ਅਹਿਮਦਾਬਾਦ: ਗੁਜਰਾਤ ਦੇ ਅਹਿਮਦਾਬਾਦ ਤੋਂ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਵਸਤ੍ਰਾਲ ਇਲਾਕੇ ‘ਚ ਸ਼ਨੀਵਾਰ ਦੁਪਹਿਰ ਇੱਕ ਗੈਰ-ਕਾਨੂੰਨੀ ਪਟਾਕਾ ਫੈਕਟਰੀ ‘ਚ ਹੋਏ ਭਿਆਨਕ ਧਮਾਕੇ ਨੇ ਕੁਝ ਹੀ ਪਲਾਂ ‘ਚ ਖੁਸ਼ੀਆਂ ਨੂੰ ਮਾਤਮ ‘ਚ ਬਦਲ ਦਿੱਤਾ। ਧਮਾਕੇ ਤੋਂ ਬਾਅਦ ਲੱਗੀ ਅੱਗ ‘ਚ 9 ਲੋਕਾਂ ਦੀ ਜਾਨ ਚਲੀ ਗਈ, ਜਿਨ੍ਹਾਂ ‘ਚ 3 ਮਾਸੂਮ ਬੱਚੇ ਵੀ ਸ਼ਾਮਲ ਹਨ, ਜਦਕਿ 15 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ।
5 ਕਿਲੋਮੀਟਰ ਤੱਕ ਸੁਣਾਈ ਦਿੱਤਾ ਧਮਾਕਾ
ਦੱਸ ਦੇਈਏ ਕਿ ਹਾਦਸਾ ਰਾਮੋਲ-ਗਤਰਾਡ ਰੋਡ ‘ਤੇ ਮਹਮੂਦਪੁਰਾ ਨੇੜੇ ਕਰੀਬ ਦੁਪਹਿਰ 3:30 ਵਜੇ ਵਾਪਰਿਆ। ਧਮਾਕਾ ਇਨ੍ਹਾਂ ਭਿਆਨਕ ਸੀ ਕਿ ਧਮਾਕੇ ਦੀ ਗੂੰਜ ਕਰੀਬ 5 ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ। ਜਿਸ ਤੋਂ ਬਾਅਦ ਪੂਰੇ ਇਲਾਕੇ ‘ਚ ਹੜਕੰਪ ਮਚ ਗਿਆ ਅਤੇ ਲੋਕ ਘਰਾਂ ਤੋਂ ਬਾਹਰ ਨਿਕਲ ਆਏ।
ਧਮਾਕੇ ਤੋਂ ਕੁਝ ਹੀ ਮਿੰਟਾਂ ‘ਚ RAF ਨੇ ਸੰਭਾਲੀ ਕਮਾਨ
ਘਟਨਾ ਸਥਾਨ ਤੋਂ ਮਹਿਜ਼ ਇੱਕ ਕਿਲੋਮੀਟਰ ਦੂਰ ਰੈਪਿਡ ਐਕਸ਼ਨ ਫੋਰਸ (RAF) ਦਾ ਕੈਂਪ ਮੌਜੂਦ ਸੀ। ਜਿਵੇਂ ਹੀ ਭਿਆਨਕ ਧਮਾਕੇ ਦੀ ਗੂੰਜ ਸੁਣਾਈ ਦਿੱਤੀ, RAF ਦੇ ਜਵਾਨ ਬਿਨਾਂ ਦੇਰੀ ਕੀਤੇ ਮੌਕੇ ‘ਤੇ ਪਹੁੰਚ ਗਏ। ਉਨ੍ਹਾਂ ਨੇ ਫਾਇਰ ਬ੍ਰਿਗੇਡ ਨਾਲ ਮਿਲ ਕੇ ਤੁਰੰਤ ਰਾਹਤ ਅਤੇ ਬਚਾਅ ਮੁਹਿੰਮ ਸ਼ੁਰੂ ਕੀਤੀ ਅਤੇ ਮਲਬੇ ‘ਚ ਫਸੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਜੰਗੀ ਪੱਧਰ ‘ਤੇ ਕਾਰਵਾਈ ਕੀਤੀ।
ਫੈਕਟਰੀ ‘ਚ ਕੰਮ ਕਰ ਰਹੇ ਸਨ 25 ਲੋਕ,ਬੱਚੇ ਵੀ ਸਨ ਮੌਜੂਦ
ਹਾਦਸੇ ਵੇਲੇ ਫੈਕਟਰੀ ‘ਚ ਕਰੀਬ 25 ਮਜ਼ਦੂਰ ਕੰਮ ਕਰ ਰਹੇ ਸਨ। ਕੁਝ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਆਏ ਹੋਏ ਸਨ। ਧਮਾਕੇ ਤੋਂ ਬਾਅਦ ਪੂਰਾ ਇਲਾਕਾ ਧੂੰਏਂ ਅਤੇ ਅੱਗ ਦੀਆਂ ਲਪਟਾਂ ਨਾਲ ਘਿਰ ਗਿਆ। ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ।
ਲਾਇਸੈਂਸ ਰੱਦ… ਫਿਰ ਵੀ ਚੱਲ ਰਹੀ ਸੀ ਫੈਕਟਰੀ!
ਪੁਲਿਸ ਜਾਂਚ ‘ਚ ਸਾਹਮਣੇ ਆਇਆ ਹੈ ਕਿ ਇਸ ਪਟਾਕਾ ਫੈਕਟਰੀ ਦਾ ਲਾਇਸੈਂਸ ਪਹਿਲਾਂ ਹੀ ਰੱਦ ਕੀਤਾ ਜਾ ਚੁੱਕਾ ਸੀ, ਫਿਰ ਵੀ ਇੱਥੇ ਗੈਰ-ਕਾਨੂੰਨੀ ਤਰੀਕੇ ਨਾਲ ਪਟਾਕੇ ਬਣਾਏ ਜਾ ਰਹੇ ਸਨ। ਪੁਲਿਸ ਨੇ ਫੈਕਟਰੀ ਦੇ ਮਾਲਕ ਮੇਹੁਲ ਡੋਡੀਆ ਨੂੰ ਹਿਰਾਸਤ ‘ਚ ਲੈ ਲਿਆ ਹੈ। ਹਾਦਸੇ ‘ਚ ਉਸ ਦੀ ਮਾਂ ਵੀ ਜ਼ਖ਼ਮੀ ਹੋਈ ਹੈ।
ਸੁਰੱਖਿਆ ਪ੍ਰਬੰਧਾਂ ‘ਤੇ ਵੱਡੇ ਸਵਾਲ
ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ RAF ਕੈਂਪ ਦੇ ਨੇੜੇ ਵਿਸਫੋਟਕ ਸਮੱਗਰੀ ਨਾਲ ਭਰੀ ਗੈਰ-ਕਾਨੂੰਨੀ ਫੈਕਟਰੀ ਕਿਵੇਂ ਚੱਲਦੀ ਰਹੀ? ਨਿਯਮਾਂ ਮੁਤਾਬਕ ਅਜਿਹੀਆਂ ਗਤੀਵਿਧੀਆਂ ਸੁਰੱਖਿਆ ਬਲਾਂ ਦੇ ਕੈਂਪਾਂ ਦੇ ਨੇੜੇ ਪੂਰੀ ਤਰ੍ਹਾਂ ਮਨਾਹੀ ਹਨ। ਇਹ ਲਾਪਰਵਾਹੀ ਹੁਣ ਪ੍ਰਸ਼ਾਸਨ ‘ਤੇ ਗੰਭੀਰ ਸਵਾਲ ਖੜ੍ਹੇ ਕਰ ਰਹੀ ਹੈ।
PM ਮੋਦੀ ਤੇ ਗੁਜਰਾਤ ਸਰਕਾਰ ਨੇ ਕੀਤਾ ਮੁਆਵਜ਼ੇ ਦਾ ਐਲਾਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ ‘ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50 ਹਜ਼ਾਰ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।
ਇਸ ਦੇ ਨਾਲ ਹੀ ਗੁਜਰਾਤ ਸਰਕਾਰ ਨੇ ਵੀ ਮ੍ਰਿਤਕਾਂ ਦੇ ਪਰਿਵਾਰਾਂ ਨੂੰ 4 ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50 ਹਜ਼ਾਰ ਰੁਪਏ ਦੀ ਵਿੱਤੀ ਮਦਦ ਦੇਣ ਦੀ ਘੋਸ਼ਣਾ ਕੀਤੀ ਹੈ।