ਇਨ੍ਹਾਂ ਫੈਸਲਿਆਂ ਵਿੱਚ ਸਭ ਤੋਂ ਅਹਿਮ ਫੈਸਲਾ ਉਸਾਰੀ ਅਤੇ ਬੁਨਿਆਦੀ ਢਾਂਚੇ ਨਾਲ ਜੁੜੀ ਭਾਰੀ ਮਸ਼ੀਨਰੀ ਦੇ ਨਿਰਮਾਣ ਨੂੰ ਹੁਲਾਰਾ ਦੇਣ ਦਾ ਹੈ। ਇਸ ਯੋਜਨਾ ਤਹਿਤ ਭਾਰਤ ਵਿੱਚ ਹੀ ਕ੍ਰੇਨਾਂ, ਬੁਲਡੋਜ਼ਰਾਂ, ਖੁਦਾਈ ਕਰਨ ਵਾਲੀਆਂ ਮਸ਼ੀਨਾਂ ਅਤੇ ਸੁਰੰਗਾਂ ਪੁੱਟਣ ਵਾਲੀਆਂ ਆਧੁਨਿਕ ਮਸ਼ੀਨਾਂ ਦਾ ਉਤਪਾਦਨ ਵਧਾਇਆ ਜਾਵੇਗਾ। ਸਰਕਾਰ ਦਾ ਟੀਚਾ ਭਾਰਤ ਨੂੰ ਇਸ ਖੇਤਰ ਵਿੱਚ ਆਤਮਨਿਰਭਰ ਬਣਾਉਣ ਦੇ ਨਾਲ-ਨਾਲ ਵਿਸ਼ਵ ਪੱਧਰ ‘ਤੇ ਇੱਕ ਵੱਡਾ ਨਿਰਮਾਣ ਕੇਂਦਰ ਬਣਾਉਣਾ ਹੈ।
ਕੈਬਨਿਟ ਨੇ ਕਿਹੜੇ 5 ਵੱਡੇ ਫੈਸਲਿਆਂ ਨੂੰ ਦਿੱਤੀ ਮਨਜ਼ੂਰੀ?
ਸਰਕਾਰ ਵੱਲੋਂ ਮਨਜ਼ੂਰ ਕੀਤੀਆਂ ਪੰਜ ਪਹਿਲਕਦਮੀਆਂ ਵਿੱਚ ਸਭ ਤੋਂ ਵੱਡੀ ਰਕਮ ਉਸਾਰੀ ਮਸ਼ੀਨਰੀ ਦੇ ਘਰੇਲੂ ਨਿਰਮਾਣ ਨੂੰ ਉਤਸ਼ਾਹਿਤ ਕਰਨ ਲਈ ਰੱਖੀ ਗਈ ਹੈ।
-
11,000 ਕਰੋੜ ਰੁਪਏ: ਭਾਰੀ ਉਸਾਰੀ ਅਤੇ ਬੁਨਿਆਦੀ ਢਾਂਚੇ ਨਾਲ ਸਬੰਧਤ ਮਸ਼ੀਨਰੀ ਦੇ ਨਿਰਮਾਣ ਨੂੰ ਉਤਸ਼ਾਹਿਤ ਕਰਨਾ।
-
4,288 ਕਰੋੜ ਰੁਪਏ: ਤਾਮਿਲਨਾਡੂ ਦੇ ਕਾਮਰਾਜਰ ਬੰਦਰਗਾਹ ‘ਤੇ ਦੂਜੇ ਕੰਟੇਨਰ ਟਰਮੀਨਲ ਦਾ ਨਿਰਮਾਣ।
-
2,014 ਕਰੋੜ ਰੁਪਏ: ਅਸਾਮ ਦੇ ਸਿਲਚਰ ਨੇੜੇ ਡਾਲੂ ਵਿਖੇ ਨਵਾਂ ਗ੍ਰੀਨਫੀਲਡ ਹਵਾਈ ਅੱਡਾ ਵਿਕਸਿਤ ਕਰਨਾ।
-
1,141 ਕਰੋੜ ਰੁਪਏ: ਡਾਕ ਵਿਭਾਗ ਦੀ ਡਾਕ ਸੰਚਾਲਨ ਯੋਜਨਾ।
-
1,491 ਕਰੋੜ ਰੁਪਏ: ਡਾਕ ਵਿਭਾਗ ਦੀ ਸੰਪੱਤੀ ਪ੍ਰਬੰਧਨ ਯੋਜਨਾ।
ਚੀਨ ਤੋਂ ਦਰਾਮਦ ਘਟਾਉਣ ਲਈ ਸਰਕਾਰ ਦਾ ਵੱਡਾ ਕਦਮ
ਦਰਅਸਲ, ਭਾਰਤ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਵੱਡੀ ਮਾਤਰਾ ਵਿੱਚ ਆਧੁਨਿਕ ਮਸ਼ੀਨਰੀ ਦੀ ਲੋੜ ਪੈਂਦੀ ਹੈ। ਪਿਛਲੇ ਸਾਲ ਭਾਰਤ ਨੇ ਲਗਭਗ 97,500 ਕਰੋੜ ਰੁਪਏ ਦੀ ਮਸ਼ੀਨਰੀ ਦਾ ਨਿਰਮਾਣ ਕੀਤਾ ਸੀ, ਪਰ ਇਸ ਦੇ ਬਾਵਜੂਦ ਦੇਸ਼ ਦੀਆਂ ਕਰੀਬ 45 ਫੀਸਦੀ ਲੋੜਾਂ ਦਰਾਮਦ ਰਾਹੀਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ।
ਇਸ ਵਿੱਚ ਚੀਨ ਸਮੇਤ ਕਈ ਵਿਦੇਸ਼ੀ ਦੇਸ਼ਾਂ ਤੋਂ ਮਸ਼ੀਨਰੀ ਮੰਗਵਾਈ ਜਾਂਦੀ ਹੈ। ਅਜਿਹੇ ਵਿੱਚ ਸਰਕਾਰ ਦਾ ਮਕਸਦ ਵਿਦੇਸ਼ਾਂ ‘ਤੇ ਨਿਰਭਰਤਾ ਘਟਾ ਕੇ ਦੇਸ਼ ਦੇ ਅੰਦਰ ਹੀ ਆਧੁਨਿਕ ਮਸ਼ੀਨਾਂ ਅਤੇ ਉਨ੍ਹਾਂ ਦੇ ਪੁਰਜ਼ਿਆਂ ਦਾ ਨਿਰਮਾਣ ਕਰਨਾ ਹੈ।
ਇਨ੍ਹਾਂ 7 ਕਿਸਮਾਂ ਦੀਆਂ ਮਸ਼ੀਨਾਂ ਦਾ ਭਾਰਤ ਵਿੱਚ ਹੋਵੇਗਾ ਨਿਰਮਾਣ
ਇਸ ਯੋਜਨਾ ਤਹਿਤ ਮੁੱਖ ਤੌਰ ‘ਤੇ ਭਾਰੀ ਮਸ਼ੀਨਰੀ ਦੀਆਂ ਸੱਤ ਸ਼੍ਰੇਣੀਆਂ ਨੂੰ ਸ਼ਾਮਲ ਕੀਤਾ ਗਿਆ ਹੈ।
-
ਸੁਰੰਗਾਂ ਪੁੱਟਣ ਵਾਲੀਆਂ ਮਸ਼ੀਨਾਂ (Tunnel Boring Machines)
-
ਆਫ-ਹਾਈਵੇਅ ਟਰੱਕ
-
ਖੁਦਾਈ ਕਰਨ ਵਾਲੀਆਂ ਮਸ਼ੀਨਾਂ (Excavators)
-
ਕ੍ਰੇਨਾਂ (Cranes)
-
ਲੋਡਰ (Loaders)
-
ਪਾਈਲਿੰਗ ਰਿਗ (Piling Rigs)
-
ਡਰਿਲਿੰਗ ਮਸ਼ੀਨਾਂ (Drilling Machines)
ਇਨ੍ਹਾਂ ਮਸ਼ੀਨਾਂ ਦੇ ਨਾਲ-ਨਾਲ ਇੰਜਣ, ਟ੍ਰਾਂਸਮਿਸ਼ਨ, ਹਾਈਡ੍ਰੌਲਿਕ ਸਿਸਟਮ, ਅੰਡਰਕੈਰੇਜ ਅਤੇ ਡਰਾਈਵ ਸਿਸਟਮ ਵਰਗੇ ਪੰਜ ਅਹਿਮ ਪੁਰਜ਼ਿਆਂ ਦਾ ਉਤਪਾਦਨ ਵੀ ਭਾਰਤ ਵਿੱਚ ਹੀ ਵਧਾਇਆ ਜਾਵੇਗਾ।
ਕੰਪਨੀਆਂ ਨੂੰ ਮਿਲੇਗੀ ਵਿੱਤੀ ਮਦਦ
ਇਸ ਯੋਜਨਾ ਤਹਿਤ ਭਾਰਤ ਵਿੱਚ ਮਸ਼ੀਨਰੀ ਅਤੇ ਪੁਰਜ਼ਿਆਂ ਦਾ ਉਤਪਾਦਨ ਕਰਨ ਵਾਲੀਆਂ ਕੰਪਨੀਆਂ ਨੂੰ ਉਨ੍ਹਾਂ ਦੀ ਵਿਕਰੀ ਦੇ ਆਧਾਰ ‘ਤੇ ਵਿੱਤੀ ਪ੍ਰੋਤਸਾਹਨ ਦਿੱਤੇ ਜਾਣਗੇ। ਇਹ ਯੋਜਨਾ ਅੱਠ ਸਾਲਾਂ ਤੱਕ ਲਾਗੂ ਰਹੇਗੀ।ਇਸ ਤੋਂ ਇਲਾਵਾ, ਮਸ਼ੀਨਰੀ ਦੀ ਜਾਂਚ ਅਤੇ ਪ੍ਰਮਾਣੀਕਰਨ ਲਈ ਆਟੋਮੋਟਿਵ ਰਿਸਰਚ ਐਸੋਸੀਏਸ਼ਨ ਆਫ਼ ਇੰਡੀਆ (ARAI) ਵੱਲੋਂ ਇੱਕ ਵਿਸ਼ੇਸ਼ ਟੈਸਟਿੰਗ ਸੈਂਟਰ ਸਥਾਪਤ ਕੀਤਾ ਜਾਵੇਗਾ। ਇਸ ਲਈ 375 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਜਾਵੇਗੀ।
ਸਰਕਾਰ ਨੂੰ ਉਮੀਦ ਹੈ ਕਿ ਇਸ ਪਹਿਲਕਦਮੀ ਨਾਲ ਦੇਸ਼ ਵਿੱਚ ਲਗਭਗ 21,000 ਕਰੋੜ ਰੁਪਏ ਦਾ ਨਿਵੇਸ਼ ਆਵੇਗਾ। ਇਸ ਨਾਲ ਨਾ ਸਿਰਫ਼ ਭਾਰਤ ਦੀ ਉਦਯੋਗਿਕ ਸਮਰੱਥਾ ਵਧੇਗੀ, ਸਗੋਂ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣ ਅਤੇ ਭਾਰਤੀ ਮਸ਼ੀਨਰੀ ਨੂੰ ਕੌਮਾਂਤਰੀ ਬਾਜ਼ਾਰ ਵਿੱਚ ਪਛਾਣ ਮਿਲਣ ਦੀ ਵੀ ਉਮੀਦ ਹੈ।
