿਨਿਸ਼ ਕਰਨ ਦੀ ਕਾਬਲੀਅਤ ਨਾਲ ਦੁਨੀਆ ਭਰ ਵਿੱਚ ਆਪਣੀ ਵੱਖਰੀ ਪਛਾਣ ਬਣਾਈ।ਹੁਣ ਧੋਨੀ ਖਿਡਾਰੀ ਵਜੋਂ ਨਹੀਂ, ਸਗੋਂ ਮੈਂਟਰ ਵਜੋਂ ਟੀਮ ਦੇ ਨੌਜਵਾਨ ਖਿਡਾਰੀਆਂ ਨੂੰ ਮਾਰਗਦਰਸ਼ਨ ਦੇਣਗੇ।
ਧੋਨੀ ਦਾ ਇਹ ਫੈਸਲਾ ਚੇਨਈ ਸੁਪਰ ਕਿੰਗਜ਼ ਲਈ ਇੱਕ ਨਵੇਂ ਦੌਰ ਦੀ ਸ਼ੁਰੂਆਤ ਮੰਨਿਆ ਜਾ ਰਿਹਾ ਹੈ। ਉਹ ਟੀਮ ਦੇ ਡਗਆਊਟ ਵਿੱਚ ਰਹਿ ਕੇ ਖਿਡਾਰੀਆਂ ਨੂੰ ਰਣਨੀਤੀ, ਮੈਚ ਦੀ ਸਥਿਤੀ ਅਤੇ ਦਬਾਅ ਵਿੱਚ ਸਹੀ ਫੈਸਲੇ ਲੈਣ ਬਾਰੇ ਸਲਾਹ ਦੇਣਗੇ।ਧੋਨੀ ਕੋਲ ਕਈ ਸਾਲਾਂ ਦਾ ਅੰਤਰਰਾਸ਼ਟਰੀ ਅਤੇ IPL ਤਜਰਬਾ ਹੈ। ਉਨ੍ਹਾਂ ਦੀ ਮੌਜੂਦਗੀ ਨਾਲ ਨੌਜਵਾਨ ਖਿਡਾਰੀਆਂ ਨੂੰ ਕਾਫ਼ੀ ਕੁਝ ਸਿੱਖਣ ਦਾ ਮੌਕਾ ਮਿਲੇਗਾ।
ਐਨ ਸ਼੍ਰੀਨਿਵਾਸਨ ਨੇ ਕਿਹਾ- ਧੋਨੀ ਤੋਂ ਬਿਨਾਂ CSK ਨਹੀਂ
ਚੇਨਈ ਸੁਪਰ ਕਿੰਗਜ਼ ਦੇ ਮਾਲਕ ਐਨ. ਸ਼੍ਰੀਨਿਵਾਸਨ ਨੇ ਵੀ ਧੋਨੀ ਦੀ ਟੀਮ ਵਿੱਚ ਮਹੱਤਤਾ ਬਾਰੇ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਮਹਿੰਦਰ ਸਿੰਘ ਧੋਨੀ ਤੋਂ ਬਿਨਾਂ ਚੇਨਈ ਸੁਪਰ ਕਿੰਗਜ਼ ਦੀ ਕਲਪਨਾ ਕਰਨਾ ਮੁਸ਼ਕਲ ਹੈ।ਉਨ੍ਹਾਂ ਨੇ ਧੋਨੀ ਨਾਲ ਆਪਣੇ ਲਗਭਗ ਦੋ ਦਹਾਕੇ ਲੰਬੇ ਰਿਸ਼ਤੇ ਨੂੰ ਯਾਦ ਕਰਦਿਆਂ ਕਿਹਾ ਕਿ ਇਸ ਦੌਰਾਨ ਦੋਵਾਂ ਨੇ ਕਈ ਸਫਲਤਾਵਾਂ, ਮੁਸ਼ਕਲਾਂ ਅਤੇ ਉਤਰਾਅ-ਚੜ੍ਹਾਅ ਇਕੱਠੇ ਦੇਖੇ ਹਨ।
ਸ਼੍ਰੀਨਿਵਾਸਨ ਮੁਤਾਬਕ, ਉਨ੍ਹਾਂ ਦੇ ਰਿਸ਼ਤੇ ਦੀ ਸਭ ਤੋਂ ਵੱਡੀ ਤਾਕਤ ਇੱਕ-ਦੂਜੇ ‘ਤੇ ਭਰੋਸਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੋਵਾਂ ਨੇ ਕਦੇ ਵੀ ਇੱਕ-ਦੂਜੇ ਦੇ ਇਰਾਦਿਆਂ ‘ਤੇ ਸਵਾਲ ਨਹੀਂ ਉਠਾਏ।ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਭਾਵੇਂ ਧੋਨੀ ਦੀ ਖਿਡਾਰੀ ਵਜੋਂ ਭੂਮਿਕਾ ਖਤਮ ਹੋ ਰਹੀ ਹੈ, ਪਰ CSK ਨਾਲ ਉਨ੍ਹਾਂ ਦਾ ਰਿਸ਼ਤਾ ਪਹਿਲਾਂ ਵਾਂਗ ਹੀ ਮਜ਼ਬੂਤ ਰਹੇਗਾ।
IPL 2027 ਵਿੱਚ ਨਵੇਂ ਅੰਦਾਜ਼ ਵਿੱਚ ਨਜ਼ਰ ਆਉਣਗੇ ‘ਥਲਾ’
ਧੋਨੀ ਦੇ ਸੰਨਿਆਸ ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ IPL ਦਾ ਇੱਕ ਸੁਨਹਿਰੀ ਅਧਿਆਏ ਖਤਮ ਹੋ ਗਿਆ ਹੈ। ਹੁਣ ਪ੍ਰਸ਼ੰਸਕ ਉਨ੍ਹਾਂ ਨੂੰ ਮੈਦਾਨ ਵਿੱਚ ਬੱਲੇਬਾਜ਼ੀ ਕਰਦੇ ਅਤੇ ਵਿਕਟਾਂ ਪਿੱਛੇ ਦੌੜਦੇ ਹੋਏ ਨਹੀਂ ਦੇਖ ਸਕਣਗੇ।
ਹਾਲਾਂਕਿ, ‘ਥਲਾ’ ਦੀ ਮੌਜੂਦਗੀ ਚੇਨਈ ਸੁਪਰ ਕਿੰਗਜ਼ ਦੇ ਨਾਲ ਬਣੀ ਰਹੇਗੀ। ਹੁਣ ਦੇਖਣਾ ਦਿਲਚਸਪ ਹੋਵੇਗਾ ਕਿ ਧੋਨੀ ਦੀ ਮੈਂਟਰਸ਼ਿਪ ਹੇਠ CSK IPL 2027 ਵਿੱਚ ਕਿਹੋ ਜਿਹਾ ਪ੍ਰਦਰਸ਼ਨ ਕਰਦੀ ਹੈ ਅਤੇ ਕੀ ਟੀਮ ਇੱਕ ਵਾਰ ਫਿਰ ਚੈਂਪੀਅਨ ਬਣਨ ਵਿੱਚ ਸਫਲ ਹੁੰਦੀ ਹੈ।
