ਨਵੀਂ ਦਿੱਲੀ: ਦਿੱਲੀ ਦੇ ਜੰਤਰ-ਮੰਤਰ ‘ਤੇ 21 ਦਿਨਾਂ ਤੋਂ ਭੁੱਖ ਹੜਤਾਲ ‘ਤੇ ਬੈਠੇ ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਨੂੰ ਸ਼ਨੀਵਾਰ ਸਵੇਰੇ ਪੁਲਿਸ ਚੁੱਕ ਕੇ ਸਫ਼ਦਰਜੰਗ ਹਸਪਤਾਲ ਲੈ ਗਈ। ਹਸਪਤਾਲ ਪ੍ਰਸ਼ਾਸਨ ਵੱਲੋਂ ਜਾਰੀ ਮੈਡੀਕਲ ਬੁਲੇਟਿਨ ‘ਚ ਦੱਸਿਆ ਗਿਆ ਕਿ ਵਾਂਗਚੁਕ ਡੀਹਾਈਡ੍ਰੇਸ਼ਨ ਦਾ ਸ਼ਿਕਾਰ ਹਨ,ਇਸ ਦੇ ਬਾਬਜੂਦ ਵਾਂਗਚੁਕ ਨੇ ਦਵਾਈ ਲੈਣ ਤੋਂ ਇਨਕਾਰ ਕਰ ਦਿੱਤਾ।
ਭੁੱਖ ਹੜਤਾਲ ਨੇ ਸਿਹਤ ‘ਤੇ ਪਾਇਆ ਅਸਰ
ਹਸਪਤਾਲ ਦੀ ਰਿਪੋਰਟ ਦੇ ਮੁਤਾਬਕ,ਵਾਂਗਚੁਕ ਦੇ ਪੋਟਾਸ਼ੀਅਮ ਦਾ ਪੱਧਰ ਘੱਟ ਗਿਆ ਹੈ ਅਤੇ ਯੂਰੀਨ ਕੀਟੋਨ ਦਾ ਪੱਧਰ 3+ ਤੱਕ ਪਹੁੰਚ ਗਿਆ ਹੈ, ਜੋ ਲੰਬੇ ਸਮੇਂ ਤੱਕ ਭੁੱਖੇ ਰਹਿਣ ਦਾ ਸੰਕੇਤ ਮੰਨਿਆ ਜਾਂਦਾ ਹੈ।
21 ਦਿਨਾਂ ਦੀ ਭੁੱਖ ਹੜਤਾਲ, 9.5 ਕਿਲੋ ਵਜ਼ਨ ਘਟਿਆ
ਜ਼ਿਕਰਯੋਗ ਹੈ ਕਿ ਸੋਨਮ ਵਾਂਗਚੁਕ ਪੇਪਰ ਲੀਕ ਮਾਮਲੇ ਦੀ ਜਾਂਚ ਅਤੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ ਕਰ ਰਹੇ ਹਨ। ਲਗਾਤਾਰ ਅਨਸ਼ਨ ਕਾਰਨ ਉਨ੍ਹਾਂ ਦੀ ਸਿਹਤ ਵਿਗੜਦੀ ਜਾ ਰਹੀ ਹੈ ਅਤੇ ਉਨ੍ਹਾਂ ਦਾ ਕਰੀਬ 9.5 ਕਿਲੋ ਵਜ਼ਨ ਵੀ ਘਟ ਚੁੱਕਾ ਹੈ।
ਵਾਂਗਚੁਕ ਦੇ ਸਮਰਥਨ ‘ਚ ਦੀਪਕੇ ਦਾ ਅਨਸ਼ਨ
ਵਾਂਗਚੁਕ ਨੂੰ ਹਸਪਤਾਲ ਭੇਜੇ ਜਾਣ ਤੋਂ ਬਾਅਦ CJP (ਕਾਕਰੋਚ ਜਨਤਾ ਪਾਰਟੀ) ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਵੀ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਜਦੋਂ ਉਹ ਮੰਚ ਤੋਂ ਹੇਠਾਂ ਆ ਕੇ ਬੈਠੇ ਤਾਂ ਇੱਕ ਮਹਿਲਾ ਨੇ ਉਨ੍ਹਾਂ ‘ਤੇ ਸਿਆਹੀ ਸੁੱਟ ਦਿੱਤੀ। ਦੀਪਕੇ ਨੇ ਕਿਹਾ ਕਿ ਜਦ ਤੱਕ ਸੋਨਮ ਵਾਂਗਚੁਕ ਮੁੜ ਧਰਨਾ ਸਥਾਨ ‘ਤੇ ਨਹੀਂ ਆਉਂਦੇ, ਉਹ ਆਪਣੀ ਭੁੱਖ ਹੜਤਾਲ ਜਾਰੀ ਰੱਖਣਗੇ।