ਜਥੇ ਦੀਆਂ ਬੱਸਾਂ ਵਿੱਚੋਂ ਗਾਇਬ ਮਿਲੇ 3 ਸ਼ਰਧਾਲੂ
ਜਾਣਕਾਰੀ ਮੁਤਾਬਕ 22 ਨਵੰਬਰ ਨੂੰ ਭਾਰਤੀ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨਾਂ ਲਈ ਪਹੁੰਚਿਆ ਸੀ। ਗੁਰਪੁਰਬ ਸਮਾਗਮਾਂ ਤੋਂ ਬਾਅਦ ਜਦੋਂ ਸ਼ਰਧਾਲੂਆਂ ਨੇ ਸ੍ਰੀ ਨਨਕਾਣਾ ਸਾਹਿਬ ਤੋਂ ਸ੍ਰੀ ਪੰਜਾ ਸਾਹਿਬ ਜਾਣਾ ਸੀ ਤਾਂ ਬੱਸਾਂ ਵਿੱਚ ਜਾਂਚ ਦੌਰਾਨ 3 ਸ਼ਰਧਾਲੂ ਗਾਇਬ ਪਾਏ ਗਏ। ਇਸ ਤੋਂ ਬਾਅਦ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ।
ਜਲੰਧਰ, ਤਰਨਤਾਰਨ ਅਤੇ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ ਸ਼ਰਧਾਲੂ
ਲਾਪਤਾ ਹੋਏ ਤਿੰਨੋਂ ਸ਼ਰਧਾਲੂਆਂ ਦੀ ਪਛਾਣ ਸਾਹਮਣੇ ਆ ਗਈ ਹੈ। ਇਨ੍ਹਾਂ ਵਿੱਚ ਜਲੰਧਰ, ਤਰਨਤਾਰਨ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਦੇ ਵਸਨੀਕ ਸ਼ਾਮਲ ਹਨ।
-
ਬਿੱਕਰ ਸਿੰਘ ਪੁੱਤਰ ਗੁਰਦਾਸਰਾਮ, ਵਾਸੀ ਖੋਖੇਵਾਲ, ਫਿਲੌਰ, ਜਲੰਧਰ।
-
ਵਿਕਰਮਜੀਤ ਸਿੰਘ ਪੁੱਤਰ ਕੁੰਦਨ, ਵਾਸੀ ਗੁਰੂ ਨਾਨਕ ਕਾਲੋਨੀ, ਤਰਨਤਾਰਨ।
-
ਹਰਪ੍ਰੀਤ ਸਿੰਘ ਪੁੱਤਰ ਕਵਲਜੀਤ ਸਿੰਘ, ਵਾਸੀ ਸੁਲਤਾਨਵਿੰਡ, ਅੰਮ੍ਰਿਤਸਰ।
ਆਪਣੇ ਜੱਦੀ ਪਿੰਡਾਂ ਵਿੱਚ ਜਾਣ ਦਾ ਜਤਾਇਆ ਜਾ ਰਿਹਾ ਹੈ ਸ਼ੱਕ
ਮੁੱਢਲੀ ਜਾਣਕਾਰੀ ਮੁਤਾਬਕ ਇਹ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਤਿੰਨੋਂ ਸ਼ਰਧਾਲੂ ਪਾਕਿਸਤਾਨ ਵਿੱਚ ਸਥਿਤ ਆਪਣੇ ਜੱਦੀ ਪਿੰਡਾਂ ਨੂੰ ਦੇਖਣ ਲਈ ਚਲੇ ਗਏ ਹੋਣ। ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਵੀ ਇੱਕ ਜਥੇ ਵਿੱਚੋਂ ਬਜ਼ੁਰਗ ਸ਼ਰਧਾਲੂ ਇਸੇ ਤਰ੍ਹਾਂ ਆਪਣੇ ਪੁਰਾਣੇ ਪਿੰਡ ਚਲਾ ਗਿਆ ਸੀ ਅਤੇ ਭਾਰਤ ਵਾਪਸੀ ਵਾਲੇ ਦਿਨ ਮੁੜ ਜਥੇ ਨਾਲ ਮਿਲ ਗਿਆ ਸੀ।
ਹਾਲਾਂਕਿ, ਇਸ ਵਾਰ ਲਾਪਤਾ ਹੋਏ ਤਿੰਨੋਂ ਸ਼ਰਧਾਲੂਆਂ ਬਾਰੇ ਅਜੇ ਤੱਕ ਕੋਈ ਪੁਖ਼ਤਾ ਜਾਣਕਾਰੀ ਸਾਹਮਣੇ ਨਹੀਂ ਆਈ। ਇਹ ਵੀ ਸਪੱਸ਼ਟ ਨਹੀਂ ਹੋ ਸਕਿਆ ਕਿ ਉਹ ਆਪਣੀ ਮਰਜ਼ੀ ਨਾਲ ਜਥੇ ਤੋਂ ਵੱਖ ਹੋਏ ਹਨ ਜਾਂ ਉਨ੍ਹਾਂ ਦੇ ਲਾਪਤਾ ਹੋਣ ਪਿੱਛੇ ਕੋਈ ਹੋਰ ਕਾਰਨ ਹੈ।
ਪਹਿਲਾਂ ਵੀ ਸਾਹਮਣੇ ਆ ਚੁੱਕਾ ਹੈ ਅਜਿਹਾ ਮਾਮਲਾ
ਜ਼ਿਕਰਯੋਗ ਹੈ ਕਿ ਪਾਕਿਸਤਾਨ ਦੀ ਧਾਰਮਿਕ ਯਾਤਰਾ ਦੌਰਾਨ ਕਿਸੇ ਸ਼ਰਧਾਲੂ ਦੇ ਜਥੇ ਤੋਂ ਵੱਖ ਹੋਣ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਪਿਛਲੇ ਸਾਲ ਵੀ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਅਮਨੀਪੁਰ ਦੀ ਰਹਿਣ ਵਾਲੀ ਸਰਬਜੀਤ ਕੌਰ 4 ਨਵੰਬਰ 2025 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਗਈ ਸੀ, ਪਰ ਉਹ ਆਪਣੇ ਜਥੇ ਨਾਲ ਭਾਰਤ ਵਾਪਸ ਨਹੀਂ ਪਰਤੀ ਸੀ।
ਫਿਲਹਾਲ ਤਿੰਨੋਂ ਸਿੱਖ ਸ਼ਰਧਾਲੂਆਂ ਦੀ ਭਾਲ ਜਾਰੀ ਹੈ। ਇਸ ਘਟਨਾ ਨੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਲੈ ਕੇ ਮੁੜ ਸਵਾਲ ਖੜ੍ਹੇ ਕਰ ਦਿੱਤੇ ਹਨ।
