ਜਲੰਧਰ : ਚਿਰਾਗ ਪਾਸਵਾਨ ਨੇ ਜ਼ਖਮੀ ਕੁੜੀ ਦੀ ਮਦਦ ਕਰਦਿਆਂ ਮਨੁੱਖਤਾ ਦੀ ਮਿਸਾਲ ਪੇਸ਼ ਕੀਤੀ। ਕੇਂਦਰੀ ਮੰਤਰੀ ਅਤੇ ਲੋਕ ਜਨਸ਼ਕਤੀ ਪਾਰਟੀ (ਰਾਮਵਿਲਾਸ) ਦੇ ਰਾਸ਼ਟਰੀ ਪ੍ਰਧਾਨ ਚਿਰਾਗ ਪਾਸਵਾਨ ਨੇ ਜਲੰਧਰ ਦੇ ਡੇਰਾ ਸਚਖੰਡ ਬੱਲਾਂ ਵਿਖੇ ਜਾਂਦੇ ਸਮੇਂ ਸੜਕ ਹਾਦਸੇ ਵਿੱਚ ਜ਼ਖਮੀ ਹੋਈ ਇੱਕ ਕੁੜੀ ਨੂੰ ਦੇਖ ਕੇ ਤੁਰੰਤ ਆਪਣਾ ਕਾਫਲਾ ਰੁਕਵਾਇਆ ਅਤੇ ਉਸ ਨੂੰ ਆਪਣੀ ਗੱਡੀ ਰਾਹੀਂ ਹਸਪਤਾਲ ਭੇਜ ਦਿੱਤਾ।
ਮਿਲੀ ਜਾਣਕਾਰੀ ਅਨੁਸਾਰ, ਚਿਰਾਗ ਪਾਸਵਾਨ ਨੇ ਮੌਕੇ ਦੀ ਗੰਭੀਰਤਾ ਨੂੰ ਸਮਝਦਿਆਂ ਬਿਨਾਂ ਦੇਰੀ ਕੀਤੇ ਜ਼ਖਮੀ ਕੁੜੀ ਦੀ ਮਦਦ ਲਈ ਅੱਗੇ ਆਏ। ਉਨ੍ਹਾਂ ਨੇ ਆਪਣੇ ਸੁਰੱਖਿਆ ਕਰਮਚਾਰੀਆਂ ਅਤੇ ਸਾਥੀਆਂ ਨੂੰ ਤੁਰੰਤ ਰਾਹਤ ਕਾਰਜ ਸ਼ੁਰੂ ਕਰਨ ਲਈ ਕਿਹਾ ਅਤੇ ਕੁੜੀ ਨੂੰ ਆਪਣੀ ਹੀ ਗੱਡੀ ਰਾਹੀਂ ਨੇੜਲੇ ਹਸਪਤਾਲ ਭੇਜਣ ਦਾ ਪ੍ਰਬੰਧ ਕੀਤਾ, ਤਾਂ ਜੋ ਉਸ ਦਾ ਇਲਾਜ ਸਮੇਂ ਸਿਰ ਹੋ ਸਕੇ।
ਜ਼ਿਕਰਯੋਗ ਹੈ ਕਿ ਚਿਰਾਗ ਪਾਸਵਾਨ ਪੰਜਾਬ ਦੌਰੇ ਦੌਰਾਨ ਜਲੰਧਰ ਸਥਿਤ ਡੇਰਾ ਸਚਖੰਡ ਬੱਲਾਂ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਨੇ ਸੰਤ ਨਿਰੰਜਨ ਦਾਸ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।ਇਸ ਮੌਕੇ ਚਿਰਾਗ ਪਾਸਵਾਨ ਨੇ ਆਪਣੇ ਪਿਤਾ ਸਵਰਗੀ ਰਾਮਵਿਲਾਸ ਪਾਸਵਾਨ ਦੇ ਸੁਪਨੇ ਨੂੰ ਪੂਰਾ ਕਰਨ ਲਈ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ‘ਤੇ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਚੋਣ ਲੜਨ ਦੀ ਤਿਆਰੀ ਦਾ ਵੀ ਸੰਕੇਤ ਦਿੱਤਾ।
ਚਿਰਾਗ ਪਾਸਵਾਨ ਦੇ ਇਸ ਮਨੁੱਖੀ ਅਤੇ ਸੰਵੇਦਨਸ਼ੀਲ ਕਦਮ ਦੀ ਸਥਾਨਕ ਲੋਕਾਂ ਵੱਲੋਂ ਕਾਫ਼ੀ ਸਰਾਹਨਾ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ ‘ਤੇ ਵੀ ਉਨ੍ਹਾਂ ਦੇ ਇਸ ਵਿਵਹਾਰ ਦੀ ਚਰਚਾ ਹੋ ਰਹੀ ਹੈ ਅਤੇ ਲੋਕ ਇਸ ਨੂੰ ਇੱਕ ਜ਼ਿੰਮੇਵਾਰ ਜਨ ਪ੍ਰਤੀਨਿਧੀ ਦੀ ਮਿਸਾਲ ਵਜੋਂ ਦੇਖ ਰਹੇ ਹਨ।