20 ਤੋਂ 25 ਦਸੰਬਰ ਵਿਚਕਾਰ ਹੋ ਸਕਦੀ ਹੈ ਵੋਟਿੰਗ
ਸਾਹਮਣੇ ਆ ਰਹੀਆਂ ਰਿਪੋਰਟਾਂ ਮੁਤਾਬਕ, ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ 20 ਤੋਂ 25 ਦਸੰਬਰ ਦੇ ਵਿਚਕਾਰ ਵੋਟਿੰਗ ਕਰਵਾਈ ਜਾ ਸਕਦੀ ਹੈ। ਹਾਲਾਂਕਿ, ਵੋਟਿੰਗ ਦੀ ਅੰਤਿਮ ਤਰੀਕ ਬਾਰੇ ਅਜੇ ਅਧਿਕਾਰਤ ਐਲਾਨ ਨਹੀਂ ਹੋਇਆ ਹੈ।ਰਾਜ ਚੋਣ ਕਮਿਸ਼ਨਰ ਵਿਜੇ ਦੇਵ ਵੱਲੋਂ ਪ੍ਰੈੱਸ ਕਾਨਫਰੰਸ ਦੌਰਾਨ ਚੋਣਾਂ ਦਾ ਸ਼ਡਿਊਲ, ਨਾਮਜ਼ਦਗੀ ਦੀਆਂ ਤਰੀਕਾਂ ਅਤੇ ਵੋਟਿੰਗ ਨਾਲ ਜੁੜੀ ਹੋਰ ਜਾਣਕਾਰੀ ਦਿੱਤੀ ਜਾ ਸਕਦੀ ਹੈ।
ਚੰਡੀਗੜ੍ਹ ਨਗਰ ਨਿਗਮ ਵਿੱਚ ਕੁੱਲ 35 ਵਾਰਡ
ਚੰਡੀਗੜ੍ਹ ਨਗਰ ਨਿਗਮ ਵਿੱਚ ਕੁੱਲ 35 ਚੁਣੇ ਹੋਏ ਕੌਂਸਲਰ ਹਨ। ਸਾਲ 2021 ਵਿੱਚ ਹੋਈਆਂ ਪਿਛਲੀਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ 14 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਆਪਣੀ ਜਗ੍ਹਾ ਬਣਾਈ ਸੀ।ਉੱਥੇ ਹੀ ਭਾਰਤੀ ਜਨਤਾ ਪਾਰਟੀ ਨੂੰ 12, ਕਾਂਗਰਸ ਨੂੰ 8 ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਸੀਟ ਮਿਲੀ ਸੀ। ਹਾਲਾਂਕਿ, ਬਾਅਦ ਵਿੱਚ ਕੌਂਸਲਰਾਂ ਦੇ ਪਾਰਟੀ ਬਦਲਣ ਕਾਰਨ ਸਿਆਸੀ ਸਮੀਕਰਨ ਬਦਲ ਗਏ।ਮੌਜੂਦਾ ਅੰਕੜਿਆਂ ਮੁਤਾਬਕ ਭਾਜਪਾ ਕੋਲ 18, ਕਾਂਗਰਸ ਕੋਲ 10 ਅਤੇ ਆਮ ਆਦਮੀ ਪਾਰਟੀ ਕੋਲ 7 ਸੀਟਾਂ ਹਨ।
‘ਆਪ’ ਨੇ 9 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ
ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਨੇ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। 13 ਨਵੰਬਰ ਨੂੰ ਪਾਰਟੀ ਨੇ ਨਗਰ ਨਿਗਮ ਚੋਣਾਂ ਲਈ 9 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ।ਇਸ ਸੂਚੀ ਵਿੱਚ ਦੀਦਾਰ ਸਿੰਘ, ਗੁਰਪ੍ਰੀਤ ਕੌਰ ਲੱਡੀ, ਕੁਲਦੀਪ ਕੁਮਾਰ, ਰਾਧਿਕਾ ਢੀਂਗਰਾ, ਅੰਜੂ ਕਤਿਆਲ, ਓਂਕਾਰ ਸਿੰਘ ਔਲਖ, ਅਜੀਤ ਸਿੰਘ, ਸਤਨਾਮ ਕੌਰ ਅਤੇ ਅਰੁਣ ਪ੍ਰਭਾ ਖੁਰਚਾ ਦੇ ਨਾਮ ਸ਼ਾਮਲ ਹਨ।ਇਨ੍ਹਾਂ 9 ਉਮੀਦਵਾਰਾਂ ਵਿੱਚੋਂ ਅੰਜੂ ਕਤਿਆਲ ਮੌਜੂਦਾ ਕੌਂਸਲਰ ਹਨ, ਜਦਕਿ ਬਾਕੀ 8 ਨਵੇਂ ਚਿਹਰਿਆਂ ਨੂੰ ਪਾਰਟੀ ਵੱਲੋਂ ਮੌਕਾ ਦਿੱਤਾ ਗਿਆ ਹੈ।
ਭਾਜਪਾ ਨੇ ਬਣਾਈ 9 ਮੈਂਬਰੀ ਚੋਣ ਕਮੇਟੀ
ਦੂਜੇ ਪਾਸੇ, ਭਾਰਤੀ ਜਨਤਾ ਪਾਰਟੀ ਨੇ ਵੀ ਚੋਣਾਂ ਲਈ ਆਪਣੀ ਰਣਨੀਤੀ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ। 18 ਨਵੰਬਰ ਨੂੰ ਭਾਜਪਾ ਨੇ ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ 9 ਮੈਂਬਰੀ ਰਾਜ ਚੋਣ ਕਮੇਟੀ ਦਾ ਗਠਨ ਕੀਤਾ।ਇਸ ਕਮੇਟੀ ਵਿੱਚ ਸੂਬਾ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ, ਸਾਬਕਾ ਸੰਸਦ ਮੈਂਬਰ ਕਿਰਨ ਖੇਰ, ਸਾਬਕਾ ਸੂਬਾ ਪ੍ਰਧਾਨ ਸੰਜੇ ਟੰਡਨ, ਮੰਥਰੀ ਸ੍ਰੀਨਿਵਾਸੁਲੂ, ਅਰੁਣ ਸੂਦ, ਰਾਮਵੀਰ ਭੱਟੀ, ਰਾਜ ਕਿਸ਼ੋਰ, ਭਰਤ ਕੁਮਾਰ ਅਤੇ ਦੀਦਾਰ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ।ਇਸ ਤੋਂ ਇਲਾਵਾ ਸਤੀਸ਼ ਉਪਾਧਿਆਏ ਨੂੰ ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਇੰਚਾਰਜ ਨਿਯੁਕਤ ਕੀਤਾ ਗਿਆ ਹੈ।
ਕਾਂਗਰਸ ਨੇ ਵੀ 35 ਵਾਰਡਾਂ ਲਈ ਕੱਸੀ ਕਮਰ
ਨਗਰ ਨਿਗਮ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਵੀ ਪੂਰੀ ਤਰ੍ਹਾਂ ਸਰਗਰਮ ਹੋ ਗਈ ਹੈ। ਪਾਰਟੀ ਨੇ ਸਾਰੇ 35 ਵਾਰਡਾਂ ਲਈ ਇੰਚਾਰਜ ਨਿਯੁਕਤ ਕੀਤੇ ਹਨ।ਇਸ ਦੇ ਨਾਲ ਹੀ ਸਥਾਨਕ ਪੱਧਰ ‘ਤੇ 12 ਕਮੇਟੀਆਂ ਦਾ ਗਠਨ ਵੀ ਕੀਤਾ ਗਿਆ ਹੈ। ਇਨ੍ਹਾਂ ਕਮੇਟੀਆਂ ਨੂੰ ਵੱਖ-ਵੱਖ ਵਾਰਡਾਂ ਦਾ ਦੌਰਾ ਕਰਕੇ ਸੰਭਾਵੀ ਉਮੀਦਵਾਰਾਂ ਦੀ ਪਛਾਣ ਕਰਨ ਅਤੇ ਪਾਰਟੀ ਦੀ ਜ਼ਮੀਨੀ ਪੱਧਰ ‘ਤੇ ਮਜ਼ਬੂਤੀ ਦਾ ਜਾਇਜ਼ਾ ਲੈਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਕੱਲ੍ਹ ਹੋਵੇਗਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ?
ਹੁਣ ਸਾਰੀਆਂ ਸਿਆਸੀ ਪਾਰਟੀਆਂ ਅਤੇ ਸੰਭਾਵੀ ਉਮੀਦਵਾਰਾਂ ਦੀਆਂ ਨਜ਼ਰਾਂ 20 ਨਵੰਬਰ ਨੂੰ ਹੋਣ ਵਾਲੀ ਚੋਣ ਕਮਿਸ਼ਨ ਦੀ ਪ੍ਰੈੱਸ ਕਾਨਫਰੰਸ ‘ਤੇ ਟਿਕੀਆਂ ਹੋਈਆਂ ਹਨ। ਜੇਕਰ ਚੋਣਾਂ ਦਾ ਐਲਾਨ ਹੁੰਦਾ ਹੈ ਤਾਂ ਸ਼ਹਿਰ ਵਿੱਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਜਾਵੇਗਾ।
ਇਸ ਤੋਂ ਬਾਅਦ ਉਮੀਦਵਾਰਾਂ ਦੀ ਚੋਣ, ਚੋਣ ਪ੍ਰਚਾਰ ਅਤੇ ਸਿਆਸੀ ਪਾਰਟੀਆਂ ਵਿਚਾਲੇ ਮੁਕਾਬਲਾ ਹੋਰ ਤੇਜ਼ ਹੋਣ ਦੀ ਉਮੀਦ ਹੈ। ਹੁਣ ਦੇਖਣਾ ਹੋਵੇਗਾ ਕਿ ਚੰਡੀਗੜ੍ਹ ਨਗਰ ਨਿਗਮ ਦੀ ਸੱਤਾ ਹਾਸਲ ਕਰਨ ਲਈ ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿੱਚੋਂ ਕੌਣ ਬਾਜ਼ੀ ਮਾਰਦਾ ਹੈ।
