ਪਟਿਆਲਾ: ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਘਨੌਰ ਇਲਾਕੇ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਨੌਜਵਾਨ ‘ਤੇ ਦਿਨ-ਦਿਹਾੜੇ ਚਾਕੂ ਨਾਲ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਗੰਭੀਰ ਰੂਪ ਵਿੱਚ ਜ਼ਖ਼ਮੀ ਹੋਣ ਦੇ ਬਾਵਜੂਦ ਨੌਜਵਾਨ ਨੇ ਹਿੰਮਤ ਨਹੀਂ ਹਾਰੀ ਅਤੇ ਕਰੀਬ 35 ਤੋਂ 37 ਕਿਲੋਮੀਟਰ ਤੱਕ ਮੋਟਰਸਾਈਕਲ ਚਲਾ ਕੇ ਖੁਦ ਹਸਪਤਾਲ ਪਹੁੰਚਿਆ, ਜਿੱਥੇ ਉਸ ਦਾ ਤੁਰੰਤ ਇਲਾਜ ਸ਼ੁਰੂ ਕੀਤਾ ਗਿਆ।
ਪੀੜਤ ਹੁਸਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਆਪਣੀ ਭੈਣ ਨੂੰ ਘਰ ਛੱਡ ਕੇ ਮੋਟਰਸਾਈਕਲ ‘ਤੇ ਵਾਪਸ ਆ ਰਿਹਾ ਸੀ। ਇਸ ਦੌਰਾਨ ਇੱਕ ਤੇਜ਼ ਰਫ਼ਤਾਰ ਕਾਰ ਨੇ ਉਸ ਦੇ ਮੋਟਰਸਾਈਕਲ ਦੇ ਬਿਲਕੁਲ ਨੇੜੇ ਤੋਂ ਲਾਪਰਵਾਹੀ ਨਾਲ ਕੱਟ ਮਾਰਿਆ। ਜਦੋਂ ਉਸ ਨੇ ਕਾਰ ਚਾਲਕ ਨੂੰ ਸਾਵਧਾਨੀ ਨਾਲ ਗੱਡੀ ਚਲਾਉਣ ਲਈ ਕਿਹਾ ਤਾਂ ਕਾਰ ਸਵਾਰਾਂ ਨੇ ਗੱਡੀ ਵਾਪਸ ਮੋੜ ਲਈ।ਹੁਸਨਪ੍ਰੀਤ ਮੁਤਾਬਕ, ਕਾਰ ਵਿੱਚੋਂ ਤਿੰਨ ਵਿਅਕਤੀ ਬਾਹਰ ਨਿਕਲੇ ਅਤੇ ਬਿਨਾਂ ਕਿਸੇ ਗੱਲਬਾਤ ਦੇ ਉਸ ਨਾਲ ਝਗੜਾ ਕਰਨ ਲੱਗ ਪਏ। ਇਸ ਦੌਰਾਨ ਇੱਕ ਹਮਲਾਵਰ ਨੇ ਚਾਕੂ ਨਾਲ ਉਸ ‘ਤੇ ਕਈ ਵਾਰ ਹਮਲਾ ਕਰ ਦਿੱਤਾ। ਹਮਲੇ ਕਾਰਨ ਉਸ ਦੇ ਸਰੀਰ ‘ਤੇ ਗੰਭੀਰ ਸੱਟਾਂ ਲੱਗੀਆਂ ਅਤੇ ਬਾਅਦ ਵਿੱਚ ਉਸ ਦਾ ਆਪਰੇਸ਼ਨ ਕਰਨਾ ਪਿਆ।
ਪੀੜਤ ਨੇ ਦੋਸ਼ ਲਗਾਇਆ ਕਿ ਘਟਨਾ ਨੂੰ 9 ਤੋਂ 10 ਦਿਨ ਤੋਂ ਵੱਧ ਸਮਾਂ ਬੀਤ ਚੁੱਕਾ ਹੈ। ਉਸ ਨੇ ਹਮਲਾਵਰਾਂ ਦੀ ਕਾਰ ਦੀ ਤਸਵੀਰ, ਨੰਬਰ ਅਤੇ ਹੋਰ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਹੈ। ਕਥਿਤ ਦੋਸ਼ੀਆਂ ਦੀ ਪਛਾਣ ਵੀ ਹੋ ਚੁੱਕੀ ਹੈ, ਪਰ ਹੁਣ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ।
ਇਸ ਮਾਮਲੇ ਸਬੰਧੀ ਥਾਣਾ ਘਨੌਰ ਦੇ ਐਸਐਚਓ ਗੁਰਮੁਖ ਸਿੰਘ ਨੇ ਦੱਸਿਆ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ਦਾ ਨੋਟਿਸ ਲੈਂਦਿਆਂ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੀੜਤ ਦੇ ਬਿਆਨਾਂ ਦੇ ਆਧਾਰ ‘ਤੇ ਐਫਆਈਆਰ ਨੰਬਰ 64 ਮਿਤੀ 12 ਜੁਲਾਈ 2026 ਵੱਖ-ਵੱਖ ਧਾਰਾਵਾਂ ਤਹਿਤ ਦਰਜ ਕੀਤੀ ਜਾ ਚੁੱਕੀ ਹੈ। ਪੁਲਿਸ ਨੇ ਵਾਹਨ ਅਤੇ ਕਥਿਤ ਦੋਸ਼ੀਆਂ ਬਾਰੇ ਲੋੜੀਂਦੀ ਜਾਣਕਾਰੀ ਇਕੱਠੀ ਕਰ ਲਈ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।