Punjab Weather: ਪੰਜਾਬ ਅਤੇ ਚੰਡੀਗੜ੍ਹ ਦੇ ਲੋਕਾਂ ਲਈ ਰਾਹਤ ਦੀ ਖ਼ਬਰ ਹੈ। ਪਿਛਲੇ ਕਈ ਦਿਨਾਂ ਤੋਂ ਪੈ ਰਹੀ ਭਾਰੀ ਉਮਸ ਅਤੇ ਤਪਦੀ ਗਰਮੀ ਤੋਂ ਹੁਣ ਛੁਟਕਾਰਾ ਮਿਲ ਸਕਦਾ ਹੈ। ਭਾਰਤੀ ਮੌਸਮ ਵਿਭਾਗ (IMD) ਨੇ 20 ਤੋਂ 22 ਜੁਲਾਈ ਤੱਕ ਪੰਜਾਬ ਅਤੇ ਚੰਡੀਗੜ੍ਹ ਵਿੱਚ ਮੀਂਹ ਦੀ ਸੰਭਾਵਨਾ ਜਤਾਉਂਦਿਆਂ ਯੈਲੋ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਸ ਦੌਰਾਨ ਕਈ ਇਲਾਕਿਆਂ ਵਿੱਚ ਗਰਜ-ਚਮਕ ਨਾਲ ਮੀਂਹ ਪੈ ਸਕਦਾ ਹੈ, ਜਿਸ ਨਾਲ ਤਾਪਮਾਨ ਵਿੱਚ ਗਿਰਾਵਟ ਆਉਣ ਅਤੇ ਉਮਸ ਤੋਂ ਰਾਹਤ ਮਿਲਣ ਦੀ ਉਮੀਦ ਹੈ। ਹਾਲਾਂਕਿ 18 ਅਤੇ 19 ਜੁਲਾਈ ਨੂੰ ਗਰਮੀ ਅਤੇ ਉਮਸ ਦਾ ਅਸਰ ਜਾਰੀ ਰਹਿਣ ਦੀ ਸੰਭਾਵਨਾ ਹੈ।ਪਿਛਲੇ 24 ਘੰਟਿਆਂ ਦੌਰਾਨ ਚੰਡੀਗੜ੍ਹ ’ਚ ਮੀਂਹ ਨਾ ਪੈਣ ਕਾਰਨ ਉਮਸ ’ਚ ਹੋਰ ਵਾਧਾ ਹੋਇਆ। ਸ਼ਹਿਰ ਦਾ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 37.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 4.5 ਡਿਗਰੀ ਵੱਧ ਰਿਹਾ।
ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 41.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਗਰਮੀ ਦੀ ਤੀਬਰਤਾ ਨੂੰ ਦਰਸਾਉਂਦਾ ਹੈ। ਉੱਥੇ ਹੀ ਪੰਜਾਬ ਦਾ ਔਸਤ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 3.3 ਡਿਗਰੀ ਸੈਲਸੀਅਸ ਵੱਧ ਰਿਹਾ। ਦੂਜੇ ਪਾਸੇ, ਸਭ ਤੋਂ ਘੱਟ ਘੱਟੋ-ਘੱਟ ਤਾਪਮਾਨ ਹੁਸ਼ਿਆਰਪੁਰ ਵਿੱਚ 26.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਮੌਸਮ ਵਿਭਾਗ ਨੂੰ ਉਮੀਦ ਹੈ ਕਿ 20 ਜੁਲਾਈ ਤੋਂ ਮੀਂਹ ਦੀ ਸਰਗਰਮੀ ਵਧਣ ਨਾਲ ਲੋਕਾਂ ਨੂੰ ਇਸ ਉਮਸ ਭਰੀ ਗਰਮੀ ਤੋਂ ਰਾਹਤ ਮਿਲ ਸਕਦੀ ਹੈ।
20 ਜੁਲਾਈ ਤੋਂ ਮੌਸਮ ਪੂਰੀ ਤਰ੍ਹਾਂ ਕਰਵਟ ਲੈ ਸਕਦਾ ਹੈ। ਮੌਸਮ ਵਿਭਾਗ ਅਨੁਸਾਰ ਇਸ ਦਿਨ ਤੋਂ ਗਰਜ-ਚਮਕ ਦੇ ਨਾਲ ਮੀਂਹ ਦੀ ਸਰਗਰਮੀ ਵਧੇਗੀ, ਜਦਕਿ 21 ਜੁਲਾਈ ਨੂੰ ਪੰਜਾਬ ਅਤੇ ਚੰਡੀਗੜ੍ਹ ਦੇ ਕਈ ਇਲਾਕਿਆਂ ਵਿੱਚ ਝਮਾਝਮ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਕਾਰਨ ਵੱਧ ਤੋਂ ਵੱਧ ਤਾਪਮਾਨ ਵਿੱਚ ਵੱਡੀ ਗਿਰਾਵਟ ਆ ਸਕਦੀ ਹੈ ਅਤੇ ਇਹ ਕਰੀਬ 30 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ। 22 ਜੁਲਾਈ ਨੂੰ ਵੀ ਬੱਦਲ ਛਾਏ ਰਹਿਣ ਅਤੇ ਹਲਕੇ ਤੋਂ ਦਰਮਿਆਨੇ ਮੀਂਹ ਦਾ ਦੌਰ ਜਾਰੀ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਲੋਕਾਂ ਨੂੰ ਤਾਜ਼ਾ ਅਪਡੇਟ ‘ਤੇ ਨਜ਼ਰ ਰੱਖਣ ਅਤੇ ਖਰਾਬ ਮੌਸਮ ਦੌਰਾਨ ਲੋੜੀਂਦੀਆਂ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਹੈ।