ਓਨਟਾਰੀਓ ਸੁਪੀਰੀਅਰ ਕੋਰਟ ਦੇ ਜਸਟਿਸ ਸਕਾਟ ਪ੍ਰੈਟ ਨੇ ਰਣਜੀਤ ਸਿੰਘ ਨੂੰ ਨਿਯੰਤਰਿਤ ਪਦਾਰਥ ਦੀ ਗੈਰ-ਕਾਨੂੰਨੀ ਦਰਾਮਦ ਅਤੇ ਤਸਕਰੀ ਦੇ ਉਦੇਸ਼ ਨਾਲ ਕੋਕੀਨ ਆਪਣੇ ਕਬਜ਼ੇ ਵਿੱਚ ਰੱਖਣ ਦੇ ਦੋਸ਼ਾਂ ਵਿੱਚ ਦੋਸ਼ੀ ਪਾਇਆ। ਇਹ ਫੈਸਲਾ ਜੂਨ ਮਹੀਨੇ ਸਾਰਨੀਆ ਵਿੱਚ ਹੋਈ ਤਿੰਨ ਹਫ਼ਤਿਆਂ ਦੀ ਸੁਣਵਾਈ ਤੋਂ ਬਾਅਦ ਆਇਆ ਹੈ।
ਬਲੂ ਵਾਟਰ ਬ੍ਰਿਜ ਰਾਹੀਂ ਕੈਨੇਡਾ ਲਿਆਂਦੀ ਗਈ ਸੀ ਕੋਕੀਨ
ਮਾਮਲੇ ਮੁਤਾਬਕ ਅਪ੍ਰੈਲ 2024 ਵਿੱਚ ਰਣਜੀਤ ਸਿੰਘ ਦੇ ਟਰੱਕ ਦੇ ਟ੍ਰੇਲਰ ਵਿੱਚੋਂ ਕਰੀਬ 40 ਕਿਲੋ ਕੋਕੀਨ ਬਰਾਮਦ ਕੀਤੀ ਗਈ ਸੀ। ਇਹ ਨਸ਼ੀਲਾ ਪਦਾਰਥ ਬਲੂ ਵਾਟਰ ਬ੍ਰਿਜ ਰਾਹੀਂ ਅਮਰੀਕਾ ਤੋਂ ਕੈਨੇਡਾ ਲਿਆਂਦਾ ਗਿਆ ਸੀ।
ਕਰਾਊਨ ਵੱਲੋਂ ਅਦਾਲਤ ਵਿੱਚ ਦਲੀਲ ਦਿੱਤੀ ਗਈ ਕਿ ਰਣਜੀਤ ਸਿੰਘ ਨੇ ਅਮਰੀਕਾ ਦੇ ਇਲੀਨੋਇਸ ਸੂਬੇ ਦੇ ਚੰਨਾਹੋਨ ਸਥਿਤ ਇੱਕ ਪਾਇਲਟ ਟ੍ਰੈਵਲ ਸੈਂਟਰ ਵਿੱਚ ਦੂਜੇ ਟਰੱਕ ਤੋਂ ਕੋਕੀਨ ਦੀਆਂ ਇੱਟਾਂ ਹਾਸਲ ਕੀਤੀਆਂ ਸਨ।
ਹੋਮ ਡਿਪੂ ਤੋਂ ਖਰੀਦੇ ਸਨ ਗੱਤੇ ਦੇ ਡੱਬੇ
ਕਰਾਊਨ ਦੇ ਕੇਸ ਮੁਤਾਬਕ, ਰਣਜੀਤ ਸਿੰਘ ਨੇ ਇਲੀਨੋਇਸ ਦੇ ਸ਼ੋਰਵੁੱਡ ਵਿੱਚ ਸਥਿਤ ਇੱਕ ਹੋਮ ਡਿਪੂ ਸਟੋਰ ਤੋਂ ਗੱਤੇ ਦੇ ਡੱਬੇ ਖਰੀਦੇ ਸਨ। ਇਸ ਤੋਂ ਬਾਅਦ ਉਸ ਨੇ ਕੋਕੀਨ ਨੂੰ ਇਨ੍ਹਾਂ ਡੱਬਿਆਂ ਵਿੱਚ ਪੈਕ ਕੀਤਾ ਅਤੇ ਮਿਸ਼ੀਗਨ ਦੇ ਲੈਂਸਿੰਗ ਵਿੱਚ ਸੈਂਡਰਸ ਰੋਡ ਸਥਿਤ ਇੱਕ ਯਾਰਡ ਵਿੱਚ ਆਪਣੇ ਟ੍ਰੇਲਰ ‘ਤੇ ਲੋਡ ਕੀਤਾ।
ਬਾਅਦ ਵਿੱਚ ਇਨ੍ਹਾਂ ਡੱਬਿਆਂ ਨੂੰ ਹੋਰ ਸਾਮਾਨ ਵਾਲੇ ਇੱਕ ਪੈਲੇਟ ਵਿੱਚ ਲੁਕਾ ਦਿੱਤਾ ਗਿਆ ਸੀ, ਤਾਂ ਜੋ ਜਾਂਚ ਦੌਰਾਨ ਨਸ਼ੀਲੇ ਪਦਾਰਥਾਂ ਦੀ ਪਛਾਣ ਨਾ ਹੋ ਸਕੇ।
ਰਣਜੀਤ ਸਿੰਘ ਨੇ ਅਦਾਲਤ ਵਿੱਚ ਦੋਸ਼ਾਂ ਤੋਂ ਕੀਤਾ ਇਨਕਾਰ
ਰਣਜੀਤ ਸਿੰਘ ਨੇ ਅਦਾਲਤ ਵਿੱਚ ਆਪਣੇ ਉੱਪਰ ਲੱਗੇ ਦੋਵਾਂ ਦੋਸ਼ਾਂ ਤੋਂ ਇਨਕਾਰ ਕੀਤਾ ਸੀ। ਉਸ ਦਾ ਕਹਿਣਾ ਸੀ ਕਿ ਭਾਵੇਂ ਕੋਕੀਨ ਉਸ ਦੇ ਟ੍ਰੇਲਰ ਵਿੱਚੋਂ ਮਿਲੀ ਸੀ, ਪਰ ਉਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਕਿ ਨਸ਼ੀਲੇ ਪਦਾਰਥ ਉੱਥੇ ਕਿਵੇਂ ਪਹੁੰਚੇ।ਉਸ ਨੇ ਗਵਾਹੀ ਦਿੰਦਿਆਂ ਦੱਸਿਆ ਕਿ ਉਸ ਦੀ ਕੰਪਨੀ ਦੇ ਮਾਲਕ ਨੇ ਉਸ ਨੂੰ ਹੋਮ ਡਿਪੂ ਤੋਂ ਡੱਬੇ ਖਰੀਦਣ ਅਤੇ ਮਿਸ਼ੀਗਨ ਦੇ ਯਾਰਡ ਵਿੱਚ ਇੱਕ ਹੋਰ ਟਰੱਕ ਕੋਲ ਛੱਡਣ ਲਈ ਕਿਹਾ ਸੀ।
ਉਸ ਨੇ ਇਹ ਵੀ ਦਾਅਵਾ ਕੀਤਾ ਕਿ ਯਾਰਡ ਵਿੱਚ ਉਸ ਨੇ ਇੱਕ ਅਣਪਛਾਤੇ ਵਿਅਕਤੀ ਨੂੰ ਦੇਖਿਆ ਸੀ। ਇਸ ਦੌਰਾਨ ਜਦੋਂ ਉਹ ਵਾਸ਼ਰੂਮ ਗਿਆ ਤਾਂ ਉਸ ਨੇ ਆਪਣਾ ਟਰੱਕ ਕਰੀਬ 10 ਤੋਂ 15 ਮਿੰਟਾਂ ਲਈ ਬਿਨਾਂ ਨਿਗਰਾਨੀ ਦੇ ਛੱਡ ਦਿੱਤਾ ਸੀ।
ਜੱਜ ਨੇ ਰਣਜੀਤ ਸਿੰਘ ਦੀਆਂ ਦਲੀਲਾਂ ਨਹੀਂ ਮੰਨੀਆਂ
ਅਦਾਲਤ ਨੇ ਕਰਾਊਨ ਵੱਲੋਂ ਪੇਸ਼ ਕੀਤੇ ਗਏ ਸਬੂਤਾਂ ਨੂੰ ਸਵੀਕਾਰ ਕਰਦਿਆਂ ਰਣਜੀਤ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ। ਜਸਟਿਸ ਸਕਾਟ ਪ੍ਰੈਟ ਨੇ ਕਿਹਾ ਕਿ ਉਹ ਰਣਜੀਤ ਸਿੰਘ ਦੇ ਬਿਆਨਾਂ ‘ਤੇ ਵਿਸ਼ਵਾਸ ਨਹੀਂ ਕਰਦੇ। ਜੱਜ ਨੇ ਉਸ ਦੀ ਗਵਾਹੀ ਵਿੱਚ ਕਈ ਕਮੀਆਂ ਵੱਲ ਵੀ ਇਸ਼ਾਰਾ ਕੀਤਾ।
ਅਦਾਲਤ ਨੇ ਕਿਹਾ ਕਿ ਸਬੂਤਾਂ ਦੇ ਆਧਾਰ ‘ਤੇ ਇਹ ਸਥਾਪਿਤ ਹੁੰਦਾ ਹੈ ਕਿ ਰਣਜੀਤ ਸਿੰਘ ਨੇ ਟ੍ਰੈਵਲ ਸੈਂਟਰ ਵਿੱਚ ਕਿਸੇ ਹੋਰ ਡਰਾਈਵਰ ਤੋਂ ਕੋਕੀਨ ਹਾਸਲ ਕੀਤੀ ਸੀ। ਜੱਜ ਮੁਤਾਬਕ ਕੋਕੀਨ ਹਾਸਲ ਕਰਨ ਦਾ ਸਹੀ ਸਮਾਂ ਨਿਰਧਾਰਤ ਕਰਨਾ ਜ਼ਰੂਰੀ ਨਹੀਂ ਸੀ, ਕਿਉਂਕਿ ਕੈਨੇਡਾ ਵਿੱਚ ਦਾਖ਼ਲ ਹੋਣ ਸਮੇਂ ਨਸ਼ੀਲਾ ਪਦਾਰਥ ਉਸ ਦੇ ਕਬਜ਼ੇ ਵਿੱਚ ਸੀ ਅਤੇ ਉਸ ਨੂੰ ਇਸ ਦੀ ਜਾਣਕਾਰੀ ਸੀ।
ਫਰਵਰੀ ਵਿੱਚ ਹੋਵੇਗੀ ਸਜ਼ਾ ਬਾਰੇ ਸੁਣਵਾਈ
ਰਣਜੀਤ ਸਿੰਘ ਨੂੰ ਮਈ 2024 ਦੇ ਸ਼ੁਰੂ ਵਿੱਚ 2 ਲੱਖ ਡਾਲਰ ਦੀ ਜ਼ਮਾਨਤ ‘ਤੇ ਰਿਹਾਅ ਕੀਤਾ ਗਿਆ ਸੀ। ਅਦਾਲਤ ਦੇ ਫੈਸਲੇ ਤੋਂ ਬਾਅਦ ਵੀ ਉਹ ਸਜ਼ਾ ਸੁਣਾਏ ਜਾਣ ਤੱਕ ਜ਼ਮਾਨਤ ‘ਤੇ ਬਾਹਰ ਰਹੇਗਾ।
ਮਾਮਲੇ ਵਿੱਚ ਸਜ਼ਾ ਤੈਅ ਕਰਨ ਲਈ ਸੁਣਵਾਈ ਫਰਵਰੀ ਮਹੀਨੇ ਵਿੱਚ ਰੱਖੀ ਗਈ ਹੈ। ਹੁਣ ਸਾਰਿਆਂ ਦੀ ਨਜ਼ਰ ਅਦਾਲਤ ਵੱਲੋਂ ਸੁਣਾਈ ਜਾਣ ਵਾਲੀ ਅੰਤਿਮ ਸਜ਼ਾ ‘ਤੇ ਹੈ।
