ਅਚਾਨਕ ਟੁੱਟਿਆ ਪੁੱਲ, ਦੋ ਟਰੱਕ ਧੱਸੇ
ਜਾਣਕਾਰੀ ਅਨੁਸਾਰ ਇਹ ਹਾਦਸਾ ਵੀਰਵਾਰ ਸਵੇਰੇ ਕਰੀਬ 6 ਵਜੇ ਵਾਪਰਿਆ। ਜਦੋਂ ਦੋ ਟਰੱਕ ਪਟਿਆਲਾ-ਸੰਗਰੂਰ ਬਾਈਪਾਸ ‘ਤੇ ਪਿੰਡ ਪਾਸਿਆਣਾ ਨੇੜੇ ਬਣੇ ਪੁੱਲ ਤੋਂ ਲੰਘ ਰਹੇ ਸਨ ਤਾਂ ਅਚਾਨਕ ਪੁੱਲ ਦਾ ਇੱਕ ਹਿੱਸਾ ਟੁੱਟ ਗਿਆ ਅਤੇ ਹੇਠਾਂ ਧੱਸ ਗਿਆ। ਇਸ ਦੌਰਾਨ ਦੋਵੇਂ ਟਰੱਕ ਵੀ ਹਾਦਸੇ ਦੀ ਲਪੇਟ ਵਿੱਚ ਆ ਗਏ।ਪੁੱਲ ਟੁੱਟਣ ਤੋਂ ਬਾਅਦ ਇੱਕ ਟਰੱਕ ਨੂੰ ਅੱਗ ਲੱਗ ਗਈ, ਜਿਸ ਕਾਰਨ ਉਹ ਬੁਰੀ ਤਰ੍ਹਾਂ ਸੜ ਗਿਆ। ਘਟਨਾ ਦੀ ਸੂਚਨਾ ਮਿਲਣ ‘ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ ਅਤੇ ਅੱਗ ‘ਤੇ ਕਾਬੂ ਪਾਇਆ।
ਮੌਕੇ ‘ਤੇ ਮੌਜੂਦ ਇੱਕ ਟਰੱਕ ਡਰਾਈਵਰ ਨੇ ਦੱਸਿਆ ਕਿ ਪੁੱਲ ਅਚਾਨਕ ਡਿੱਗ ਗਿਆ ਅਤੇ ਇੱਕਦਮ ਧਮਾਕੇ ਵਰਗੀ ਆਵਾਜ਼ ਸੁਣਾਈ ਦਿੱਤੀ। ਉਸ ਨੇ ਕਿਹਾ ਕਿ ਉਨ੍ਹਾਂ ਨੂੰ ਖੁਦ ਵੀ ਸਮਝ ਨਹੀਂ ਆਇਆ ਕਿ ਆਖ਼ਰ ਹੋਇਆ ਕੀ ਹੈ।ਡਰਾਈਵਰ ਮੁਤਾਬਕ ਇਹ ਘਟਨਾ ਸਵੇਰੇ ਕਰੀਬ 6 ਵਜੇ ਵਾਪਰੀ। ਹਾਦਸੇ ਵਿੱਚ ਕਿਸੇ ਨੂੰ ਗੰਭੀਰ ਸੱਟ ਲੱਗਣ ਦੀ ਜਾਣਕਾਰੀ ਨਹੀਂ ਹੈ, ਪਰ ਜਾਂਚ ਲਈ ਹਸਪਤਾਲ ਲਿਜਾਇਆ ਗਿਆ।
ਪੁੱਲ ਦੇ ਦੋਵੇਂ ਪਾਸੇ ਆਵਾਜਾਈ ਬੰਦ
ਪੁੱਲ ਟੁੱਟਣ ਕਾਰਨ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਹੈ। ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਪੁੱਲ ਦੇ ਦੋਵੇਂ ਪਾਸੇ ਬੈਰੀਕੇਡ ਲਗਾ ਕੇ ਰਸਤਾ ਬੰਦ ਕਰ ਦਿੱਤਾ ਗਿਆ ਹੈ।ਇਹ ਰਸਤਾ ਚੰਡੀਗੜ੍ਹ ਅਤੇ ਬਠਿੰਡਾ ਵੱਲ ਜਾਣ ਵਾਲੀ ਆਵਾਜਾਈ ਲਈ ਅਹਿਮ ਮੰਨਿਆ ਜਾਂਦਾ ਹੈ। ਪੁੱਲ ਦਾ ਹਿੱਸਾ ਟੁੱਟਣ ਤੋਂ ਬਾਅਦ ਭਾਖੜਾ ਨਹਿਰ ਦਾ ਪਾਣੀ ਵੀ ਉੱਪਰੋਂ ਵਹਿਣ ਲੱਗ ਪਿਆ।
2016 ਵਿੱਚ ਬਣਿਆ ਸੀ ਪੁੱਲ, ਮੁਰੰਮਤ ਤੋਂ ਬਾਅਦ ਵੀ ਡਿੱਗਿਆ
ਇਸ ਹਾਦਸੇ ਨੇ ਪੁੱਲ ਦੀ ਮਜ਼ਬੂਤੀ ਅਤੇ ਨਿਰਮਾਣ ਕਾਰਜਾਂ ‘ਤੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਜਾਣਕਾਰੀ ਮੁਤਾਬਕ ਇਹ ਪੁੱਲ ਸਾਲ 2016 ਵਿੱਚ ਨੈਸ਼ਨਲ ਹਾਈਵੇਅ ਦੇ ਨਿਰਮਾਣ ਸਮੇਂ ਬਣਾਇਆ ਗਿਆ ਸੀ। ਖਾਸ ਗੱਲ ਇਹ ਹੈ ਕਿ ਕੁਝ ਸਮਾਂ ਪਹਿਲਾਂ ਹੀ ਇਸ ਪੁੱਲ ਦੀ ਮੁਰੰਮਤ ਵੀ ਕੀਤੀ ਗਈ ਸੀ।ਅਜਿਹੇ ਵਿੱਚ ਸਵਾਲ ਉੱਠ ਰਹੇ ਹਨ ਕਿ ਮੁਰੰਮਤ ਹੋਣ ਦੇ ਬਾਵਜੂਦ ਪੁੱਲ ਅਚਾਨਕ ਕਿਵੇਂ ਟੁੱਟ ਗਿਆ। ਹਾਲਾਂਕਿ, ਹਾਦਸੇ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਮੌਕੇ ‘ਤੇ ਪਹੁੰਚੇ DC ਅਤੇ NHAI ਦੇ ਅਧਿਕਾਰੀ
ਘਟਨਾ ਦੀ ਸੂਚਨਾ ਮਿਲਦਿਆਂ ਹੀ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਅਤੇ ਪੁਲਿਸ ਪ੍ਰਸ਼ਾਸਨ ਦੀ ਟੀਮ ਮੌਕੇ ‘ਤੇ ਪਹੁੰਚੀ। ਇਸ ਤੋਂ ਇਲਾਵਾ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਦੀ ਟੀਮ ਨੇ ਵੀ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।DC ਹਿਮਾਂਸ਼ੂ ਜੈਨ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਪੁੱਲ ਦੇ ਕਿਨਾਰਿਆਂ ਨੂੰ ਮਜ਼ਬੂਤ ਕਰਨ ਦਾ ਕੰਮ ਕੀਤਾ ਜਾਵੇਗਾ। ਇਸ ਦੇ ਨਾਲ ਹੀ ਪੂਰੇ ਹਾਦਸੇ ਦੀ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਜਾਂਚ ਵਿੱਚ ਜਿਸ ਦੀ ਵੀ ਲਾਪਰਵਾਹੀ ਸਾਹਮਣੇ ਆਵੇਗੀ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
3 ਤੋਂ 4 ਦਿਨਾਂ ਵਿੱਚ ਬੇਲੀ ਬ੍ਰਿਜ ਰਾਹੀਂ ਆਵਾਜਾਈ ਬਹਾਲ ਕਰਨ ਦਾ ਟੀਚਾ
ਪੁੱਲ ਟੁੱਟਣ ਕਾਰਨ ਲੋਕਾਂ ਨੂੰ ਆ ਰਹੀ ਪਰੇਸ਼ਾਨੀ ਨੂੰ ਦੇਖਦਿਆਂ NHAI ਵੱਲੋਂ ਬਦਲਵੇਂ ਪ੍ਰਬੰਧ ਕੀਤੇ ਜਾ ਰਹੇ ਹਨ। ਅਧਿਕਾਰੀਆਂ ਮੁਤਾਬਕ 60 ਮੀਟਰ ਸਪੈਨ ਵਾਲਾ ਬੇਲੀ ਬ੍ਰਿਜ ਲਿਆਂਦਾ ਜਾ ਰਿਹਾ ਹੈ, ਜਿਸ ਰਾਹੀਂ ਆਵਾਜਾਈ ਮੁੜ ਸ਼ੁਰੂ ਕਰਨ ਦੀ ਯੋਜਨਾ ਹੈ।ਇਹ ਬੇਲੀ ਬ੍ਰਿਜ ਪਹਿਲਾਂ ਅੰਮ੍ਰਿਤਸਰ ਦੇ ਵੱਲ੍ਹਾ ਵਿਖੇ ਆਵਾਜਾਈ ਦੇ ਬਦਲਵੇਂ ਪ੍ਰਬੰਧ ਲਈ ਵਰਤਿਆ ਜਾਣਾ ਸੀ। NHAI ਨੇ ਅਗਲੇ 3 ਤੋਂ 4 ਦਿਨਾਂ ਦੇ ਅੰਦਰ ਇਸ ਬੇਲੀ ਬ੍ਰਿਜ ਰਾਹੀਂ ਆਵਾਜਾਈ ਬਹਾਲ ਕਰਨ ਦਾ ਟੀਚਾ ਰੱਖਿਆ ਹੈ।
ਪੁੱਲ ਡਿੱਗਣ ਦੇ ਕਾਰਨਾਂ ਦੀ ਜਾਂਚ ਲਈ ਮਾਹਿਰਾਂ ਦੀ ਕਮੇਟੀ
NHAI ਵੱਲੋਂ ਪੁੱਲ ਡਿੱਗਣ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਅਤੇ ਭਵਿੱਖ ਵਿੱਚ ਅਜਿਹੇ ਹਾਦਸਿਆਂ ਨੂੰ ਰੋਕਣ ਲਈ ਮਾਹਿਰਾਂ ਦੀ ਕਮੇਟੀ ਵੀ ਗਠਿਤ ਕੀਤੀ ਗਈ ਹੈ। ਇਹ ਕਮੇਟੀ ਪੁੱਲ ਦੀ ਬਣਤਰ, ਮੁਰੰਮਤ ਅਤੇ ਹੋਰ ਤਕਨੀਕੀ ਪਹਿਲੂਆਂ ਦੀ ਜਾਂਚ ਕਰਕੇ ਆਪਣੀਆਂ ਸਿਫ਼ਾਰਸ਼ਾਂ ਦੇਵੇਗੀ।
ਜ਼ਿਕਰਯੋਗ ਹੈ ਕਿ ਪਟਿਆਲਾ ਬਾਈਪਾਸ ਦਾ ਚਾਰ ਮਾਰਗੀ ਹਿੱਸਾ ਇਸ ਸਮੇਂ NHAI ਦੇ ਸ਼ਾਰਟ ਟਰਮ ਮੇਨਟੀਨੈਂਸ ਕੰਟਰੈਕਟ ਅਧੀਨ ਹੈ ਅਤੇ ਸਾਲ 2018 ਵਿੱਚ NHAI ਨੂੰ ਸੌਂਪਿਆ ਗਿਆ ਸੀ। ਇਸ ਸੜਕ ਦੇ ਚਾਰ ਮਾਰਗੀ ਨਿਰਮਾਣ ਦਾ ਕੰਮ BRO ਵੱਲੋਂ ਪੰਜਾਬ PWD ਦੀ ਨਿਗਰਾਨੀ ਹੇਠ ਕੀਤਾ ਗਿਆ ਸੀ।
ਫਿਲਹਾਲ ਪੁੱਲ ਡਿੱਗਣ ਤੋਂ ਬਾਅਦ ਆਵਾਜਾਈ ਬੰਦ ਹੈ ਅਤੇ ਜਾਂਚ ਜਾਰੀ ਹੈ। ਹੁਣ ਜਾਂਚ ਰਿਪੋਰਟ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ ਕਿ ਪੁੱਲ ਡਿੱਗਣ ਦਾ ਅਸਲ ਕਾਰਨ ਕੀ ਸੀ ਅਤੇ ਇਸ ਲਈ ਕੌਣ ਜ਼ਿੰਮੇਵਾਰ ਹੈ।
