ਮੁੱਢਲੀ ਜਾਣਕਾਰੀ ਅਨੁਸਾਰ ਦੋਵਾਂ ਦੇ ਸਰੀਰਾਂ ‘ਤੇ ਗੋਲੀਆਂ ਦੇ ਕਈ ਨਿਸ਼ਾਨ ਮਿਲੇ ਹਨ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ ਅਤੇ ਅੱਤਵਾਦੀਆਂ ਦੀ ਭਾਲ ਲਈ ਸੁਰੱਖਿਆ ਬਲਾਂ ਵੱਲੋਂ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।
ਜੰਗਲਾਂ ਵਿੱਚੋਂ ਬਰਾਮਦ ਹੋਈਆਂ ਦੋਵੇਂ SPO ਦੀਆਂ ਲਾਸ਼ਾਂ
ਜਾਣਕਾਰੀ ਅਨੁਸਾਰ ਦੋਵੇਂ SPO ਕਿਸ਼ਤਵਾੜ ਦੇ ਦੂਰ-ਦੁਰਾਡੇ ਦਛਨ-ਮਾਰਵਾਹ ਇਲਾਕੇ ਤੋਂ ਲਾਪਤਾ ਹੋ ਗਏ ਸਨ। ਉਨ੍ਹਾਂ ਦੇ ਲਾਪਤਾ ਹੋਣ ਤੋਂ ਬਾਅਦ ਪੁਲਿਸ ਅਤੇ ਸੁਰੱਖਿਆ ਬਲਾਂ ਨੇ ਭਾਲ ਲਈ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਸਨ।
ਵੀਰਵਾਰ ਨੂੰ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ ਦੋਵਾਂ ਦੀਆਂ ਲਾਸ਼ਾਂ ਉਸ ਸਥਾਨ ਤੋਂ ਕਰੀਬ ਦੋ ਕਿਲੋਮੀਟਰ ਦੂਰ ਮਿਲੀਆਂ, ਜਿੱਥੋਂ ਉਹ ਲਾਪਤਾ ਹੋਏ ਸਨ। ਸੂਤਰਾਂ ਮੁਤਾਬਕ ਦੋਵਾਂ ਦੇ ਸਰੀਰਾਂ ‘ਤੇ ਗੋਲੀਆਂ ਦੇ ਕਈ ਨਿਸ਼ਾਨ ਪਾਏ ਗਏ ਹਨ।
ਡਰੋਨ ਅਤੇ ਸਨਿਫਰ ਡੌਗਜ਼ ਦੀ ਵੀ ਲਈ ਗਈ ਮਦਦ
ਦੋਵੇਂ ਪੁਲਿਸ ਮੁਲਾਜ਼ਮਾਂ ਦੀ ਭਾਲ ਲਈ ਸੁਰੱਖਿਆ ਬਲਾਂ ਵੱਲੋਂ ਪਹਾੜੀ ਅਤੇ ਸੰਘਣੇ ਜੰਗਲੀ ਇਲਾਕਿਆਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਡਰੋਨ ਅਤੇ ਸਨਿਫਰ ਡੌਗਜ਼ ਦੀ ਵੀ ਮਦਦ ਲਈ ਗਈ।ਅਧਿਕਾਰੀਆਂ ਮੁਤਾਬਕ ਲਾਪਤਾ ਹੋਏ ਦੋਵੇਂ SPO ਸਥਾਨਕ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ (SOG) ਨਾਲ ਜੁੜੇ ਹੋਏ ਸਨ। ਉਹ 17 ਰਾਸ਼ਟਰੀ ਰਾਈਫਲਜ਼ (RR) ਦੇ ਧਰਨਾ ਕੈਂਪ ਵਿੱਚ ਰੋਟੇਸ਼ਨਲ ਡਿਊਟੀ ‘ਤੇ ਤਾਇਨਾਤ ਸਨ। ਦੋਵੇਂ ਨਿਰਧਾਰਤ ਸਮੇਂ ‘ਤੇ ਡਿਊਟੀ ਲਈ ਰਿਪੋਰਟ ਨਹੀਂ ਕਰ ਸਕੇ, ਜਿਸ ਤੋਂ ਬਾਅਦ ਉਨ੍ਹਾਂ ਦੀ ਭਾਲ ਸ਼ੁਰੂ ਕੀਤੀ ਗਈ ਸੀ।
ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਤੋਂ ਬਾਅਦ ਤਲਾਸ਼ੀ ਮੁਹਿੰਮ
ਇਸ ਘਟਨਾ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਇਲਾਕੇ ਵਿੱਚ ਚੌਕਸੀ ਵਧਾ ਦਿੱਤੀ ਹੈ। ਦਛਨ-ਮਾਰਵਾਹ ਦਾ ਇਲਾਕਾ ਪਹਾੜੀ ਅਤੇ ਜੰਗਲੀ ਹੋਣ ਦੇ ਨਾਲ ਅੱਤਵਾਦੀ ਗਤੀਵਿਧੀਆਂ ਦੇ ਲਿਹਾਜ਼ ਨਾਲ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ।
ਇਸ ਤੋਂ ਇਲਾਵਾ ਸ਼੍ਰੀਨਗਰ ਦੇ ਨਾਲ ਲੱਗਦੇ ਗੰਦਰਬਲ ਇਲਾਕੇ ਵਿੱਚ ਵੀ ਅੱਤਵਾਦੀਆਂ ਦੇ ਇੱਕ ਸਮੂਹ ਦੇ ਦਿਖਾਈ ਦੇਣ ਦੀ ਸੂਚਨਾ ਤੋਂ ਬਾਅਦ ਸੁਰੱਖਿਆ ਬਲਾਂ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਗਈ। ਸ਼ੱਕੀ ਟਿਕਾਣਿਆਂ ਦੀ ਜਾਂਚ ਕੀਤੀ ਗਈ, ਹਾਲਾਂਕਿ ਅੱਤਵਾਦੀਆਂ ਦਾ ਕੋਈ ਸੁਰਾਗ ਨਹੀਂ ਮਿਲਿਆ।
ਕੁਲਗਾਮ ਵਿੱਚ CRPF ਦੀ ਚੌਕੀ ‘ਤੇ ਵੀ ਹੋਈ ਸੀ ਗੋਲੀਬਾਰੀ
ਜ਼ਿਕਰਯੋਗ ਹੈ ਕਿ ਇਹ ਘਟਨਾ ਜੰਮੂ-ਕਸ਼ਮੀਰ ਵਿੱਚ ਸੁਰੱਖਿਆ ਸਬੰਧੀ ਵਾਪਰ ਰਹੀਆਂ ਹੋਰ ਘਟਨਾਵਾਂ ਦਰਮਿਆਨ ਸਾਹਮਣੇ ਆਈ ਹੈ। ਇਸ ਤੋਂ ਪਹਿਲਾਂ ਕੁਲਗਾਮ ਜ਼ਿਲ੍ਹੇ ਵਿੱਚ CRPF ਦੀ ਇੱਕ ਚੌਕੀ ਨੂੰ ਅਣਪਛਾਤੇ ਬਾਈਕ ਸਵਾਰ ਹਮਲਾਵਰਾਂ ਨੇ ਨਿਸ਼ਾਨਾ ਬਣਾਇਆ ਸੀ।
ਹਮਲਾਵਰਾਂ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਤਿੰਨ ਜਵਾਨ ਜ਼ਖਮੀ ਹੋ ਗਏ ਸਨ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।ਕਿਸ਼ਤਵਾੜ ਵਿੱਚ ਦੋ SPO ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਘਟਨਾ ਦੇ ਪਿੱਛੇ ਸ਼ਾਮਲ ਲੋਕਾਂ ਦੀ ਪਛਾਣ ਅਤੇ ਉਨ੍ਹਾਂ ਦੀ ਭਾਲ ਲਈ ਕਾਰਵਾਈ ਕੀਤੀ ਜਾ ਰਹੀ ਹੈ।
