ਮਿਲੀ ਜਾਣਕਾਰੀ ਅਨੁਸਾਰ, ਪੱਛਮੀ ਬੰਗਾਲ ਦੇ ਜਲਪਾਈਗੁੜੀ ਜ਼ਿਲ੍ਹੇ ਦੇ ਤੇਲੀਪਾੜਾ ਪਿੰਡ ਵਿੱਚ ਸਥਿਤ ਬਿਸਲੇਰੀ ਦੇ ਪਲਾਂਟ ਤੋਂ ਪਾਣੀ ਦਾ ਕਾਨੂੰਨੀ ਨਮੂਨਾ ਇਕੱਠਾ ਕੀਤਾ ਗਿਆ ਸੀ। ਜਦੋਂ ਇਸ ਨਮੂਨੇ ਦੀ ਜਾਂਚ ਕੀਤੀ ਗਈ ਤਾਂ ਇਸ ਵਿੱਚ ਕੋਲੀਫਾਰਮ ਬੈਕਟੀਰੀਆ ਦੀ ਮੌਜੂਦਗੀ ਸਾਹਮਣੇ ਆਈ।ਖ਼ਾਸ ਗੱਲ ਇਹ ਹੈ ਕਿ ਸਿਰਫ਼ ਮੁੱਢਲੀ ਲੈਬਾਰਟਰੀ ਹੀ ਨਹੀਂ, ਸਗੋਂ ਰੈਫਰਲ ਲੈਬਾਰਟਰੀ ਨੇ ਵੀ ਜਾਂਚ ਦੌਰਾਨ ਬੈਕਟੀਰੀਆ ਦੀ ਮੌਜੂਦਗੀ ਦੀ ਪੁਸ਼ਟੀ ਕੀਤੀ। ਇਸ ਤੋਂ ਬਾਅਦ ਪਾਣੀ ਦੇ ਨਮੂਨੇ ਨੂੰ ਖਪਤ ਲਈ ਅਸੁਰੱਖਿਅਤ ਕਰਾਰ ਦਿੱਤਾ ਗਿਆ।
ਪਹਿਲਾਂ ਵੀ ਲੱਗ ਚੁੱਕੀ ਹੈ ਪਾਬੰਦੀ
ਦੱਸ ਦੇਈਏ ਕਿ ਇਸ ਤੋਂ ਪਹਿਲਾਂ 12 ਅਗਸਤ 2026 ਨੂੰ FSSAI ਵੱਲੋਂ ਕੰਪਨੀ ਦੇ ਇੱਕ ਬੈਚ ਦੀ ਵਿਕਰੀ ‘ਤੇ ਪਾਬੰਦੀ ਲਗਾਈ ਗਈ ਸੀ। ਜਾਂਚ ਦੌਰਾਨ ਨਮੂਨਾ ਨਿਰਧਾਰਤ ਬ੍ਰੋਮੇਟ ਸੀਮਾ ‘ਤੇ ਵੀ ਖਰਾ ਨਹੀਂ ਉਤਰਿਆ ਸੀ।ਕੰਪਨੀ ਵੱਲੋਂ ਅਪੀਲ ਕੀਤੇ ਜਾਣ ਤੋਂ ਬਾਅਦ ਨਮੂਨੇ ਨੂੰ ਰੈਫਰਲ ਫੂਡ ਲੈਬਾਰਟਰੀ ਵਿੱਚ ਭੇਜਿਆ ਗਿਆ। ਉੱਥੇ ਜਾਂਚ ਦੌਰਾਨ ਪੌਲੀਨਿਊਕਲੀਅਰ ਐਰੋਮੈਟਿਕ ਹਾਈਡ੍ਰੋਕਾਰਬਨ (PAHs) ਦੀ ਮੌਜੂਦਗੀ ਵੀ ਸਾਹਮਣੇ ਆਈ। ਇਸ ਤੋਂ ਬਾਅਦ FSSAI ਨੇ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਦੇ ਤਹਿਤ ਕੰਪਨੀ ਵਿਰੁੱਧ ਮੁਕੱਦਮਾ ਸ਼ੁਰੂ ਕਰਨ ਦੀ ਮਨਜ਼ੂਰੀ ਦੇ ਦਿੱਤੀ।
ਗੋਆ ਦੇ ਪਲਾਂਟ ਤੋਂ ਵੀ ਸਾਹਮਣੇ ਆਇਆ ਸੀ ਮਾਮਲਾ
ਬਿਸਲੇਰੀ ਲਈ ਮੁਸ਼ਕਲਾਂ ਸਿਰਫ਼ ਪੱਛਮੀ ਬੰਗਾਲ ਤੱਕ ਹੀ ਸੀਮਤ ਨਹੀਂ ਹਨ। ਇਸ ਤੋਂ ਪਹਿਲਾਂ ਗੋਆ ਦੇ ਇੱਕ ਪਲਾਂਟ ਤੋਂ ਲਏ ਗਏ ਪਾਣੀ ਦੇ ਨਮੂਨੇ ਦੀ ਜਾਂਚ ਵਿੱਚ ਅਸਫਲ ਰਹਿਣ ਤੋਂ ਬਾਅਦ ਵੀ ਕੰਪਨੀ ਖ਼ਿਲਾਫ਼ ਇਸੇ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਦਾ ਐਲਾਨ ਕੀਤਾ ਗਿਆ ਸੀ।ਇਸ ਸਾਲ FSSAI ਵੱਲੋਂ ਖਾਣ-ਪੀਣ ਵਾਲੀਆਂ ਵਸਤਾਂ ਬਣਾਉਣ ਵਾਲੀਆਂ ਕੰਪਨੀਆਂ ਅਤੇ ਈ-ਕਾਮਰਸ ਪਲੇਟਫਾਰਮਾਂ ਵਿਰੁੱਧ ਵੀ ਕਾਰਵਾਈ ਤੇਜ਼ ਕੀਤੀ ਗਈ ਹੈ।
ਕੰਪਨੀ ਨੇ ਕੀ ਦਿੱਤਾ ਜਵਾਬ?
ਦੂਜੇ ਪਾਸੇ, ਬਿਸਲੇਰੀ ਨੇ ਆਪਣੇ ਉਤਪਾਦਾਂ ਨੂੰ ਖਪਤ ਲਈ ਸੁਰੱਖਿਅਤ ਦੱਸਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਨੂੰ ਸੁਲਝਾਉਣ ਲਈ FSSAI ਨਾਲ ਪੂਰਾ ਸਹਿਯੋਗ ਕਰੇਗੀ।ਫਿਲਹਾਲ ਇਸ ਮਾਮਲੇ ਵਿੱਚ FSSAI ਦੀ ਕਾਨੂੰਨੀ ਕਾਰਵਾਈ ਤੋਂ ਬਾਅਦ ਬਿਸਲੇਰੀ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਜਾਂਚ ਅਤੇ ਕਾਨੂੰਨੀ ਪ੍ਰਕਿਰਿਆ ਦੌਰਾਨ ਕੀ ਨਵੇਂ ਤੱਥ ਸਾਹਮਣੇ ਆਉਂਦੇ ਹਨ।
