ਮੱਝ ਦੇ ਦੁੱਧ ਦੀ ਕੀਮਤ ਵਿੱਚ 6 ਰੁਪਏ ਦਾ ਵਾਧਾ
ਗੋਕੁਲ ਡੇਅਰੀ ਵੱਲੋਂ ਮੱਝ ਦੇ ਦੁੱਧ ਦੀਆਂ ਕੀਮਤਾਂ ਵਿੱਚ ਸਭ ਤੋਂ ਵੱਧ ਵਾਧਾ ਕੀਤਾ ਗਿਆ ਹੈ। ਹੁਣ ਮੱਝ ਦਾ ਦੁੱਧ ਖਰੀਦਣ ਵਾਲੇ ਗਾਹਕਾਂ ਨੂੰ ਪਹਿਲਾਂ ਨਾਲੋਂ 6 ਰੁਪਏ ਪ੍ਰਤੀ ਲੀਟਰ ਵੱਧ ਅਦਾ ਕਰਨੇ ਪੈਣਗੇ।ਇਸ ਦੇ ਨਾਲ ਹੀ ਕਿਸਾਨਾਂ ਤੋਂ ਦੁੱਧ ਖਰੀਦਣ ਦੀ ਕੀਮਤ ਵਿੱਚ ਵੀ 3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਦੂਜੇ ਪਾਸੇ, ਗਾਂ ਦੇ ਦੁੱਧ ਦੀ ਪ੍ਰਚੂਨ ਕੀਮਤ ਅਤੇ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਖਰੀਦ ਮੁੱਲ ਦੋਵਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਵੇਗਾ।
21 ਨਵੰਬਰ ਤੋਂ ਲਾਗੂ ਹੋਣਗੀਆਂ ਨਵੀਆਂ ਕੀਮਤਾਂ
ਦੁੱਧ ਦੀਆਂ ਕੀਮਤਾਂ ਵਧਾਉਣ ਦਾ ਇਹ ਫੈਸਲਾ ਡੇਅਰੀ ਯੂਨੀਅਨ ਦੇ ਬੋਰਡ ਆਫ਼ ਡਾਇਰੈਕਟਰਾਂ ਦੀ ਮੀਟਿੰਗ ਦੌਰਾਨ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਦੁੱਧ ਵਿਤਰਕਾਂ ਅਤੇ ਪ੍ਰਸ਼ਾਸਨ ਵੱਲੋਂ ਲੰਬੇ ਸਮੇਂ ਤੋਂ ਕੀਮਤਾਂ ਵਿੱਚ ਵਾਧੇ ਦੀ ਮੰਗ ਕੀਤੀ ਜਾ ਰਹੀ ਸੀ।ਇਸ ਤੋਂ ਬਾਅਦ ਡੇਅਰੀ ਪ੍ਰਬੰਧਨ ਨੇ ਕੀਮਤਾਂ ਵਧਾਉਣ ਦਾ ਫੈਸਲਾ ਕੀਤਾ ਹੈ। ਨਵੀਆਂ ਦਰਾਂ ਸ਼ਨੀਵਾਰ, 21 ਨਵੰਬਰ 2026 ਤੋਂ ਲਾਗੂ ਹੋਣਗੀਆਂ।
ਲਗਭਗ 70 ਕਰੋੜ ਰੁਪਏ ਦੇ ਘਾਟੇ ਕਾਰਨ ਵਧਾਈਆਂ ਕੀਮਤਾਂ
ਰਿਪੋਰਟਾਂ ਮੁਤਾਬਕ, ਗੋਕੁਲ ਡੇਅਰੀ ਨੂੰ ਲਗਭਗ 70 ਕਰੋੜ ਰੁਪਏ ਦੇ ਵਿੱਤੀ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਘਾਟੇ ਨੂੰ ਘੱਟ ਕਰਨ ਅਤੇ ਵਿੱਤੀ ਸਥਿਤੀ ਨੂੰ ਸੁਧਾਰਨ ਲਈ ਦੁੱਧ ਦੀਆਂ ਪ੍ਰਚੂਨ ਕੀਮਤਾਂ ਵਿੱਚ ਵਾਧਾ ਕਰਨ ਦਾ ਫੈਸਲਾ ਲਿਆ ਗਿਆ ਹੈ।
ਇਸ ਤੋਂ ਇਲਾਵਾ, ਡੇਅਰੀ ਵੱਲੋਂ ਜਨਵਰੀ ਮਹੀਨੇ ਵਿੱਚ ਇੱਕ ਹੋਰ ਕੀਮਤ ਵਾਧੇ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਗਿਆ ਹੈ। ਹਾਲਾਂਕਿ, ਜਨਵਰੀ ਵਿੱਚ ਕੀਮਤਾਂ ਵਧਣ ਬਾਰੇ ਅਜੇ ਕੋਈ ਅੰਤਿਮ ਫੈਸਲਾ ਸਾਹਮਣੇ ਨਹੀਂ ਆਇਆ ਹੈ।
ਜ਼ਿਕਰਯੋਗ ਹੈ ਕਿ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਵਾਲਾ ਗੋਕੁਲ ਇਕੱਲਾ ਬ੍ਰਾਂਡ ਨਹੀਂ ਹੈ। ਇਸ ਤੋਂ ਪਹਿਲਾਂ ਅਮੂਲ ਅਤੇ ਮਦਰ ਡੇਅਰੀ ਵੱਲੋਂ ਵੀ ਦੁੱਧ ਦੀਆਂ ਕੀਮਤਾਂ ਵਧਾਈਆਂ ਜਾ ਚੁੱਕੀਆਂ ਹਨ।ਦੱਸਿਆ ਜਾ ਰਿਹਾ ਹੈ ਕਿ ਇਸ ਸਾਲ ਮਈ ਤੋਂ ਬਾਅਦ ਨਵੰਬਰ ਵਿੱਚ ਦੁੱਧ ਦੀਆਂ ਕੀਮਤਾਂ ਵਿੱਚ ਦੂਜੀ ਵਾਰ ਵਾਧਾ ਕੀਤਾ ਗਿਆ ਹੈ।
ਸਰਦੀਆਂ ਵਿੱਚ ਦੁੱਧ ਮਹਿੰਗਾ ਹੋਣਾ ਕਿਉਂ ਹੈਰਾਨੀਜਨਕ?
ਆਮ ਤੌਰ ‘ਤੇ ਸਰਦੀਆਂ ਦੇ ਮੌਸਮ ਨੂੰ ਡੇਅਰੀ ਉਦਯੋਗ ਲਈ ਫਲੱਸ਼ ਸੀਜ਼ਨ ਕਿਹਾ ਜਾਂਦਾ ਹੈ। ਇਸ ਸਮੇਂ ਦੁੱਧ ਦੀ ਉਪਲਬਧਤਾ ਵਧ ਜਾਂਦੀ ਹੈ ਅਤੇ ਆਮ ਤੌਰ ‘ਤੇ ਡੇਅਰੀ ਕਾਰੋਬਾਰ ਲਈ ਇਹ ਸਮਾਂ ਲਾਹੇਵੰਦ ਮੰਨਿਆ ਜਾਂਦਾ ਹੈ।
ਇਸ ਦੇ ਬਾਵਜੂਦ ਸਰਦੀਆਂ ਦੇ ਮੌਸਮ ਵਿੱਚ ਦੁੱਧ ਦੀਆਂ ਕੀਮਤਾਂ ਵਧਣ ਨਾਲ ਗਾਹਕਾਂ ਵਿੱਚ ਹੈਰਾਨੀ ਦੇਖਣ ਨੂੰ ਮਿਲ ਰਹੀ ਹੈ। ਹੁਣ ਗੋਕੁਲ ਮਿਲਕ ਦੀਆਂ ਨਵੀਆਂ ਕੀਮਤਾਂ ਲਾਗੂ ਹੋਣ ਤੋਂ ਬਾਅਦ ਦੁੱਧ ਖਰੀਦਣ ਵਾਲੇ ਗਾਹਕਾਂ ਨੂੰ ਆਪਣਾ ਮਹੀਨਾਵਾਰ ਬਜਟ ਵੀ ਵਧਾਉਣਾ ਪੈ ਸਕਦਾ ਹੈ।
