30 ਤੋਂ 40 ਵਿਅਕਤੀਆਂ ਨੇ ਦੁਕਾਨ ‘ਤੇ ਬੋਲਿਆ ਧਾਵਾ
ਮਿਲੀ ਜਾਣਕਾਰੀ ਅਨੁਸਾਰ, ਇਹ ਘਟਨਾ ਥਾਣਾ ਸਲੇਮ ਟਾਬਰੀ ਦੇ ਅਧੀਨ ਆਉਂਦੇ ਦਾਣਾ ਮੰਡੀ ਇਲਾਕੇ ਦੀ ਹੈ। ਇੱਥੇ ਪਟਾਕਾ ਮਾਰਕੀਟ ਵਿੱਚ ਦੁਕਾਨ ਨੰਬਰ 33 ‘ਤੇ ਕਾਰੋਬਾਰ ਕਰਨ ਵਾਲੇ ਪ੍ਰਦੀਪ ਪੱਪਾ ਵਾਸੀ ਜਨਕਪੁਰੀ ਨੇ ਦੱਸਿਆ ਕਿ 7 ਨਵੰਬਰ ਦੀ ਰਾਤ ਨੂੰ 30 ਤੋਂ 40 ਵਿਅਕਤੀ ਹਥਿਆਰ ਲੈ ਕੇ ਉਨ੍ਹਾਂ ਦੀ ਦੁਕਾਨ ‘ਤੇ ਪਹੁੰਚੇ।
ਦੋਸ਼ ਹੈ ਕਿ ਇਨ੍ਹਾਂ ਵਿਅਕਤੀਆਂ ਨੇ ਹਥਿਆਰਾਂ ਦੇ ਜ਼ੋਰ ‘ਤੇ ਦੁਕਾਨ ਵਿੱਚੋਂ ਪਟਾਕੇ ਕੱਢਣੇ ਸ਼ੁਰੂ ਕਰ ਦਿੱਤੇ। ਮੁਲਜ਼ਮ ਪਟਾਕਿਆਂ ਨੂੰ ਬੋਰੀਆਂ ਵਿੱਚ ਭਰ ਕੇ ਆਪਣੀਆਂ ਗੱਡੀਆਂ ਵਿੱਚ ਲੱਦਦੇ ਰਹੇ ਅਤੇ ਫਿਰ ਮੌਕੇ ਤੋਂ ਫ਼ਰਾਰ ਹੋ ਗਏ।
ਕਰੀਬ 20 ਲੱਖ ਰੁਪਏ ਦੇ ਪਟਾਕੇ ਲੁੱਟਣ ਦਾ ਦੋਸ਼
ਪਟਾਕਾ ਕਾਰੋਬਾਰੀ ਪ੍ਰਦੀਪ ਪੱਪਾ ਮੁਤਾਬਕ, ਲੁੱਟੇ ਗਏ ਪਟਾਕਿਆਂ ਦੀ ਕੀਮਤ ਕਰੀਬ 20 ਲੱਖ ਰੁਪਏ ਹੈ। ਇੰਨੀ ਵੱਡੀ ਮਾਤਰਾ ਵਿੱਚ ਪਟਾਕੇ ਲੁੱਟੇ ਜਾਣ ਕਾਰਨ ਕਾਰੋਬਾਰੀ ਨੂੰ ਭਾਰੀ ਆਰਥਿਕ ਨੁਕਸਾਨ ਹੋਇਆ ਹੈ।
ਪੁਲਸ ਕੋਲ ਪਹੁੰਚਿਆ ਮਾਮਲਾ
ਕਾਰੋਬਾਰੀ ਨੇ ਇਸ ਘਟਨਾ ਸਬੰਧੀ ਥਾਣਾ ਸਲੇਮ ਟਾਬਰੀ ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੂਰੇ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ।ਫਿਲਹਾਲ ਇਸ ਘਟਨਾ ਨੇ ਲੁਧਿਆਣਾ ਦੇ ਵਪਾਰੀਆਂ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ। ਹੁਣ ਦੇਖਣਾ ਹੋਵੇਗਾ ਕਿ ਪੁਲਸ ਵੱਲੋਂ ਇਸ ਮਾਮਲੇ ਵਿੱਚ ਕੀ ਕਾਰਵਾਈ ਕੀਤੀ ਜਾਂਦੀ ਹੈ ਅਤੇ ਲੁੱਟ ਦੀ ਇਸ ਵਾਰਦਾਤ ਵਿੱਚ ਸ਼ਾਮਲ ਲੋਕਾਂ ਦੀ ਪਛਾਣ ਕਦੋਂ ਹੁੰਦੀ ਹੈ।
