ਛੇ ਬੈਂਕ ਸ਼ਾਖਾਵਾਂ ਨੂੰ ਮਿਲੀ ਬੰਬ ਧਮਾਕੇ ਦੀ ਧਮਕੀ
ਮਿਲੀ ਜਾਣਕਾਰੀ ਅਨੁਸਾਰ, ਧਮਕੀ ਦੇਣ ਵਾਲਿਆਂ ਨੇ ਚੰਡੀਗੜ੍ਹ ਦੇ ਸੈਕਟਰ 7, 17, 31 ਅਤੇ 35 ਵਿੱਚ ਸਥਿਤ ਬੈਂਕਾਂ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕਹੀ ਹੈ। ਇਨ੍ਹਾਂ ਵਿੱਚ ਚਾਰ ਵੱਖ-ਵੱਖ ਬੈਂਕਾਂ ਦੀਆਂ ਛੇ ਸ਼ਾਖਾਵਾਂ ਸ਼ਾਮਲ ਹਨ।
ਧਮਕੀ ਮਿਲਣ ਵਾਲੀਆਂ ਬੈਂਕ ਸ਼ਾਖਾਵਾਂ ਵਿੱਚ ਸ਼ਾਮਲ ਹਨ:
-
ਸੈਕਟਰ 17B ਵਿੱਚ ਇੰਡੀਅਨ ਬੈਂਕ
-
ਸੈਕਟਰ 35 ਵਿੱਚ ਬੈਂਕ ਆਫ਼ ਇੰਡੀਆ
-
ਸੈਕਟਰ 7 ਵਿੱਚ ਇੰਡੀਅਨ ਬੈਂਕ
-
ਸੈਕਟਰ 17 ਵਿੱਚ ਬੈਂਕ ਆਫ਼ ਬੜੌਦਾ
-
ਸੈਕਟਰ 31 ਵਿੱਚ ਬੈਂਕ ਆਫ਼ ਬੜੌਦਾ
-
ਸੈਕਟਰ 17 ਵਿੱਚ ਯੂਨੀਅਨ ਬੈਂਕ
ਧਮਕੀ ਭਰੀ ਈਮੇਲ ਮਿਲਣ ਤੋਂ ਬਾਅਦ ਪੁਲਿਸ ਕੰਟਰੋਲ ਰੂਮ ਨੇ ਤੁਰੰਤ ਸਬੰਧਤ ਥਾਣਿਆਂ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ। ਇਸ ਦੇ ਨਾਲ ਹੀ ਸਾਰੇ ਸਬੰਧਤ ਇਲਾਕਿਆਂ ਦੇ ਪੁਲਿਸ ਇੰਸਪੈਕਟਰਾਂ ਨੂੰ ਵੀ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਗਏ।
ਬੰਬ ਸਕੁਐਡ ਅਤੇ ਡੌਗ ਸਕੁਐਡ ਵੱਲੋਂ ਤਲਾਸ਼ੀ
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਬੰਬ ਡਿਟੈਕਸ਼ਨ ਅਤੇ ਡਿਸਪੋਜ਼ਲ ਸਕੁਐਡ ਨੂੰ ਮੌਕੇ ‘ਤੇ ਤਾਇਨਾਤ ਕੀਤਾ ਗਿਆ ਹੈ। ਟੀਮਾਂ ਵੱਲੋਂ ਬੈਂਕਾਂ ਦੇ ਅੰਦਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।ਇਸ ਤੋਂ ਇਲਾਵਾ ਡੌਗ ਸਕੁਐਡ ਦੀ ਮਦਦ ਨਾਲ ਵੀ ਸ਼ੱਕੀ ਵਸਤੂਆਂ ਅਤੇ ਵਿਸਫੋਟਕ ਸਮੱਗਰੀ ਦੀ ਭਾਲ ਕੀਤੀ ਜਾ ਰਹੀ ਹੈ। ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਫਾਇਰ ਬ੍ਰਿਗੇਡ, ਸਿਵਲ ਡਿਫੈਂਸ, ਮੋਬਾਈਲ ਫੋਰੈਂਸਿਕ ਟੀਮ ਅਤੇ ਕ੍ਰਾਈਮ ਬ੍ਰਾਂਚ ਨੂੰ ਵੀ ਸਰਗਰਮ ਕਰ ਦਿੱਤਾ ਗਿਆ ਹੈ।
ਧਮਕੀ ਭਰੀ ਈਮੇਲ ਭੇਜਣ ਵਾਲੇ ਦੀ ਭਾਲ ਜਾਰੀ
ਫਿਲਹਾਲ ਪੁਲਿਸ ਵੱਲੋਂ ਧਮਕੀ ਭਰੀਆਂ ਈਮੇਲਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਏਜੰਸੀਆਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਇਹ ਧਮਕੀਆਂ ਕਿਸ ਨੇ ਭੇਜੀਆਂ ਹਨ ਅਤੇ ਇਨ੍ਹਾਂ ਪਿੱਛੇ ਕਿਸੇ ਤਰ੍ਹਾਂ ਦੀ ਸਾਜ਼ਿਸ਼ ਤਾਂ ਨਹੀਂ ਹੈ।
ਪੁਲਿਸ ਵੱਲੋਂ ਧਮਕੀ ਦੀ ਪ੍ਰਮਾਣਿਕਤਾ ਦਾ ਪਤਾ ਲਗਾਉਣ ਦੇ ਨਾਲ-ਨਾਲ ਸਾਰੇ ਸੰਭਾਵੀ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਬੰਬ ਮਿਲਣ ਜਾਂ ਧਮਾਕਾ ਹੋਣ ਸਬੰਧੀ ਕੋਈ ਪੁਸ਼ਟੀਸ਼ੁਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
