ਮਹਿਲਾ ਪੁਲਿਸ ਮੁਲਾਜ਼ਮ ਨੂੰ ਧੱਕਾ ਦੇਣ ਦੇ ਦੋਸ਼ਾਂ ‘ਚ ਘਿਰੀ ਮਮਤਾ ਬੈਨਰਜੀ
ਕੋਲਕਾਤਾ: ਪੱਛਮੀ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਇੱਕ ਨਵੇਂ ਸਿਆਸੀ ਵਿਵਾਦ ਵਿੱਚ ਘਿਰ ਗਈਆਂ ਹਨ। NEET ਪੇਪਰ ਲੀਕ ਦੇ ਵਿਰੋਧ ਵਿੱਚ ਪ੍ਰਸਤਾਵਿਤ ਮਾਰਚ ਦੌਰਾਨ ਪਦਮਪੁਕੁਰ ਇਲਾਕੇ ਵਿੱਚ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਤਣਾਅ ਬਣ ਗਿਆ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋਇਆ, ਜਿਸ ਵਿੱਚ ਮਮਤਾ ਬੈਨਰਜੀ ਨੂੰ ਇੱਕ ਮਹਿਲਾ ਪੁਲਿਸ ਮੁਲਾਜ਼ਮ ਨਾਲ ਧੱਕਾ-ਮੁੱਕੀ ਕਰਦੇ ਹੋਏ ਦਿਖਾਇਆ ਗਿਆ। ਹਾਲਾਂਕਿ, ਇਸ ਵੀਡੀਓ ਦੀ ਸੁਤੰਤਰ ਤੌਰ ‘ਤੇ ਪੁਸ਼ਟੀ ਨਹੀਂ ਹੋ ਸਕੀ ਹੈ।
ਹਾਈ ਕੋਰਟ ਨੇ ਮਾਰਚ ਦੀ ਇਜਾਜ਼ਤ ਦੇਣ ਤੋਂ ਕੀਤਾ ਇਨਕਾਰ
ਤ੍ਰਿਣਮੂਲ ਛਾਤਰ ਪਰਿਸ਼ਦ (TMCP) ਨੇ ਪਦਮਪੁਕੁਰ ਤੋਂ ਮੌਲਾਲੀ ਤੱਕ ਮਾਰਚ ਕੱਢਣ ਦੀ ਯੋਜਨਾ ਬਣਾਈ ਸੀ। ਪਾਰਟੀ ਦਾ ਦਾਅਵਾ ਹੈ ਕਿ ਕੋਲਕਾਤਾ ਪੁਲਿਸ ਨੇ ਪਹਿਲਾਂ ਮਨਜ਼ੂਰੀ ਦਿੱਤੀ ਸੀ। ਪਰ ਬਾਅਦ ਵਿੱਚ ਇਹ ਮਨਜ਼ੂਰੀ ਰੱਦ ਕਰ ਦਿੱਤੀ ਗਈ। ਮਾਮਲਾ ਕਲਕੱਤਾ ਹਾਈ ਕੋਰਟ ਤੱਕ ਪਹੁੰਚਿਆ, ਪਰ ਅਦਾਲਤ ਨੇ ਵੀ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ।
ਪੁਲਿਸ ਨੇ ਸਮਰਥਕਾਂ ਨੂੰ ਹਟਾਇਆ, ਕਈ ਆਗੂ ਹਿਰਾਸਤ ‘ਚ
ਅਦਾਲਤੀ ਹੁਕਮ ਤੋਂ ਬਾਅਦ ਪੁਲਿਸ ਨੇ ਪਦਮਪੁਕੁਰ ਵਿੱਚ ਇਕੱਠੇ ਹੋਏ ਸਮਰਥਕਾਂ ਨੂੰ ਹਟਾਉਣਾ ਸ਼ੁਰੂ ਕੀਤਾ। ਇਸ ਕਾਰਨ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਧੱਕਾ-ਮੁੱਕੀ ਹੋਈ। ਇਸ ਦੌਰਾਨ ਟੀਐੱਮਸੀ ਦੇ ਸੀਨੀਅਰ ਆਗੂ ਕੁਣਾਲ ਘੋਸ਼, ਬੈਸ਼ਵਾਨਰ ਚੈਟਰਜੀ ਅਤੇ ਕਈ ਹੋਰ ਸਮਰਥਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ।
ਮਮਤਾ ਬੈਨਰਜੀ ਨੇ ਪੁਲਿਸ ‘ਤੇ ਲਗਾਏ ਦੋਸ਼
ਆਗੂਆਂ ਦੀ ਹਿਰਾਸਤ ਦੀ ਜਾਣਕਾਰੀ ਮਿਲਣ ਤੋਂ ਬਾਅਦ ਮਮਤਾ ਬੈਨਰਜੀ, ਸੀਨੀਅਰ ਆਗੂ ਡੇਰਿਕ ਓ’ਬ੍ਰਾਇਨ ਨਾਲ ਮੌਕੇ ‘ਤੇ ਪਹੁੰਚੀਆਂ। ਉੱਥੇ ਉਨ੍ਹਾਂ ਨੇ ਪੁਲਿਸ ਅਧਿਕਾਰੀਆਂ ਨਾਲ ਤਿੱਖੀ ਬਹਿਸ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਦੋਸ਼ ਲਗਾਇਆ ਕਿ ਪੁਲਿਸ ਨੇ ਉਨ੍ਹਾਂ ਨਾਲ ਵੀ ਧੱਕਾ-ਮੁੱਕੀ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਵਿਦਿਆਰਥੀਆਂ ਦੇ ਸਮਰਥਨ ਲਈ ਪਹੁੰਚੀਆਂ ਸਨ। ਇਸ ਤੋਂ ਇਲਾਵਾ, ਉਨ੍ਹਾਂ ਨੇ ਦਾਅਵਾ ਕੀਤਾ ਕਿ ਕਈ ਵਿਧਾਇਕਾਂ ਅਤੇ ਆਗੂਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਦਕਿ ਸਾਊਂਡ ਸਿਸਟਮ ਦੀਆਂ ਤਾਰਾਂ ਵੀ ਕੱਟ ਦਿੱਤੀਆਂ ਗਈਆਂ।
ਵੀਡੀਓ ਵਾਇਰਲ, ਸਿਆਸਤ ਗਰਮ
ਇਸ ਵਿਚਕਾਰ ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ਨੇ ਸਿਆਸੀ ਚਰਚਾ ਤੇਜ਼ ਕਰ ਦਿੱਤੀ। ਜਿਸ ਵਿੱਚ ਮਮਤਾ ਬੈਨਰਜੀ ਨੂੰ ਇੱਕ ਮਹਿਲਾ ਪੁਲਿਸ ਮੁਲਾਜ਼ਮ ਨੂੰ ਧੱਕਾ ਦਿੰਦੇ ਹੋਏ ਦਿਖਾਇਆ ਜਾ ਰਿਹਾ ਹੈ।ਹਾਲਾਂਕਿ, ਇਸ ਵੀਡੀਓ ਦੀ ਸੁਤੰਤਰ ਤੌਰ ‘ਤੇ ਪੁਸ਼ਟੀ ਨਹੀਂ ਹੋਈ ਹੈ। ਬਾਅਦ ਵਿੱਚ ਮਮਤਾ ਬੈਨਰਜੀ ਸਕੂਟਰ ਦੇ ਪਿੱਛੇ ਬੈਠ ਕੇ ਆਪਣੇ ਨਿਵਾਸ ਸਥਾਨ ਲਈ ਰਵਾਨਾ ਹੋ ਗਈਆਂ।