ਆਦਮੀ ਪਾਰਟੀ (AAP) ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਪਣੀ ਦੂਜੀ ਉਮੀਦਵਾਰ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਵੱਲੋਂ ਇਸ ਸੂਚੀ ਵਿੱਚ 31 ਹੋਰ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ 'ਆਪ' ਵੱਲੋਂ ਹੁਣ ਤੱਕ ਕੁੱਲ 71 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ।ਦੂਜੀ ਸੂਚੀ ਵਿੱਚ ਪਾਰਟੀ ਨੇ ਕਈ ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਹੈ, ਜਦਕਿ ਕੁਝ ਮੌਜੂਦਾ ਵਿਧਾਇਕਾਂ ਅਤੇ ਪੁਰਾਣੇ ਉਮੀਦਵਾਰਾਂ ਦੀ ਟਿਕਟ ਕੱਟ ਦਿੱਤੀ ਗਈ ਹੈ। ਪਾਰਟੀ ਦੇ ਇਸ ਫੈਸਲੇ ਤੋਂ ਬਾਅਦ ਸਿਆਸੀ ਹਲਕਿਆਂ ਵਿੱਚ ਚਰਚਾ ਤੇਜ਼ ਹੋ ਗਈ ਹੈ।
PAC ਦੀ ਮੀਟਿੰਗ ਤੋਂ ਬਾਅਦ ਜਾਰੀ ਹੋਈ ਦੂਜੀ ਸੂਚੀ
ਜਾਣਕਾਰੀ ਅਨੁਸਾਰ, ਆਮ ਆਦਮੀ ਪਾਰਟੀ ਦੀ ਰਾਜਨੀਤਿਕ ਮਾਮਲਿਆਂ ਦੀ ਕਮੇਟੀ (PAC) ਦੀ ਮੀਟਿੰਗ ਤੋਂ ਬਾਅਦ 31 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਗਈ। ਇਸ ਮੀਟਿੰਗ ਦੌਰਾਨ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੇ ਨਾਵਾਂ ‘ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ 31 ਅਕਤੂਬਰ ਨੂੰ ਪਾਰਟੀ ਨੇ 40 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ। ਪਹਿਲੀ ਸੂਚੀ ਵਿੱਚ ਮੁੱਖ ਤੌਰ ‘ਤੇ ਮੌਜੂਦਾ ਵਿਧਾਇਕਾਂ ਨੂੰ ਹੀ ਦੁਬਾਰਾ ਮੌਕਾ ਦਿੱਤਾ ਗਿਆ ਸੀ, ਜਦਕਿ ਦੂਜੀ ਸੂਚੀ ਵਿੱਚ ਨਵੇਂ ਚਿਹਰਿਆਂ ਨੂੰ ਤਰਜੀਹ ਦਿੱਤੀ ਗਈ ਹੈ।
ਇਨ੍ਹਾਂ ਸੀਟਾਂ ‘ਤੇ ਬਦਲੇ ਗਏ ਉਮੀਦਵਾਰ
1. ਚਮਕੌਰ ਸਾਹਿਬ: ਇਸ ਸੀਟ ਤੋਂ ਮੌਜੂਦਾ ਵਿਧਾਇਕ ਡਾ. ਚਰਨਜੀਤ ਸਿੰਘ ਦੀ ਥਾਂ ਹੁਣ ਜਸਵੀਰ ਸਿੰਘ ਗੜ੍ਹੀ ਨੂੰ ਟਿਕਟ ਦਿੱਤੀ ਗਈ ਹੈ। ਗੜ੍ਹੀ ਨੂੰ ਪਹਿਲਾਂ ਹੀ ਪਾਰਟੀ ਵੱਲੋਂ ਇਸ ਹਲਕੇ ਦਾ ਇੰਚਾਰਜ ਬਣਾਇਆ ਗਿਆ ਸੀ।
2. ਬਠਿੰਡਾ ਦਿਹਾਤੀ: ਮੌਜੂਦਾ ਵਿਧਾਇਕ ਅਮਿਤ ਰਤਨ ਕੋਟਫੱਤਾ ਦੀ ਥਾਂ ਗੋਪਾਲ ਸਿੰਘ ਨੂੰ ਉਮੀਦਵਾਰ ਐਲਾਨਿਆ ਗਿਆ ਹੈ।
3. ਖਰੜ: ਅਨਮੋਲ ਗਗਨ ਮਾਨ ਦੇ ਵਿਧਾਇਕ ਵਜੋਂ ਅਸਤੀਫਾ ਦੇਣ ਤੋਂ ਬਾਅਦ ਇਸ ਸੀਟ ‘ਤੇ ਪਰਮਿੰਦਰ ਸਿੰਘ ਗੋਲਡੀ ਨੂੰ ਟਿਕਟ ਦਿੱਤੀ ਗਈ ਹੈ।
4. ਪੱਟੀ: ਇਸ ਹਲਕੇ ਤੋਂ ਲਾਲਜੀਤ ਸਿੰਘ ਭੁੱਲਰ ਦੀ ਥਾਂ ਜਸਕੰਵਰ ਸਿੰਘ ਗਿੱਲ (ਜੱਸਾ ਪੱਟੀ) ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।
5. ਜਲੰਧਰ ਕੇਂਦਰੀ: ਇਸ ਸੀਟ ਤੋਂ ਨਿਤਿਨ ਕੋਹਲੀ ਨੂੰ ਉਮੀਦਵਾਰ ਬਣਾਇਆ ਗਿਆ ਹੈ।
6. ਅੰਮ੍ਰਿਤਸਰ ਉੱਤਰੀ: ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਪਾਰਟੀ ਛੱਡਣ ਤੋਂ ਬਾਅਦ ਖਾਲੀ ਹੋਈ ਇਸ ਸੀਟ ‘ਤੇ ਕਰਮਜੀਤ ਸਿੰਘ ਰਿੰਟੂ ਨੂੰ ਟਿਕਟ ਦਿੱਤੀ ਗਈ ਹੈ।
ਆਗਾਮੀ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਗਈ ਹੈ…
ਪਾਰਟੀ ਵੱਲੋਂ ਐਲਾਨੇ ਗਏ ਸਾਰੇ ਉਮੀਦਵਾਰਾਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ… ਮੈਨੂੰ ਪੂਰਾ ਯਕੀਨ ਹੈ ਕਿ ਤੁਸੀਂ ਸਾਰੇ ਆਪੋ-ਆਪਣੇ ਹਲਕਿਆਂ ‘ਚ ਲੋਕਾਂ ਦੀ ਸੱਚੀ ਆਵਾਜ਼ ਬਣੋਗੇ ਅਤੇ ‘ਰੰਗਲਾ ਪੰਜਾਬ’ ਸਿਰਜਣ ਦੀ ਸਾਡੀ ਮੁਹਿੰਮ ਨੂੰ ਹੋਰ ਮਜ਼ਬੂਤ ਕਰੋਗੇ… ਆਮ ਆਦਮੀ ਪਾਰਟੀ ਲੋਕਾਂ ਦੀ ਆਪਣੀ ਪਾਰਟੀ ਹੈ ਅਤੇ ਲੋਕਾਂ ਦਾ ਪਿਆਰ ਤੇ ਵਿਸ਼ਵਾਸ ਹੀ ਸਾਡੀ ਅਸਲੀ ਤਾਕਤ ਹੈ…
ਆਓ ਮਿਲ ਕੇ ਨਵਾਂ ਇਤਿਹਾਸ ਸਿਰਜੀਏ…
ਇਨਕਲਾਬ ਜ਼ਿੰਦਾਬਾਦ!— Bhagwant Mann (@BhagwantMann) November 12, 2026
ਕਈ ਪੁਰਾਣੇ ਚਿਹਰਿਆਂ ‘ਤੇ ਮੁੜ ਜਤਾਇਆ ਭਰੋਸਾ
ਆਮ ਆਦਮੀ ਪਾਰਟੀ ਨੇ ਕੁਝ ਅਜਿਹੇ ਉਮੀਦਵਾਰਾਂ ਨੂੰ ਵੀ ਦੁਬਾਰਾ ਮੌਕਾ ਦਿੱਤਾ ਹੈ, ਜੋ ਪਹਿਲਾਂ ਵੀ ਚੋਣ ਲੜ ਚੁੱਕੇ ਹਨ।
- ਗੁਰਦਾਸਪੁਰ: ਰਮਨ ਬਹਿਲ
- ਦੀਨਾਨਗਰ (SC): ਸ਼ਮਸ਼ੇਰ ਸਿੰਘ
- ਬਰਨਾਲਾ: ਗੁਰਮੀਤ ਸਿੰਘ ਮੀਤ ਹੇਅਰ
- ਫਗਵਾੜਾ: ਡਾ. ਰਾਜ ਕੁਮਾਰ ਚੱਬੇਵਾਲ
- ਆਦਮਪੁਰ: ਪਵਨ ਕੁਮਾਰ ਟੀਨੂੰ
ਇਨ੍ਹਾਂ ਨਾਵਾਂ ਰਾਹੀਂ ਪਾਰਟੀ ਨੇ ਕੁਝ ਪੁਰਾਣੇ ਅਤੇ ਤਜਰਬੇਕਾਰ ਚਿਹਰਿਆਂ ‘ਤੇ ਵੀ ਆਪਣਾ ਭਰੋਸਾ ਕਾਇਮ ਰੱਖਿਆ ਹੈ।
ਲੰਬੀ ਸੀਟ ‘ਤੇ ਵੀ ਵੱਡਾ ਬਦਲਾਅ
ਲੰਬੀ ਵਿਧਾਨ ਸਭਾ ਹਲਕੇ ਵਿੱਚ ਵੀ ਆਮ ਆਦਮੀ ਪਾਰਟੀ ਨੇ ਵੱਡਾ ਫੇਰਬਦਲ ਕੀਤਾ ਹੈ। ਇਸ ਸੀਟ ਤੋਂ 2022 ਵਿੱਚ ਗੁਰਮੀਤ ਸਿੰਘ ਖੁੱਡੀਆਂ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਇਆ ਸੀ। ਹੁਣ ਪਾਰਟੀ ਨੇ ਇਸ ਹਲਕੇ ਤੋਂ ਰਣਧੀਰ ਸਿੰਘ ਧੀਰਾ ਖੁੱਡੀਆਂ ਨੂੰ ਉਮੀਦਵਾਰ ਬਣਾਇਆ ਹੈ।
ਨਵੇਂ ਚਿਹਰਿਆਂ ‘ਤੇ ‘ਆਪ’ ਦਾ ਵੱਡਾ ਦਾਅ
ਦੂਜੀ ਸੂਚੀ ਨੂੰ ਦੇਖਦਿਆਂ ਸਪੱਸ਼ਟ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਇਸ ਵਾਰ ਉਮੀਦਵਾਰਾਂ ਦੀ ਚੋਣ ਵਿੱਚ ਨਵੇਂ ਚਿਹਰਿਆਂ ਨੂੰ ਵੀ ਤਰਜੀਹ ਦੇ ਰਹੀ ਹੈ। ਚਮਕੌਰ ਸਾਹਿਬ, ਬਠਿੰਡਾ ਦਿਹਾਤੀ ਅਤੇ ਖਰੜ ਵਰਗੇ ਹਲਕਿਆਂ ਵਿੱਚ ਪਹਿਲਾਂ ਤੋਂ ਸਰਗਰਮ ਪਾਰਟੀ ਆਗੂਆਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ।
ਇਸ ਤੋਂ ਇਲਾਵਾ ਜਲੰਧਰ ਅਤੇ ਅੰਮ੍ਰਿਤਸਰ ਦੇ ਹਲਕਿਆਂ ਵਿੱਚ ਵੀ ਨਵੇਂ ਉਮੀਦਵਾਰਾਂ ਨੂੰ ਮੌਕਾ ਦਿੱਤਾ ਗਿਆ ਹੈ। ਪਾਰਟੀ ਵੱਲੋਂ ਉਮੀਦਵਾਰਾਂ ਦੀ ਚੋਣ ਲਈ ਜਨਤਾ ਤੋਂ ਮਿਲੇ ਫੀਡਬੈਕ ਅਤੇ ਸਰਵੇਖਣਾਂ ਨੂੰ ਵੀ ਆਧਾਰ ਬਣਾਇਆ ਗਿਆ ਹੈ।
ਹੁਣ ਸਾਰਿਆਂ ਦੀਆਂ ਨਜ਼ਰਾਂ ਆਮ ਆਦਮੀ ਪਾਰਟੀ ਦੀ ਅਗਲੀ ਸੂਚੀ ‘ਤੇ ਟਿਕੀਆਂ ਹੋਈਆਂ ਹਨ। ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਪਾਰਟੀ ਹੋਰ ਕਿਹੜੇ ਨਵੇਂ ਚਿਹਰਿਆਂ ਨੂੰ ਚੋਣ ਮੈਦਾਨ ਵਿੱਚ ਉਤਾਰਦੀ ਹੈ ਅਤੇ ਕਿਹੜੇ ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ‘ਤੇ ਫੈਸਲਾ ਲੈਂਦੀ ਹੈ।
